ਡੀ.ਏ.ਵੀ ਪਬਲਿਕ ਸਕੂਲ ਨੇ ਰਿਸ਼ੀ ਬੋਧ ਉਤਸਵ ਅਤੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

ਅੰਮ੍ਰਿਤਸਰ, 22 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਰਿਸ਼ੀ ਬੋਧ ਉਤਸਵ ਅਤੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਲਈ ਇੱਕ ਸਵੇਰ ਦੀ ਵਿਸ਼ੇਸ਼ ਸਭਾ ਕਰਵਾਈ ਗਈ।ਮਹਾਂਰਿਸ਼ੀ ਦਇਆਨੰਦ ਸਰਸਵਤੀ ਦੀਆਂ ਸਿੱਖਿਆਵਾਂ ਅਤੇ ਵਿਰਾਸਤ ਦਾ ਸਨਮਾਨ ਕਰਦੇ ਹੋਏ ਰਿਸ਼ੀ ਬੋਧ ਉਤਸਵ ਦਾ ਸ਼ੁੱਭ ਅਵਸਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਕੂਲ ਦੇ ਵਿਹੜੇ ਵਿੱਚ ਬੁੱਧੀ ਅਤੇ ਖੁਸ਼ਹਾਲੀ ਲਈ ਬ੍ਰਹਮ ਅਸ਼ੀਰਵਾਦ ਦੀ ਮੰਗ ਕਰਦੇ ਹੋਏ ਇੱਕ ਹਵਨ ਦਾ ਸਮਾਗਮ ਕੀਤਾ ਗਿਆ।ਪੰਜਾਬ ਜ਼਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਸਵਾਮੀ ਦਇਆਨੰਦ ਸਰਸਵਤੀ ਜੀ ਦੀਆਂ ਸਿੱਖਿਆਵਾਂ `ਤੇ ਚੱਲਣ ਲਈ ਪ੍ਰੇਰਿਤ ਕੀਤਾ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਮਹਾਂਰਿਸ਼ੀ ਦਇਆਨੰਦ ਜੀ ਦੀਆਂ ਸਿੱਖਿਆਵਾਂ, ਨੈਤਿਕ ਚਰਿੱਤਰ ਨੂੰ ਘੜਨ ਅਤੇ ਜਾਂਚ ਕਰਨ ਦੀ ਭਾਵਨਾ ਪੈਦਾ ਕਰਨ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਇਕੱਠ ਨੂੰ ਸੰਬੋਧਨ ਕੀਤਾ।ਉਨ੍ਹਾਂ ਨੇ ਭਾਸ਼ਾਈ ਸਦਭਾਵਨਾ ਨੁੰ ਅਪਣਾਉਂਦੇ ਹੋਏ ਆਪਣੀ ਮਾਤ ਭਾਸ਼ਾ ਦੀ ਸੰਭਾਲ ਅਤੇ ਪ੍ਰਸਾਰ ਦੇ ਮਹੱਤਵ ਨੂੰ ਹੋਰ ਉਜਾਗਰ ਕੀਤਾ।