ਜ਼ਮੀਲ ਦੇ ਹੱਥ ਕਦੇ ਜ਼ਰੀ (ਤਿੱਲੇ) ਦੀ ਕਢਾਈ ਵਿੱਚ ਮਾਹਰ ਹੋਇਆ ਕਰਦੇ ਸਨ। 27 ਸਾਲਾ ਇਹ ਕਾਰੀਗਰ ਮਹਿੰਗੇ ਕੱਪੜਿਆਂ ਵਿੱਚ ਹੋਰ ਚਮਕ ਲਿਆਉਣ ਤੇ ਸ਼ਾਨਦਾਰ ਬਣਾਉਣ ਲਈ ਕੰਮ ਕਰਿਆ ਕਰਦਾ। ਇਸ ਦੇ ਲਈ ਉਨ੍ਹਾਂ ਨੂੰ ਘੰਟਿਆਂ ਬੱਧੀ ਫਰਸ਼ 'ਤੇ ਬੈਠੇ ਰਹਿਣਾ ਪੈਂਦਾ ਹੈ ਪਰ 20 ਸਾਲ ਦੀ ਉਮਰ 'ਚ ਉਨ੍ਹਾਂ ਨੂੰ ਲੱਗੀ ਤਪੇਦਿਕ ਦੀ ਬੀਮਾਰੀ ਨੇ ਉਨ੍ਹਾਂ ਨੂੰ ਕਢਾਈ ਵਾਲ਼ੀ ਸੂਈ ਤੇ ਧਾਗਾ ਲਾਂਭੇ ਰੱਖਣਾ ਪੈ ਗਿਆ। ਬਿਮਾਰੀ ਕਾਰਨ ਉਨ੍ਹਾਂ ਦੀਆਂ ਹੱਡੀਆਂ ਇੰਨੀਆਂ ਕਮਜ਼ੋਰ ਪੈ ਗਈਆਂ ਕਿ ਹੁਣ ਉਨ੍ਹਾਂ ਲਈ ਘੰਟਿਆਂ ਤੱਕ ਆਪਣੀਆਂ ਲੱਤਾਂ ਜੋੜ ਕੇ ਬੈਠਣਾ ਸੰਭਵ ਨਾ ਰਿਹਾ।

"ਦਰਅਸਲ ਮੇਰੀ ਇਹ ਉਮਰ ਮੇਰੇ ਕੰਮ ਕਰਨ ਦੀ ਹੈ ਤੇ ਮਾਪਿਆਂ ਦੇ ਅਰਾਮ ਕਰਨ ਦੀ। ਪਰ ਹਾਲਾਤਾਂ ਨੇ ਸਭ ਉਲਟਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੂੰ ਮੇਰੀਆਂ ਦਵਾਈਆਂ ਅਤੇ ਹੋਰ ਖਰਚਿਆਂ ਲਈ ਕੰਮ ਕਰਨਾ ਪੈਂਦਾ ਹੈ," ਜ਼ਮੀਲ ਕਹਿੰਦੇ ਹਨ। ਉਹ ਹਾਵੜਾ ਜ਼ਿਲ੍ਹੇ ਦੇ ਚੇਂਗੈਲ ਇਲਾਕੇ ਦੇ ਵਸਨੀਕ ਹਨ ਅਤੇ ਇਲਾਜ ਲਈ ਕੋਲ਼ਕਾਤਾ ਜਾਂਦੇ ਹਨ।

ਇਸੇ ਜ਼ਿਲ੍ਹੇ ਵਿੱਚ, ਅਵਿਕ ਅਤੇ ਉਹਦਾ ਪਰਿਵਾਰ ਹਾਵੜਾ ਦੀ ਪਿਲਖਾਨਾ ਝੁੱਗੀ ਬਸਤੀ ਵਿੱਚ ਰਹਿੰਦੇ ਹਨ ਅਤੇ ਇਸ ਕਿਸ਼ੋਰ ਨੂੰ ਵੀ ਹੱਡੀ ਦੀ ਟੀਬੀ ਹੈ। ਬਿਮਾਰੀ ਕਾਰਨ 2022 ਦੇ ਅੱਧ ਵਿਚਾਲੇ ਉਹਦਾ ਸਕੂਲ ਜਾਣਾ ਛੁੱਟਦਾ ਰਿਹਾ। ਭਾਵੇਂ ਹੁਣ ਉਹਦੀ ਸਿਹਤ ਸੰਭਲ਼ ਰਹੀ ਹੈ ਪਰ ਉਹ ਅਜੇ ਵੀ ਸਕੂਲ ਨਹੀਂ ਜਾ ਸਕਦਾ।

2022 ਵਿੱਚ ਜਦੋਂ ਮੈਂ ਇਸ ਕਹਾਣੀ ਦੀ ਰਿਪੋਰਟ ਕਰਨੀ ਸ਼ੁਰੂ ਕੀਤੀ, ਤਾਂ ਮੈਂ ਪਹਿਲੀ ਵਾਰ ਜ਼ਮੀਲ, ਅਵਿਕ ਅਤੇ ਹੋਰਾਂ ਨੂੰ ਮਿਲਿਆ, ਇਸ ਤੋਂ ਬਾਅਦ ਮੈਂ ਅਕਸਰ ਪਿਲਖਾਨਾ ਦੀਆਂ ਝੁੱਗੀਆਂ ਵਿੱਚ ਉਨ੍ਹਾਂ ਨੂੰ ਮਿਲ਼ਣ ਜਾਂਦਾ ਰਿਹਾ ਤੇ ਉਨ੍ਹਾਂ ਦੀਆਂ ਰੋਜ਼ਾਮੱਰਾ ਦੀਆਂ ਗਤੀਵਿਧੀਆਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦਾ ਰਿਹਾ।

ਨਿੱਜੀ ਕਲੀਨਿਕਾਂ ਵੱਲੋਂ ਵਸੂਲੀ ਜਾਂਦੀ ਮੋਟੀ ਰਕਮ ਨੂੰ ਦੇਣ ਤੋਂ ਅਸਮਰੱਥ, ਜ਼ਮੀਲ ਅਤੇ ਅਵਿਕ ਸ਼ੁਰੂ ਵਿੱਚ ਦੱਖਣੀ 24 ਪਰਗਨਾ ਅਤੇ ਹਾਵੜਾ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਮਰੀਜ਼ਾਂ ਦੀ ਦੇਖਭਾਲ਼ ਵਿੱਚ ਲੱਗੇ ਇੱਕ ਗੈਰ-ਸਰਕਾਰੀ ਸੰਗਠਨ ਦੁਆਰਾ ਚਲਾਏ ਜਾ ਰਹੇ ਇੱਕ ਮੋਬਾਇਲ ਟੀਬੀਕਲੀਨਿਕ ਵਿੱਚ ਗਏ। ਇਸ ਬੀਮਾਰੀ ਤੋਂ ਉਹ ਇਕੱਲੇ ਹੀ ਪੀੜਤ ਨਹੀਂ ਹੋਰ ਵੀ ਬਹੁਤ ਹਨ।

PHOTO • Ritayan Mukherjee
PHOTO • Ritayan Mukherjee

ਖੱਬੇ: ਆਰਥੋਪੈਡਿਕ ਤਪੇਦਿਕ ਤੋਂ ਪੀੜਤ ਜ਼ਮੀਲ ਨੂੰ ਆਪਣਾ ਕੰਮ ਛੱਡਣਾ ਪਿਆ ਕਿਉਂਕਿ ਉਹ ਘੰਟਿਆਂਬੱਧੀ ਨਜਿੱਠ ਕੇ ਬੈਠ ਨਾ ਪਾਉਂਦੇ। ਸੱਜੇ: ਹੱਡੀ ਦੇ ਇਸ ਰੋਗ ਤੋਂ ਬਾਅਦ ਅਵਿਕ ਦਾ ਤੁਰਨਾ ਬੰਦ ਹੋ ਗਿਆ ਪਰ ਹੁਣ ਇਲਾਜ ਨਾਲ਼ ਉਹ ਠੀਕ ਹੋ ਰਹੇ ਹਨ। ਤਸਵੀਰ 'ਚ ਉਸ ਦੇ ਪਿਤਾ ਉਸ ਨੂੰ ਪੈਦਲ ਚੱਲਣ 'ਚ ਮਦਦ ਕਰਦੇ ਨਜ਼ਰ ਆ ਰਹੇ ਹਨ

PHOTO • Ritayan Mukherjee
PHOTO • Ritayan Mukherjee

ਐਕਸ-ਰੇ (ਖੱਬੇ) ਪਲਮੋਨਰੀ ਟੀਬੀ ਦੇ ਨਿਦਾਨ ਲਈ ਮੁੱਖ ਡਾਇਗਨੋਸਟਿਕ ਟੂਲ ਹੈ। ਐਕਸ-ਰੇ ਦੇ ਅਧਾਰ 'ਤੇ, ਡਾਕਟਰ ਲਾਰ ਟੈਸਟ ਦੀ ਸਿਫਾਰਸ਼ ਕਰ ਸਕਦਾ ਹੁੰਦਾ ਹੈ। 24 ਸਾਲਾ ਇੱਕ ਮਰੀਜ਼ ਦੀ ਐੱਮਆਰਆਈ ਸਕੈਨ (ਸੱਜੇ) ਵਿੱਚ ਰੀੜ੍ਹ ਦੀ ਹੱਡੀ ਦੇ ਤਪੇਦਿਕ ਕਾਰਨ ਕੰਪ੍ਰੈਸ਼ਰ ਫਰੈਕਚਰ ਦਿਖਾਈ ਦੇ ਰਿਹਾ ਹੈ

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-21 ( ਐੱਨਐੱਫਐੱਚਐਸ -5 ) ਦੀ ਤਾਜਾ ਰਿਪੋਰਟ  ਕਹਿੰਦੀ ਹੈ, "ਟੀਬੀ ਇੱਕ ਵਾਰ ਫਿਰ ਤੋਂ ਇੱਕ ਵੱਡੀ ਜਨਤਕ ਸਿਹਤ ਸਮੱਸਿਆ ਵਜੋਂ ਉੱਭਰੀ ਹੈ। ਕੁੱਲ ਗਲੋਬਲ ਟੀਬੀ ਮਾਮਲਿਆਂ ਦਾ 27٪ ਹੈ ਭਾਰਤ ਅੰਦਰ ਹੈ (ਵਿਸ਼ਵ ਸਿਹਤ ਸੰਗਠਨ ਦੀ ਟੀਬੀ ਰਿਪੋਰਟ , ਨਵੰਬਰ 2023 ਵਿੱਚ ਪ੍ਰਕਾਸ਼ਤ)।

ਈ-ਮੋਬਾਇਲ ਟੀਮ, ਜਿਸ ਵਿੱਚ ਦੋ ਡਾਕਟਰ ਅਤੇ 15 ਨਰਸਾਂ ਸ਼ਾਮਲ ਹਨ, ਇੱਕ ਦਿਨ ਵਿੱਚ ਲਗਭਗ 150 ਕਿਲੋਮੀਟਰ ਦੀ ਯਾਤਰਾ ਕਰਦੀ ਹੋਈ ਚਾਰ ਜਾਂ ਪੰਜ ਥਾਵਾਂ ਦਾ ਦੌਰਾ ਕਰਦੀ ਹੈ ਤਾਂ ਜੋ ਉਨ੍ਹਾਂ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਜੋ ਕੋਲ਼ਕਾਤਾ ਜਾਂ ਹਾਵੜਾ ਦੀ ਯਾਤਰਾ ਨਹੀਂ ਕਰ ਸਕਦੇ। ਮੋਬਾਇਲ ਕਲੀਨਿਕਾਂ ਵਿੱਚ ਮਰੀਜ਼ਾਂ ਵਿੱਚ ਦਿਹਾੜੀਦਾਰ ਮਜ਼ਦੂਰ, ਉਸਾਰੀ ਮਜ਼ਦੂਰ, ਪੱਥਰ ਕੱਟਣ ਵਾਲ਼ੇ, ਬੀੜੀ ਬਣਾਉਣ ਵਾਲ਼ੇ ਅਤੇ ਬੱਸ ਅਤੇ ਟਰੱਕ ਡਰਾਈਵਰ ਸ਼ਾਮਲ ਹਨ।

ਜਿਨ੍ਹਾਂ ਮਰੀਜ਼ਾਂ ਨੂੰ ਮੈਂ ਇਸ ਮੋਬਾਇਲ ਕਲੀਨਿਕ ਵਿਖੇ ਕੈਮਰੇ ਵਿੱਚ ਕੈਦ ਕੀਤਾ ਅਤੇ ਜਿਨ੍ਹਾਂ ਨਾਲ਼ ਗੱਲ ਕੀਤੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੇਂਡੂ ਖੇਤਰਾਂ ਅਤੇ ਸ਼ਹਿਰੀ ਝੁੱਗੀਆਂ ਤੋਂ ਸਨ।

ਇਹ ਮੋਬਾਇਲ ਕਲੀਨਿਕ ਕੋਵਿਡ ਕਾਲ ਦੌਰਾਨ ਇੱਕ ਵਿਸ਼ੇਸ਼ ਪਹਿਲ ਕਦਮੀ ਵਜੋਂ ਸ਼ੁਰੂ ਕੀਤੇ ਗਏ ਸਨ। ਉਦੋਂ ਤੋਂ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਵਰਤਮਾਨ ਵਿੱਚ, ਅਵਿਕ ਵਰਗੇ ਤਪੇਦਿਕ ਦੇ ਮਰੀਜ਼ ਹੁਣ ਫਾਲੋਅੱਪ ਲਈ ਹਾਵੜਾ ਦੀ ਬਾਂਤਰਾ ਸੇਂਟ ਥਾਮਸ ਹੋਮਵੈਲਫੇਅਰ ਸੁਸਾਇਟੀ ਜਾਂਦੇ ਹਨ। ਇਸ ਨੌਜਵਾਨ ਵਾਂਗਰ ਸਮਾਜ ਵਿੱਚ ਆਉਣ ਵਾਲ਼ੇ ਹੋਰ ਲੋਕ ਵੀ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰਿਆਂ ਨਾਲ਼ ਸਬੰਧਤ ਹਨ ਅਤੇ ਜੇ ਉਹ ਇਲਾਜ ਲਈ ਭੀੜ-ਭੜੱਕੇ ਵਾਲ਼ੇ ਸਰਕਾਰੀ ਹਸਪਤਾਲਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਦੀ ਇੱਕ ਦਿਹਾੜੀ ਟੁੱਟ ਜਾਂਦੀ ਹੈ।

ਇੱਥੇ ਮਰੀਜ਼ਾਂ ਨਾਲ਼ ਗੱਲ ਕਰਨ ਤੋਂ ਬਾਅਦ, ਇਹ ਮੇਰੇ ਲਈ ਸਪੱਸ਼ਟ ਹੋ ਗਿਆ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਤਪੇਦਿਕ ਬਾਰੇ ਨਹੀਂ ਜਾਣਦੇ ਸਨ, ਇਲਾਜ ਅਤੇ ਦੇਖਭਾਲ਼ ਤਾਂ ਦੂਰ ਦੀ ਗੱਲ ਰਹੀ। ਇਸ ਬਿਮਾਰੀ ਤੋਂ ਪੀੜਤ ਬਹੁਤ ਸਾਰੇ ਮਰੀਜ਼ ਜਗ੍ਹਾ ਦੀ ਘਾਟ ਕਾਰਨ ਆਪਣੇ ਪਰਿਵਾਰਾਂ ਨਾਲ਼ ਇੱਕੋ ਕਮਰੇ ਵਿੱਚ ਰਹਿ ਰਹੇ ਹਨ। ਕੰਮ ਵਾਲ਼ੀਆਂ ਥਾਵਾਂ 'ਤੇ ਵੀ, ਉਹ ਆਪਣੇ ਸਹਿ-ਕਰਮਚਾਰੀਆਂ ਨਾਲ਼ ਇੱਕੋ ਕਮਰੇ ਵਿੱਚ ਰਹਿੰਦਾ ਹੈ। "ਮੈਂ ਆਪਣੇ ਸਾਥੀਆਂ ਨਾਲ਼ ਇੱਕੋ ਕਮਰਾ ਸਾਂਝਾ ਕੀਤਾ ਹੈ। ਉਨ੍ਹਾਂ ਵਿੱਚੋਂ ਇੱਕ ਨੂੰ ਟੀਬੀ ਹੈ। ਪਰ ਮੇਰੀ ਨਿਗੂਣੀ ਜਿਹੀ ਕਮਾਈ ਨਾਲ਼ ਵੱਖਰਾ ਕਮਰਾ ਕਿਰਾਏ 'ਤੇ ਲੈਣਾ ਬਹੁਤ ਮੁਸ਼ਕਲ ਹੈ। ਇਸ ਲਈ ਮੈਂ ਉਨ੍ਹਾਂ ਨਾਲ਼ ਇੱਕੋ ਕਮਰਾ ਸਾਂਝਾ ਕਰ ਰਿਹਾ ਹਾਂ," ਰੋਸ਼ਨ ਕੁਮਾਰ ਕਹਿੰਦੇ ਹਨ, ਜੋ 13 ਸਾਲ ਪਹਿਲਾਂ ਹਾਵੜਾ ਵਿੱਚ ਜੂਟ ਫੈਕਟਰੀ ਵਿੱਚ ਕੰਮ ਕਰਨ ਲਈ ਦੱਖਣੀ 24 ਪਰਗਨਾ ਤੋਂ ਆਏ ਸਨ।

*****

PHOTO • Ritayan Mukherjee
PHOTO • Ritayan Mukherjee

ਤਾਜ਼ਾ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-21 (ਐੱਨਐੱਫਐੱਚਐੱਸ -5) ਵਿੱਚ ਕਿਹਾ ਗਿਆ ਹੈ ਕਿ ਤਪੇਦਿਕ ਇੱਕ ਵੱਡੀ ਜਨਤਕ ਸਿਹਤ ਸਮੱਸਿਆ ਵਜੋਂ ਉੱਭਰੀ ਹੈ। ਅਤੇ ਵਿਸ਼ਵ ਭਰ ਵਿੱਚ ਟੀਬੀ ਦੇ ਕੁੱਲ ਮਾਮਲਿਆਂ ਦਾ 27 ਪ੍ਰਤੀਸ਼ਤ ਭਾਰਤ ਵਿੱਚ ਹੈ। ਤਪੇਦਿਕ ਦਾ ਇੱਕ ਕੇਸ ਜੋ ਇਲਾਜ-ਵਿਹੂਣਾ ਰਹਿ ਗਿਆ (ਖੱਬੇ), ਪਰ ਮੌਜੂਦਾ ਇਲਾਜ ਨਾਲ਼ ਸੁਧਾਰ ਹੋ ਰਿਹਾ ਹੈ। ਪਲਮੋਨਰੀ ਟੀਬੀ ਵਾਲ਼ਾ ਮਰੀਜ਼ ਵਾਕਰ (ਸੱਜੇ) ਦੀ ਸਹਾਇਤਾ ਨਾਲ਼ ਤੁਰਦਾ ਹੋਇਆ। ਮੁੰਡੇ ਨੂੰ ਕਿਸੇ ਹੋਰ ਵਿਅਕਤੀ ਦੀ ਮਦਦ ਨਾਲ਼ ਤੁਰਨਾ ਮੁੜ ਸ਼ੁਰੂ ਕਰਨ ਲਈ ਵੀ ਚਾਰ ਮਹੀਨਿਆਂ ਦੇ ਸਥਿਰ ਇਲਾਜ ਦੀ ਲੋੜ ਸੀ

PHOTO • Ritayan Mukherjee
PHOTO • Ritayan Mukherjee

ਰਾਖੀ ਸ਼ਰਮਾ (ਖੱਬੇ) ਤਿੰਨ ਵਾਰ ਤਪੇਦਿਕ ਨਾਲ਼ ਜੂਝ ਰਹੀ ਹੈ ਪਰ ਉਸਨੇ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਅਤੇ ਇਸ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਹੈ। ਮਾਂ ਆਪਣੇ ਬੇਟੇ (ਸੱਜੇ) ਲਈ ਲੈੱਗਗਾਰਡ ਪਹਿਨਾਉਂਦੀ ਹੈ ਜਿਸ ਨੂੰ ਹੱਡੀ ਦੀ ਟੀਬੀ ਕਾਰਨ ਲੱਤ ਦਾ ਅਲਸਰ ਹੋ ਗਿਆ ਹੈ

2021 ਦੀ ਟੀਬੀ ਤੋਂ ਪੀੜਤ ਕਿਸ਼ੋਰਾਂ ਦੀ ਰਾਸ਼ਟਰੀ ਸਿਹਤ ਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਤਪੇਦਿਕ ਵਾਲ਼ੇ ਬੱਚਿਆਂ ਦੀ ਗਿਣਤੀ ਵਿਸ਼ਵ ਵਿਆਪੀ ਬਚਪਨ ਦੇ ਟੀਬੀ ਬੋਝ ਦਾ 28 ਪ੍ਰਤੀਸ਼ਤ ਹੈ।

ਅਵਿਕ ਨੂੰ ਟੀਬੀ ਹੋਣ ਦਾ ਪਤਾ ਲੱਗਣ ਤੋਂ ਬਾਅਦ, ਉਸਨੇ ਸਕੂਲ ਛੱਡ ਦਿੱਤਾ ਕਿਉਂਕਿ ਉਸ ਲਈ ਘਰੋਂ ਕੁਝ ਦੂਰੀ 'ਤੇ ਸਥਿਤ ਸਕੂਲ ਤੱਕ ਜਾਣਾ ਮੁਸ਼ਕਲ ਸੀ। "ਮੈਨੂੰ ਆਪਣੇ ਸਕੂਲ ਅਤੇ ਦੋਸਤਾਂ ਦੀ ਯਾਦ ਆਉਂਦੀ ਹੈ, ਜੋ ਪਹਿਲਾਂ ਹੀ ਪਾਸ ਹੋ ਚੁੱਕੇ ਹਨ ਅਤੇ ਮੇਰੇ ਤੋਂ ਇੱਕ ਕਲਾਸ ਅੱਗੇ ਜਾ ਚੁੱਕੇ ਹਨ। ਮੈਨੂੰ ਖੇਡਾਂ ਦੀ ਵੀ ਯਾਦ ਆਉਂਦੀ ਹੈ," 16 ਸਾਲਾ  ਬੱਚੇ ਦਾ ਕਹਿਣਾ ਹੈ।

ਭਾਰਤ ਵਿੱਚ, ਹਰ ਸਾਲ 0-14 ਸਾਲ ਦੀ ਉਮਰ ਦੇ ਲਗਭਗ 3.33 ਲੱਖ ਬੱਚੇ ਤਪੇਦਿਕ ਨਾਲ਼ ਬਿਮਾਰ ਹੁੰਦੇ ਹਨ; ਮੁੰਡਿਆਂ ਨੂੰ ਲਾਗ ਲੱਗਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। "ਬੱਚਿਆਂ ਵਿੱਚ ਤਪੇਦਿਕ ਦੀ ਪਛਾਣ ਕਰਨਾ ਮੁਸ਼ਕਲ ਹੈ ... ਬੱਚਿਆਂ ਵਿੱਚ ਲੱਛਣ ਬਚਪਨ ਦੀਆਂ ਹੋਰ ਬਿਮਾਰੀਆਂ ਵਰਗੇ ਹੀ ਹੁੰਦੇ ਹਨ..." ਐੱਨਐੱਚਐੱਮ ਦੀ ਰਿਪੋਰਟ ਕਹਿੰਦੀ ਹੈ। ਇਸ ਮੁਤਾਬਕ ਟੀਬੀ ਦੇ ਬਾਲ ਮਰੀਜ਼ਾਂ ਨੂੰ ਦਵਾਈਆਂ ਦੀ ਵਧੇਰੇ ਖੁਰਾਕ ਦੀ ਲੋੜ ਹੁੰਦੀ ਹੈ।

17 ਸਾਲਾ ਰਾਖੀ ਸ਼ਰਮਾ ਲੰਬੇ ਸੰਘਰਸ਼ ਤੋਂ ਬਾਅਦ ਬੀਮਾਰੀ ਤੋਂ ਠੀਕ ਹੋ ਰਹੀ ਹੈ। ਪਰ ਉਹ ਅਜੇ ਵੀ ਦੂਜਿਆਂ ਦੇ ਆਸਰੇ ਤੋਂ ਬਿਨਾਂ ਲੰਬੇ ਸਮੇਂ ਤੱਕ ਨਾ ਤੁਰ ਸਕਦੀ ਹੈ ਤੇ ਨਾ ਹੀ ਬੈਠ ਸਕਦੀ ਹੈ। ਉਸ ਦਾ ਪਰਿਵਾਰ ਸ਼ੁਰੂ ਤੋਂ ਹੀ ਲੁਪਿਲਖਾਨਾ ਝੁੱਗੀ ਵਿੱਚ ਰਹਿ ਰਿਹਾ ਹੈ। ਇਸ ਬਿਮਾਰੀ ਲਈ ਉਸ ਨੂੰ ਆਪਣੀ ਇੱਕ ਸਾਲ ਦੀ ਸਕੂਲੀ ਜ਼ਿੰਦਗੀ ਕੁਰਬਾਨ ਕਰਨੀ ਪਈ। ਉਸ ਦੇ ਪਿਤਾ, ਰਾਕੇਸ਼ ਸ਼ਰਮਾ, ਜੋ ਹਾਵੜਾ ਵਿਖੇ ਇੱਕ ਭੋਜਨਾਲੇ ਵਿੱਚ ਕੰਮ ਕਰਦੇ ਹਨ, ਕਹਿੰਦੇ ਹਨ, "ਅਸੀਂ ਘਰ ਵਿੱਚ ਇੱਕ ਨਿੱਜੀ ਟਿਊਟਰ ਰੱਖ ਕੇ ਉਸ ਦੇ ਵਿਦਿਅਕ ਘਾਟੇ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਉਸ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਸਾਡੀਆਂ ਵੀ ਵਿੱਤੀ ਸੀਮਾਵਾਂ ਹਨ।''

ਪੇਂਡੂ ਖੇਤਰਾਂ ਵਿੱਚ ਤਪੇਦਿਕ ਦੇ ਮਾਮਲੇ ਵਧੇਰੇ ਹਨ; ਐੱਨਐੱਫਐੱਚਐੱਸ-5 ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਜਿਨ੍ਹਾਂ ਘਰਾਂ ਵਿੱਚ ਰਸੋਈ ਅੱਡ ਤੋਂ ਨਹੀਂ ਬਣੀ ਹੁੰਦੀ ਜਾਂ ਜੋ ਬਾਲਣ ਵਿੱਚ ਲੱਕੜ ਜਾਂ ਕਾਨੇ ਬਾਲ਼ਦੇ ਹਨ, ਉਨ੍ਹਾਂ ਅੰਦਰ ਬਿਮਾਰੀ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

ਸਿਹਤ ਕਰਮਚਾਰੀਆਂ ਵਿੱਚ ਆਮ ਸਹਿਮਤੀ ਹੈ ਕਿ ਤਪੇਦਿਕ ਗ਼ਰੀਬੀ ਵਿੱਚੋਂ ਉਪਜਦੀ ਹੈ ਸਗੋਂ ਇਹਦੇ ਨਤੀਜੇ ਵਜੋਂ ਨਾ ਸਿਰਫ਼ ਭੋਜਨ ਅਤੇ ਆਮਦਨ ਦੀ ਹੀ ਘਾਟ ਹੁੰਦੀ ਹੈ, ਬਲਕਿ ਪ੍ਰਭਾਵਿਤ ਲੋਕੀਂ ਹੋਰ ਕੰਗਾਲ ਹੁੰਦੇ ਜਾਂਦੇ ਹਨ।

PHOTO • Ritayan Mukherjee
PHOTO • Ritayan Mukherjee

ਭੀੜੀ ਥਾਂ ਵਿੱਚ ਰਹਿਣ ਵਾਲ਼ੇ ਪਰਿਵਾਰਾਂ ਦੇ ਹੋਰ ਮੈਂਬਰਾਂ ਵਿੱਚ ਟੀਬੀ ਫੈਲਣ ਦੀ ਸੰਭਾਵਨਾ ਵੱਧ ਹੁੰਦੀ ਹੈ। ਔਰਤ ਮਰੀਜ਼ਾਂ ਨੂੰ ਅਲੱਗ-ਥਲੱਗ ਰਹਿਣਾ ਮੁਸ਼ਕਲ ਲੱਗਦਾ ਹੈ (ਸੱਜੇ) ਕਿਉਂਕਿ ਉਹ ਖੁਦ ਨੂੰ ਨਕਾਰਿਆ ਤੇ ਤਿਆਗਿਆ ਹੋਇਆ ਮਹਿਸੂਸ ਕਰਨ ਲੱਗਦੀਆਂ ਹਨ

PHOTO • Ritayan Mukherjee
PHOTO • Ritayan Mukherjee

ਖੱਬੇ: ਬਾਂਤਰਾ ਸੇਂਟ ਥਾਮਸ ਹੋਮ ਵੈਲਫੇਅਰ ਸੁਸਾਇਟੀ ਦੀ ਸਕੱਤਰ ਮੋਨਿਕਾ ਨਾਇਕ ਟੀਬੀ ਦੇ ਮਰੀਜ਼ਾਂ ਨੂੰ ਨਿਰੰਤਰ ਸਹਾਇਤਾ ਪ੍ਰਦਾਨ ਕਰ ਰਹੀ ਹਨ। ਸੱਜੇ: ਕੋਲ਼ਕਾਤਾ ਦੇ ਨੇੜੇ ਹਾਵੜਾ ਵਿੱਚ ਬਾਂਤਰਾ ਸੁਸਾਇਟੀ ਦੇ ਤਪੇਦਿਕ ਹਸਪਤਾਲ ਵਿੱਚ ਦਾਖਲ ਮਰੀਜ਼

ਐੱਨਐੱਫਐੱਚਐੱਸ -5 ਇਹ ਵੀ ਕਹਿੰਦਾ ਹੈ ਕਿ ਟੀਬੀ ਵਾਲ਼ੇ ਪਰਿਵਾਰ ਕਲੰਕ ਦੇ ਡਰੋਂ ਇਸ ਨੂੰ ਲੁਕਾਉਣ ਦੀ ਵਧੇਰੇ ਸੰਭਾਵਨਾ ਰੱਖਦੇ ਹਨ: "... ਪੰਜ ਵਿੱਚੋਂ ਇੱਕ ਆਦਮੀ ਚਾਹੁੰਦਾ ਹੀ ਹੈ ਕਿ ਪਰਿਵਾਰ ਦੇ ਕਿਸੇ ਮੈਂਬਰ ਦੀ ਟੀਬੀ ਦੀ ਸਥਿਤੀ ਗੁਪਤ ਰਹੇ।'' ਇਸ ਤੋਂ ਇਲਾਵਾ, ਟੀਬੀ ਹਸਪਤਾਲ ਲਈ ਸਟਾਫ਼ (ਸਿਹਤ ਕਰਮਚਾਰੀਆਂ) ਦਾ ਮਿਲ਼ਣਾ ਵੀ ਮੁਸ਼ਕਲ ਰਹਿੰਦਾ ਹੈ।

ਰਾਸ਼ਟਰੀ ਸਿਹਤ ਮਿਸ਼ਨ ਦੀ ਰਿਪੋਰਟ (2019) ਦੇ ਅਨੁਸਾਰ, ਭਾਰਤ ਵਿੱਚ ਤਪੇਦਿਕ ਦੇ ਮਰੀਜ਼ਾਂ ਵਿੱਚੋਂ ਇੱਕ ਚੌਥਾਈ ਉਹ ਔਰਤਾਂ ਹਨ ਜਿਨ੍ਹਾਂ ਦੀ ਪ੍ਰਜਨਨ (15 ਤੋਂ 49 ਸਾਲ) ਉਮਰ ਹੈ। ਹਾਲਾਂਕਿ ਔਰਤਾਂ ਮਰਦਾਂ ਦੇ ਮੁਕਾਬਲੇ ਟੀਬੀ ਲਈ ਘੱਟ ਸੰਵੇਦਨਸ਼ੀਲ ਹੁੰਦੀਆਂ ਹਨ, ਪਰ ਜੋ ਸੰਕਰਮਿਤ ਹੋ ਵੀ ਜਾਂਦੀਆਂ ਹਨ ਉਹ  ਵੀ ਆਪਣੀ ਸਿਹਤ ਨਾਲ਼ੋਂ ਪਰਿਵਾਰਕ ਰਿਸ਼ਤਿਆਂ ਨੂੰ ਬਚਾਉਣ ਵਾਲ਼ੇ ਪਾਸੇ ਵੱਧ ਧਿਆਨ ਦਿੰਦੀਆਂ ਹਨ।

"ਮੈਨੂੰ ਜਲਦੀ ਤੋਂ ਜਲਦੀ ਘਰ (ਘਰ) ਜਾਣਾ ਪਵੇਗਾ। ਮੈਨੂੰ ਡਰ ਹੈ ਕਿ ਮੇਰਾ ਪਤੀ ਕਿਸੇ ਹੋਰ ਨਾਲ਼ ਵਿਆਹ ਕਰਵਾ ਲਵੇਗਾ," ਬਿਹਾਰ ਦੀ ਰਹਿਣ ਵਾਲ਼ੀ ਤਪੇਦਿਕ ਰੋਗੀ ਹਨੀਫਾ ਅਲੀ ਕਹਿੰਦੀ ਹਨ। ਹਾਵੜਾ ਦੀ ਬਾਂਤਰਾ ਸੇਂਟ ਥਾਮਸ ਹੋਮ ਵੈਲਫੇਅਰ ਸੁਸਾਇਟੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਦਵਾਈਆਂ ਲੈਣਾ ਬੰਦ ਕਰ ਸਕਦੀ ਹਨ।

"ਔਰਤਾਂ ਮੂਕ ਪੀੜਤ ਹੁੰਦੀਆਂ ਹਨ। ਉਹ ਲੱਛਣਾਂ ਨੂੰ ਲੁਕਾਉਂਦੀਆਂ ਰਹਿੰਦੀਆਂ ਹਨ। ਜਦੋਂ ਤੱਕ ਉਨ੍ਹਾਂ ਦੀ ਬੀਮਾਰੀ ਦੀ ਪਛਾਣ ਹੁੰਦੀ ਹੈ, ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਨੁਕਸਾਨ ਦੀ ਪੂਰਤੀ ਕਰਨ ਸਕਣਾ ਮੁਸ਼ਕਲ ਹੋ ਜਾਂਦਾ ਹੈ," ਸੁਸਾਇਟੀ ਦੀ ਸਕੱਤਰ, ਮੋਨਿਕਾ ਨਾਇਕ ਕਹਿੰਦੀ ਹਨ। ਉਹ 20 ਸਾਲਾਂ ਤੋਂ ਟੀਬੀ ਦੇ ਖੇਤਰ ਵਿੱਚ ਕੰਮ ਕਰ ਰਹੀ ਹਨ ਅਤੇ ਕਹਿੰਦੀ ਹਨ ਕਿ ਟੀਬੀ ਤੋਂ ਠੀਕ ਹੋਣਾ ਇੱਕ ਲੰਬੀ ਪ੍ਰਕਿਰਿਆ ਹੈ ਅਤੇ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦੀ ਹੈ।

"ਕੁਝ ਮਾਮਲਿਆਂ ਵਿੱਚ, ਭਾਵੇਂ ਮਰੀਜ਼ ਰਾਜੀ ਵੀ ਹੋ ਜਾਵੇ ਪਰ ਪਰਿਵਾਰ ਮਰੀਜ਼ ਨੂੰ ਅਪਣਾਉਣ ਤੋਂ ਝਿਜਕਦਾ ਹੈ। ਅਜਿਹੇ ਮਾਮਲਿਆਂ ਵਿੱਚ, ਸਾਨੂੰ ਸੱਚਮੁੱਚ ਉਨ੍ਹਾਂ ਨੂੰ ਯਕੀਨ ਦਿਵਾਉਣਾ ਪੈਂਦਾ ਹੈ," ਉਹ ਕਹਿੰਦੀ ਹਨ। ਨਾਇਕ ਨੂੰ ਟੀਬੀ ਦੀ ਰੋਕਥਾਮ ਦੇ ਖੇਤਰ ਵਿੱਚ ਉਨ੍ਹਾਂ ਦੇ ਅਣਥੱਕ ਕੰਮ ਲਈ ਵੱਕਾਰੀ ਜਰਮਨ ਕਰਾਸ ਆਫ ਦਿ ਆਰਡਰ ਆਫ਼ ਮੈਰਿਟ ਨਾਲ਼ ਸਨਮਾਨਤ ਕੀਤਾ ਗਿਆ ਹੈ।

ਲਗਭਗ 40 ਸਾਲਾ ਅਲਾਪੀ ਮੰਡਲ ਟੀਬੀ ਤੋਂ ਠੀਕ ਹੋ ਗਈ ਹਨ ਅਤੇ ਕਹਿੰਦੀ ਹਨ, "ਮੈਂ ਘਰ ਵਾਪਸੀ ਦੇ ਦਿਨ ਉਂਗਲਾਂ ‘ਤੇ ਗਿਣ ਰਹੀ ਹਾਂ ਕਿ ਕਦੋਂ ਮੈਂ ਘਰ ਵਾਪਸ ਜਾਵਾਂਗੀ। ਪਰਿਵਾਰ ਨੇ ਮੈਨੂੰ ਇਸ ਲੰਬੀ ਲੜਾਈ ਵਿੱਚ ਇਕੱਲਾ ਛੱਡ ਦਿੱਤਾ..."

*****

PHOTO • Ritayan Mukherjee
PHOTO • Ritayan Mukherjee

ਖੱਬੇ: ਟੀਬੀ ਦੀਆਂ ਦਵਾਈਆਂ ਦੀ ਦੀਰਘਕਾਲਕ ਵਰਤੋਂ ਦੇ ਮਾੜੇ ਅਸਰ ਵੀ ਹੁੰਦੇ ਹਨ ਜਿਵੇਂ ਕਿ ਗੰਭੀਰ ਉਦਾਸੀਨਤਾ। ਸੱਜਾ: ਡਾ. ਟੋਬੀਅਸਵੋਗਟ ਮਰੀਜ਼ ਦੀ ਜਾਂਚ ਕਰ ਰਹੇ ਹਨ

PHOTO • Ritayan Mukherjee
PHOTO • Ritayan Mukherjee

ਖੱਬੇ: ਰਿਫਾਮਪਿਨ ਇਸ ਬਿਮਾਰੀ ਲਈ ਸਭ ਤੋਂ ਪ੍ਰਭਾਵਸ਼ਾਲੀ ਫਰਸਟ-ਲਾਈਨ ਦਵਾਈ ਹੈ। ਜਦੋਂ ਰੋਗਾਣੂ ਰਿਫਾਮਪਿਸਿਨ ਪ੍ਰਤੀ ਰੋਧਕ ਬਣ ਜਾਂਦੇ ਹਨ, ਤਾਂ ਇਸਦਾ ਇਲਾਜ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਸੱਜੇ: ਟੀਬੀ ਹਸਪਤਾਲ ਲਈ ਸਟਾਫ ਲੱਭਣਾ ਬਹੁਤ ਮੁਸ਼ਕਲ ਹੈ ਕਿਉਂਕਿ ਜ਼ਿਆਦਾਤਰ ਬਿਨੈਕਾਰ ਇੱਥੇ ਕੰਮ ਕਰਨ ਤੋਂ ਇਨਕਾਰ ਕਰਦੇ ਹਨ

ਸੈਕਟਰ ਵਿੱਚ ਕੰਮ ਕਰਨ ਵਾਲ਼ੇ ਕਾਮਿਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਅੰਦਰ ਬਿਮਾਰੀ ਫੈਲਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਸੁਸਾਇਟੀ ਦੁਆਰਾ ਚਲਾਏ ਜਾ ਰਹੇ ਕਲੀਨਿਕ ਵਿੱਚ, ਗੰਭੀਰ ਛੂਤ ਵਾਲ਼ੀ ਟੀਬੀ ਵਾਲ਼ੇ ਮਰੀਜ਼ਾਂ ਨੂੰ ਇੱਕ ਵਿਸ਼ੇਸ਼ ਵਾਰਡ ਵਿੱਚ ਰੱਖਿਆ ਜਾਂਦਾ ਹੈ। ਬਾਹਰੀ ਮਰੀਜ਼ ਵਿਭਾਗ ਹਫ਼ਤੇ ਵਿੱਚ ਦੋ ਵਾਰ 100-200 ਮਰੀਜ਼ਾਂ ਦੀ ਸੇਵਾ ਕਰਦਾ ਹੈ ਅਤੇ ਉਨ੍ਹਾਂ ਵਿੱਚੋਂ 60٪ ਔਰਤਾਂ ਹਨ।

ਫੀਲਡ 'ਚ ਕੰਮ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਟੀਬੀ ਨਾਲ਼ ਜੁੜੀਆਂ ਦਵਾਈਆਂ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਕਾਰਨ ਕਈ ਮਰੀਜ਼ਾਂ ਨੂੰ ਕਲੀਨਿਕਲ ਡਿਪਰੈਸ਼ਨ ਦਾ ਅਨੁਭਵ ਹੁੰਦਾ ਹੈ। ਸਹੀ ਇਲਾਜ ਇੱਕ ਲੰਬੀ ਅਤੇ ਗੁੰਝਲਦਾਰ ਪ੍ਰਕਿਰਿਆ ਹੈ - ਛੁੱਟੀ ਤੋਂ ਬਾਅਦ, ਮਰੀਜ਼ਾਂ ਨੂੰ ਨਿਯਮਤ ਤੌਰ 'ਤੇ ਦਵਾਈਆਂ ਲੈਣ ਦੀ ਜ਼ਰੂਰਤ ਹੁੰਦੀ ਹੈ ਅਤੇ ਸਿਹਤਮੰਦ ਖੁਰਾਕ ਦੀ ਜ਼ਰੂਰਤ ਹੁੰਦੀ ਹੈ।

ਟੋਬੀਆਸ ਵੋਗਟ ਕਹਿੰਦੇ ਹਨ ਕਿ ਕਿਉਂਕਿ ਜ਼ਿਆਦਾਤਰ ਮਰੀਜ਼ ਘੱਟ ਆਮਦਨੀ ਵਾਲ਼ੇ ਸਮੂਹਾਂ ਤੋਂ ਹਨ, ਉਹ ਕਈ ਵਾਰ ਇਲਾਜ ਨੂੰ ਅੱਧ ਵਿਚਾਲ਼ੇ ਬੰਦ ਕਰ ਦਿੰਦੇ ਹਨ, ਜਿਸ ਨਾਲ਼ ਉਨ੍ਹਾਂ ਨੂੰ ਐੱਮਡੀਆਰਟੀਬੀ (ਮਲਟੀ-ਡਰੱਗਰੈਸਿਸਟੈਂਟ ਟਿਊਬਰਕਲੋਸਿਸ) ਵਿਕਸਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਜਰਮਨ ਦੇ ਇਹ ਡਾਕਟਰ ਪਿਛਲੇ ਦੋ ਦਹਾਕਿਆਂ ਤੋਂ ਹਾਵੜਾ ਵਿੱਚ ਤਪੇਦਿਕ 'ਤੇ ਕੰਮ ਕਰ ਰਹੇ ਹਨ।

ਅੱਜ, ਮਲਟੀਡਰੱਗ-ਪ੍ਰਤੀਰੋਧਕ (MDR-TB) ਇੱਕ ਜਨਤਕ ਸਿਹਤ ਸੰਕਟ ਅਤੇ ਸਿਹਤ ਸੁਰੱਖਿਆ ਲਈ ਖਤਰਾ ਬਣਿਆ ਹੋਇਆ ਹੈ। 2022 ਵਿੱਚ ਦਵਾਈ-ਪ੍ਰਤੀਰੋਧਕ ਟੀਬੀ ਵਾਲ਼ੇ ਪੰਜ ਵਿੱਚੋਂ ਸਿਰਫ਼ ਦੋ ਲੋਕਾਂ ਦਾ ਇਲਾਜ ਹੋਇਆ। ਵਿਸ਼ਵ ਸਿਹਤ ਸੰਗਠਨ ਦੀ ਗਲੋਬਲ ਟੀਬੀ ਰਿਪੋਰਟ ਦੇ ਅਨੁਸਾਰ, "2020 ਵਿੱਚ, 1.5 ਮਿਲੀਅਨ ਲੋਕਾਂ ਦੀ ਤਪੇਦਿਕ ਨਾਲ਼ ਮੌਤ ਹੋ ਗਈ, ਜਿਸ ਵਿੱਚ 214,000 ਐੱਚਆਈਵੀ ਨਾਲ਼ ਪੀੜਤ ਸਨ।''

ਵੋਗਟ ਅੱਗੇ ਕਹਿੰਦੇ ਹਨ: "ਤਪੇਦਿਕ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਨੁਕਸਾਨ ਪਹੁੰਚਾ ਸਕਦੀ ਹੁੰਦੀ ਹੈ, ਜਿਸ ਵਿੱਚ ਹੱਡੀਆਂ, ਰੀੜ੍ਹ ਦੀ ਹੱਡੀ, ਪੇਟ ਅਤੇ ਦਿਮਾਗ ਸ਼ਾਮਲ ਹਨ। ਅਜਿਹੇ ਬੱਚੇ ਜੋ ਤਪੇਦਿਕ ਤੋਂ ਠੀਕ ਹੋ ਰਹੇ ਹਨ, ਪਰ ਇਸ ਨਾਲ਼ ਉਨ੍ਹਾਂ ਦੀ ਪੜ੍ਹਾਈ ਵਿੱਚ ਰੁਕਾਵਟ ਆਉਂਦੀ ਹੈ।''

ਟੀਬੀ ਦੇ ਬਹੁਤ ਸਾਰੇ ਮਰੀਜ਼ ਆਪਣੀ ਰੋਜ਼ੀ-ਰੋਟੀ ਗੁਆ ਚੁੱਕੇ ਹਨ। "ਪਲਮੋਨਰੀ ਟੀਬੀ ਦਾ ਪਤਾ ਲੱਗਣ ਤੋਂ ਬਾਅਦ, ਮੈਂ ਹੁਣ ਕੰਮ ਨਹੀਂ ਕਰ ਸਕਦਾ ਸੀ, ਭਾਵੇਂ ਮੈਂ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ। ਮੇਰੇ ਕੋਲ਼ ਊਰਜਾ ਖਤਮ ਹੋ ਗਈ ਹੈ," ਸ਼ੇਖ ਸ਼ਹਾਬੂਦੀਨ ਕਹਿੰਦੇ ਹਨ, ਜੋ ਪਹਿਲਾਂ ਰਿਕਸ਼ਾ ਚਾਲਕ ਵਜੋਂ ਕੰਮ ਕਰਦੇ ਸਨ। ਹਾਵੜਾ ਜ਼ਿਲ੍ਹੇ ਵਿੱਚ ਕਦੇ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਲ਼ਾ ਤਾਕਤਵਰ ਵਿਅਕਤੀ ਹੁਣ ਬੇਵੱਸ ਹੋ ਕੇ ਰਹਿ ਗਿਆ ਹੈ। "ਮੇਰੇ ਪਰਿਵਾਰ ਦੇ ਪੰਜ ਮੈਂਬਰ ਹਨ। ਸਾਡਾ ਗੁਜ਼ਾਰਾ ਕਿਵੇਂ ਚੱਲੇਗਾ?" ਸ਼ਾਹਪੁਰ ਦੇ ਵਸਨੀਕ ਪੁੱਛਦੇ ਹਨ।

PHOTO • Ritayan Mukherjee
PHOTO • Ritayan Mukherjee

ਖੱਬੇ: ਡਾਕਟਰਾਂ ਨੂੰ ਸ਼ੱਕ ਹੈ ਕਿ ਇਸ ਲੜਕੀ, ਜਿਸ ਦੇ ਗਲ਼ੇ ਅਤੇ ਮੋਢਿਆਂ ਦੁਆਲ਼ੇ ਟਿਊਮਰ ਵਿਕਸਿਤ ਹੋ ਗਏ ਹਨ, ਮਲਟੀ-ਡਰੱਗ ਪ੍ਰਤੀਰੋਧਕ ਟੀਬੀ ਦਾ ਮਾਮਲਾ ਹੈ ਜੋ ਉਸਦੇ ਇਲਾਜ ਨੂੰ ਅੱਧ ਵਿਚਾਲ਼ੇ ਛੱਡਣ ਕਾਰਨ ਹੋਇਆ ਹੈ। ਸੱਜੇ: 'ਮੇਰੇ ਅੰਦਰ ਖੜ੍ਹਾ ਰਹਿਣ ਦੀ ਤਾਕਤ ਵੀ ਨਹੀਂ ਬਚੀ। ਮੈਂ ਨਿਰਮਾਣ ਥਾਵਾਂ 'ਤੇ ਕੰਮ ਕਰਿਆ ਕਰਦਾ ਸਾਂ। ਮੈਂ ਇੱਥੇ ਛਾਤੀ ਦੀ ਜਾਂਚ ਕਰਾਉਣ ਲਈ ਆਇਆ ਹਾਂ। ਹਾਲ ਹੀ ਵਿੱਚ, ਮੈਨੂੰ ਖੰਘ ਆਈ ਅਤੇ ਗੁਲਾਬੀ ਬਲਗ਼ਮਰ ਨਿਕਲ਼ਿਆ,' ਪੰਚੂ ਗੋਪਾਲ ਮੰਡਲ ਕਹਿੰਦੇ ਹਨ

