ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ‘ਅਨਰੇਵੇਲਿੰਗ ਜਰਨਲਿਜ਼ਮ: ਦ ਪ੍ਰੋਸੈਸ ਆਫ਼ ਕ੍ਰੀਏਟਿੰਗ ਐਂਡ ਅਨਾਲਾਈਜ਼ਿੰਗ ਨਿਊਜ਼ ਸਟੋਰੀਜ਼’ ਵਿਸ਼ੇ ’ਤੇ ਭਾਸ਼ਣ ਕਰਵਾਇਆ ਗਿਆ।ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਭਾਸ਼ਣ ਮੌਕੇ ਉਘੇ ਪੱਤਰਕਾਰ ਪ੍ਰਭਜੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਪੱਤਰਕਾਰੀ ਦਿਨੋਂ ਦਿਨ ਮਹੱਤਵਪੂਰਨ ਹੁੰਦੀ ਜਾ ਰਹੀ ਹੈ।ਉਨ੍ਹਾਂ ਨੇ ਵਧਦੀ ਜਾਣਕਾਰੀ ਅਸਮਾਨਤਾ, ਸੰਘਰਸ਼ਸ਼ੀਲ ਪੱਤਰਕਾਰੀ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਭੂਮਿਕਾ ’ਤੇ ਵੀ ਚਾਨਣਾ ਪਾਇਆ।
ਵਿਭਾਗ ਦੀ ਮੁਖੀ ਡਾ. ਸਾਨੀਆ ਮਰਵਾਹਾ ਨੇ ਪ੍ਰਭਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਅਸੀ ਬਹੁਪੱਖੀ ਪੱਤਰਕਾਰ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਕਰਨ ਲਈ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਸੁਝਾਅ ਸਾਂਝੇ ਕੀਤੇ ਹਨ।ਉਨ੍ਹਾਂ ਕਿਹਾ ਕਿ ਪ੍ਰਭਜੀਤ ਨੂੰ ਪੱਤਰਕਾਰੀ ਦੇ ਖੇਤਰ ’ਚ 30 ਸਾਲਾਂ ਤੋਂ ਵਧੇਰੇ ਤਜ਼ਰਬਾ ਹੈ।ਉਨ੍ਹਾਂ ਨੇ ਯੁਨਾਈਟਿਡ ਨਿਊਜ਼ ਆਫ਼ ਇੰਡੀਆ ’ਚ 13 ਸਾਲਾਂ ਤੋਂ ਵਧੇਰੇ ਸਮੇਂ ਕੰਮ ਕੀਤਾ ਹੈ ਅਤੇ ਟ੍ਰਿਬਿਊਨ, ਹਿੰਦੁਸਤਾਨ ਟਾਈਮਜ਼, ਦ ਕੈਰਾਵੈਨ ’ਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਅਤੇ ਵਰਤਮਾਨ ’ਚ ਆਪਣਾ ਯੂ-ਟਿਊਬ ਚੈਨਲ ‘ਸਟੋਰੀ ਟਾਕ’ ਚਲਾ ਰਹੇ ਹਨ।
ਪ੍ਰਭਜੀਤ ਸਿੰਘ ਨੇ ਆਪਣੇ ਭਾਸ਼ਣ ’ਚ ਖ਼ਬਰਾਂ ਤਿਆਰ ਕਰਨ ਦੀ ਸ਼ੈਲੀ ਅਤੇ ਕਿਸੇ ਵੀ ਖ਼ਬਰ ਨੂੰ ਆਧਾਰ ਬਣਾਉਣ ਲਈ ਲੋੜੀਂਦੇ ਤੱਥਾਂ ਅਤੇ ਅੰਕੜਿਆਂ ’ਤੇ ਚਾਨਣਾ ਪਾਇਆ।ਉਨ੍ਹਾਂ ਨੇ ਕਿਸੇ ਵੀ ਖ਼ਬਰ ਨੂੰ ਬਣਾਉਣ ਲਈ ਲੋੜੀਂਦੇ ਸਿਰਲੇਖ, ਸ਼ੁਰੂਆਤੀ ਪੈਰੇ, ਮੁੱਖ ਭਾਗ, ਫਾਰਮੈਟਿੰਗ ਅਤੇ ਚਿੱਤਰਾਂ ਦੀ ਮਹੱਤਤਾ ਸਬੰਧੀ ਆਪਣੇ ਤਜ਼ਰਬਾ ਸਾਂਝਾ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਖ਼ਬਰ ਲਿਖਣ ਦੇ ਏ.ਬੀ.ਸੀ ਦੇ ਸੰਕਲਪ ਅਤੇ ਉਨ੍ਹਾਂ ਨੂੰ ਖ਼ਬਰ ਸੰਗਠਨਾਂ ’ਚ ਸ਼ੁੱਧਤਾ, ਸੰਖੇਪਤਾ ਅਤੇ ਸਪੱਸ਼ਟਤਾ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਪ੍ਰੋ: ਸੁਰਭੀ, ਪ੍ਰੋ: ਹੈਰੀ, ਪ੍ਰੋ: ਜਸਕੀਰਤ, ਪ੍ਰੋ: ਭਾਵਿਨੀ, ਪ੍ਰੋ: ਜਾਹਨਵੀ, ਪ੍ਰੋ: ਆਸ਼ੂਤੋਸ਼ ਆਦਿ ਮੌਜ਼ੂਦ ਸਨ।