ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਿੱਦਿਅਕ ਸੰਸਥਾ ਦੇ ਅਦਾਰੇ ਅਕੈਡਮੀ ਥੇਹ ਕਲੰਦਰ ਵਿਖੇ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦੀ ਯਾਦ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਵਿਦਿਆਰਥੀਆਂ ਦੀ ਸਫਲਤਾ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਪਾਠ ਦੇ ਭੋਗ ਪਾਏ ਗਏ।ਇਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ।ਇਹ ਸਮਾਗਮ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਸ਼ਾਂਤੀ ਤੇ ਧੀਰਜ਼ ਦੀ ਪ੍ਰੇਰਣਾ ਦੇਣ ਲਈ ਕਰਵਾਇਆ ਗਿਆ।ਅਕੈਡਮੀ ਦੇ ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਗੁਰਮਤਿ ਅਤੇ ਪੰਜਾਬੀ ਵਿਭਾਗ ਦੇ ਇੰਚਾਰਜ਼ ਅਧਿਆਪਕ ਤਲਵਿੰਦਰ ਕੌਰ, ਮਨਪ੍ਰੀਤ ਕੌਰ ਅਤੇ ਸਮੂਹ ਸਟਾਫ ਦਾ ਸਹਿਯੋਗ ਰਿਹਾ।ਬੱਚਿਆਂ ਵਲੋਂ ਸੰਤ ਅਤਰ ਸਿੰਘ ਜੀ ਦੀ ਜੀਵਨੀ ਉਪਰ ਚਾਨਣਾ ਪਾਇਆ ਗਿਆ, ਧਾਰਮਿਕ ਕਵਿਤਾਵਾਂ ਗਾਇਨ ਕੀਤੀਆਂ ਗਈਆਂ ਅਤੇ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ।ਅੰਤ ‘ਚ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਤਾਂ ਦਾ ਸੁਭਾਅ ਪਰਉਪਕਾਰੀ ਹੁੰਦਾ ਹੈ ਅਤੇ ਉਹ ਆਪਣੇ ਜੀਵਨ ਵਿੱਚ ਲੋਕਾਈ ਦਾ ਭਲਾ ਹੀ ਕਰਦੇ ਹਨ।