ਮੂਲ ਅਨਾਜ਼ ਨੂੰ ਰੋਜ਼ਾਨਾ ਦੇ ਖਾਣੇ ਵਿੱਚ ਸ਼ਾਮਿਲ ਕਰਨ ਦੀ ਲੋੜ – ਕੈਬਨਿਟ ਮੰਤਰੀ ਧਾਲੀਵਾਲ

ਈਟ ਰਾਈਟ ਮੇਲਾ ਕਰਵਾਇਆ ਗਿਆ

ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਸਿਹਤ ਵਿਭਾਗ ਪੰਜਾਬ ਵੱਲੋਂ ਪੰਜਾਬੀਆਂ ਦੀ ਚੰਗੀ ਸਿਹਤ ਲਈ ਜਾਗਰੂਕਤਾ ਫੈਲਾਉਣ ਦੇ ਯਤਨ ਨਾਲ ਅੰਮ੍ਰਿਤਸਰ ਵਿੱਚ ਈਟ ਰਾਈਟ ਮੇਲਾ ਕਰਵਾਇਆ ਗਿਆ।ਫੂਡਜ਼ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ (ਐਫ.ਡੀ.ਏ) ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਸਹਿਯੋਗ ਨਾਲ ਕੰਪਨੀ ਬਾਗ ਵਿਖੇ ਕਰਵਾਏ ਗਏ ਈਟ ਰਾਈਟ ਮਿਲੇਟ ਦਾ ਉਦਘਾਟਨ ਕਰਦਿਆਂ ਵਿਧਾਇਕ ਜਸਬੀਰ ਸਿੰਘ ਸੰਧੂ ਨੇ ਸਮਾਗਮ ਵਿੱਚ ਹਾਜ਼ਰ ਕਿਸਾਨਾਂ, ਖੁਰਾਕ ਮਾਹਿਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੂਲ ਅਨਾਜ ਦੀ ਪੈਦਾਵਾਰ ਕਰਨ ‘ਤੇ ਜ਼ੋਰ ਦਿੱਤਾ।ਡਾ. ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਧਰਤੀ ਨੂੰ ਜ਼ਹਿਰ ਕੋਲੋਂ ਬਚਾਉਣ ਲਈ ਸਾਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਜਰਾ, ਕੰਗਣੀ, ਕੋਦਰਾ, ਜਵਾਰ, ਕੁੱਟਕੀ, ਸਾਂਵਾਂ ਅਤੇ ਰਾਗੀ ਮੋਟੇ ਅਨਾਜ ਵਿੱਚ ਆਉਂਦੇ ਹਨ, ਜਿੰਨਾਂ ਦਾ ਸੇਵਨ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ।ਉਨਾਂ ਕਿਹਾ ਕਿ ਮੋਟੇ ਅਨਾਜ ਦੀ ਪੈਦਾਵਾਰ ਕਰਨ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ, ਉਥੇ ਦਵਾਈਆਂ ਵੀ ਘੱਟ ਵਰਤਣੀਆਂ ਪੈਂਦੀਆਂ ਹਨ।ਧਾਲੀਵਾਲ ਨੇ ਕਿਹਾ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਮੋਟੇ ਅਨਾਜ ਦੇ ਫਾਇਦੇ ਬਾਰੇ ਜਾਗਰੂਕਤਾ ਲਹਿਰ ਫੈਲਾਉਣ ਵਾਲਿਆਂ ਨਾਗਰਿਕਾਂ ਦੀ ਸਰਕਾਰ ਵੀ ਮਦਦ ਕਰੇਗੀ।
ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਕਿਸੇ ਸਮੇਂ ਮੋਟਾ ਅਨਾਜ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੁੰਦੀ ਸੀ।ਪਰ ਸਾਡੇ ਰਹਿਣ ਸਹਿਣ ਵਿੱਚ ਆਏ ਵੱਡੇ ਬਦਲਾਅ ਕਾਰਨ ਇਹ ਸਾਡੀ ਥਾਲੀ ਵਿਚੋਂ ਗਾਇਬ ਹਨ।ਉਸ ਦਾ ਖਾਮਿਆਜ਼ਾ ਅਸੀਂ ਕਈ ਭਿਆਨਕ ਬਿਮਾਰੀਆਂ ਨਾਲ ਭੁਗਤ ਰਹੇ ਹਾਂ।ਸਾਨੂੰ ਲੋੜ ਹੈ ਕਿ ਮੋਟੇ ਅਨਾਜ ਨੂੰ ਮੁੜ ਆਪਣੀ ਥਾਲੀ ਦਾ ਹਿੱਸਾ ਬਣਾਈਏ।
ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਜਿਨਾਂ ਨੇ ਸਵੇਰੇ ਵਾਕਾਥਾਨ ਦੀ ਸ਼ੁਰੂਆਤ ਕਰਵਾਈ, ਨੇ ਕਿਹਾ ਕਿ ਕਣਕ ਵਿੱਚ ਗਲੂਟਨ ਦੀ ਜਿਆਦਾ ਮਾਤਰਾ ਹੋਣ ਕਰਕੇ ਅਸੀਂ ਬਿਮਾਰ ਹੋ ਰਹੇ ਹਾਂ ਅਤੇ ਕੈਮੀਕਲਾਂ ਦੀ ਵਰਤੋਂ ਕਰਕੇ ਆਪਣੀ ਮਿੱਟੀ ਵੀ ਖਰਾਬ ਕਰ ਰਹੇ ਹਾਂ, ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ।