ਅੰਮ੍ਰਿਤਸਰ, 16 ਫਰਵਰੀ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਵੱਲੋਂ ਦੀਵਾਨ ਸਕੂਲਾਂ ਵਿੱਚ ਸਿੱਖੀ-ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਵਿਕਾਸ ਹਿੱਤ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਤਹਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਪ੍ਰੀ-ਪ੍ਰਾਇਮਰੀ ਵਿੰਗ ਲਈ ਖੇਡਾਂ ਦਾ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸਕੂਲ ਦੇ ਮੈਂਬਰ ਇੰਚਾਰਜ਼ ਇਕਬਾਲ ਸਿੰਘ ਸ਼ੈਰੀ, ਸਵਰਾਜ ਸਿੰਘ ਸ਼ਾਮ, ਅਮਰਦੀਪ ਸਿੰਘ ਰਾਜੇਵਾਲ ਅਤੇ ਉਹਨਾਂ ਦੀਆਂ ਪਤਨੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ।ਵਿਦਿਆਰਥੀਆਂ ਵੱਲੋਂ ਸਕੂਲ ਸ਼ਬਦ ਗਾਇਨ ਕਰਨ ਉਪਰੰਤ ਸੁਆਗਤ ਗੀਤ, ਗਿੱਧਾ-ਭੰਗੜਾ ਪ੍ਰੋਗਰਾਮ ਪੇਸ਼ ਕੀਤਾ ਗਿਆ।ਪਲੇਅ-ਪੇਨ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ (ਲੜਕਿਆਂ) ਨੇ ਰੈਬਿਟ ਰੇਸ, ਫਰਾਗ ਰੇਸ, ਸੈਕ ਰੇਸ, ਟੱਗ ਆਫ ਵਾਰ ਖੇਡਾਂ ਵਿੱਚ ਹਿੱਸਾ ਲਿਆ ਜਦੋਂਕਿ ਲੜਕੀਆਂ ਨੇ ਬਟਰ ਫਲਾਈ ਰੇਸ, ਜ਼ਿਗ-ਜ਼ੈਗ ਰੇਸ, ਚਾਟੀ ਰੇਸ, ਕੌਨ ਰੇਸ ਅਤੇ ਹੋਰ ਦਿਲਚਸਪ ਖੇਡਾਂ ਵਿੱਚ ਬਹੁਤ ਉਤਸ਼ਾਹ ਅਤੇ ਜ਼ੋਸ਼ ਨਾਲ ਭਾਗ ਲਿਆ ਅਤੇ ਖੂਬ ਆਨੰਦ ਮਾਣਿਆ।ਸਕੂਲ ਮੈਂਬਰ ਇੰਚਾਰਜ਼ ਸ਼ੈਰੀ, ਸ਼ਾਮ ਅਤੇ ਰਾਜੇਵਾਲ ਨੇ ਖੇਡਾਂ ਦੀ ਮਹੱਤਤਾ ‘ਤੇ ਚਾਨਣਾ ਪਾਉ਼ਂਦਿਆਂ ਕਿਹਾ ਕਿ ਖੇਡਾਂ ਸਰੀਰ ਦਾ ਵਿਕਾਸ, ਹੱਡੀਆਂ ਦੀ ਮਜ਼ਬੂਤੀ ਦੇ ਨਾਲ-ਨਾਲ ਮਾਨਸਿਕ ਚਿੰਤਾ ਘਟਾਉਣ, ਆਤਮ ਵਿਸ਼ਵਾਸ, ਟੀਮ ਵਰਕ, ਧਿਆਨ ਦੀ ਕੇਂਦਰਤਾ ਅਤੇ ਉਤਸ਼ਾਹ ਅਤੇ ਖੁਸ਼ੀ ਵਿੱਚ ਵਾਧਾ ਕਰਦੀਆਂ ਹਨ।ਆਏ ਹੋਏ ਮਾਪਿਆਂ ਨੂੰ ਵੀ ਖੇਡਾਂ ਦਾ ਹਿੱਸਾ ਬਣਾਇਆ ਗਿਆ।ਪਹਿਲੀ, ਦੂਸਰੀ ਅਤੇ ਤੀਸਰੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਆ ਗਿਆ।