PHOTO • Ritayan Mukherjee
PHOTO • Ritayan Mukherjee

ਖੱਬੇ: ਨੀ-ਕਸ਼ੈਅ -(ਨੀ = ਅੰਤ, ਕਸ਼ੈਯ = ਟੀਬੀ) ਰਾਸ਼ਟਰੀ ਤਪੇਦਿਕ ਖਾਤਮਾ ਪ੍ਰੋਗਰਾਮ (ਐੱਨਟੀਈਪੀ) ਦੇ ਤਹਿਤ ਤਪੇਦਿਕ ਨਿਯੰਤਰਣ ਲਈ ਇੱਕ ਨੈੱਟਵਰਕ-ਸਮਰੱਥ ਮਰੀਜ਼ ਪ੍ਰਬੰਧਨ ਪ੍ਰਣਾਲੀ ਹੈ। ਇਸ ਦਾ ਸਿੰਗਲ-ਵਿੰਡੋ ਪਲੇਟਫਾਰਮ ਟੀਬੀ ਦੇ ਇਲਾਜ ਦੇ ਵਰਕਫਲੋ ਨੂੰ ਡਿਜੀਟਲ ਕਰਨ ਵਿੱਚ ਮਦਦ ਕਰਦਾ ਹੈ ਅਤੇ ਕੋਈ ਵੀ ਉਨ੍ਹਾਂ ਨੂੰ ਸੌਂਪੀ ਗਈ ਆਈਡੀ ਦੀ ਵਰਤੋਂ ਕਰਕੇ ਮਰੀਜ਼ ਦੇ ਵੇਰਵਿਆਂ ਦੀ ਜਾਂਚ ਕਰ ਸਕਦਾ ਹੈ। ਸੱਜੇ: ਬਾਂਤਰਾ ਸੁਸਾਇਟੀ ਵਿੱਚ ਇੱਕ 16 ਸਾਲਾ ਆਰਥੋਪੈਡਿਕ ਟੀਬੀ ਮਰੀਜ਼ ਦੁਆਰਾ ਬਣਾਇਆ ਗਿਆ ਇੱਕ ਡਰੈੱਸ ਸੈਂਪਲ। ਇੱਥੇ ਮਰੀਜ਼ਾਂ ਨੂੰ ਸਿਲਾਈ ਅਤੇ ਕਢਾਈ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਵਿੱਚ ਮਦਦ ਕੀਤੀ ਜਾ ਸਕੇ

ਪੰਚੂ ਗੋਪਾਲ ਮੰਡਲ ਇੱਕ ਬਜ਼ੁਰਗ ਮਰੀਜ਼ ਹਨ ਜੋ ਬਾਂਤਰਾ ਹੋਮ ਵੈਲਫੇਅਰ ਸੁਸਾਇਟੀ ਕਲੀਨਿਕ ਵਿੱਚ ਇਲਾਜ ਲਈ ਆਉਂਦੇ ਹਨ। ਕਦੇ ਉਹ ਇੱਕ ਉਸਾਰੀ ਮਜ਼ਦੂਰ ਸਨ ਅਤੇ ਹੁਣ, "ਮੇਰੇ ਕੋਲ਼ 200 ਰੁਪਏ ਵੀ ਨਹੀਂ ਹੁੰਦੇ ਅਤੇ ਮੇਰੇ ਅੰਦਰ ਖੜ੍ਹੇ ਹੋਣ ਦੀ ਤਾਕਤ ਵੀ ਨਹੀਂ ਬਚੀ। ਹਾਲ ਹੀ ਵਿੱਚ, ਮੈਨੂੰ ਖੰਘ ਆਈ ਤੇ ਗੁਲਾਬੀ ਬਲਗ਼ਮ ਨਿਕਲੀ, ਇਸ ਲਈ ਮੈਂ ਛਾਤੀ ਦੀ ਜਾਂਚ ਲਈ ਇੱਥੇ ਆਇਆਂ," ਹਾਵੜਾ ਦੇ ਰਹਿਣ ਵਾਲ਼ੇ 70 ਸਾਲਾ ਵਸਨੀਕ ਕਹਿੰਦੇ ਹਨ। ਕੰਮ ਦੀ ਭਾਲ਼ ਵਿੱਚ ਉਨ੍ਹਾਂ ਦੇ ਸਾਰੇ ਪੁੱਤਰ ਸੂਬੇ ਤੋਂ ਬਾਹਰ ਚਲੇ ਗਏ ਹਨ।

ਟੀਬੀ ਨਿਯੰਤਰਣ ਲਈ ਇੱਕ ਵੈੱਬ-ਸਮਰੱਥ ਮਰੀਜ਼ ਪ੍ਰਬੰਧਨ ਪ੍ਰਣਾਲੀ - ਨੀ-ਕਸ਼ੈਯ - ਇਹ ਦੇਖਣ ਲਈ ਇੱਕ ਵਿਆਪਕ, ਸਿੰਗਲ-ਵਿੰਡੋ ਪ੍ਰਦਾਨ ਕਰਨਾ ਹੈ ਕਿ ਇਲਾਜ ਕਿਵੇਂ ਕੰਮ ਕਰਦਾ ਹੈ। ਦੇਖਭਾਲ਼ ਦਾ ਮਹੱਤਵਪੂਰਣ ਪਹਿਲੂ ਟੀਬੀ ਦੇ ਮਰੀਜ਼ਾਂ ਦੀ ਨਿਗਰਾਨੀ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਉਨ੍ਹਾਂ ਦੀ ਸਥਿਤੀ ਠੀਕ ਹੋਣ ਦੇ ਰਾਹ 'ਤੇ ਹੈ। ਸੋਸਾਇਟੀ ਦੇ ਗਵਰਨਿੰਗ ਹੈੱਡ ਸੁਮੰਤਾ ਚੈਟਰਜੀ ਕਹਿੰਦੇ ਹਨ, "ਅਸੀਂ ਇਸ (ਨੀਕਸ਼ੈਯ) ਵਿੱਚ ਮਰੀਜ਼ ਦੇ ਸਾਰੇ ਵੇਰਵੇ ਦੇ ਸਕਦੇ ਹਾਂ ਅਤੇ ਟਰੈਕ ਵੀ ਕਰ ਸਕਦੇ ਹਾਂ।'' ਉਹ ਕਹਿੰਦੇ ਹਨ ਕਿ ਪਿਲਖਾਨਾ ਝੁੱਗੀਆਂ ਵਿੱਚ ਵੱਡੀ ਗਿਣਤੀ ਵਿੱਚ ਟੀਬੀ ਪੀੜਤ ਮਰੀਜ਼ ਹਨ ਕਿਉਂਕਿ ਇਹ "ਰਾਜ ਦੀ ਸਭ ਤੋਂ ਭੀੜ-ਭੜੱਕੇ ਵਾਲ਼ੀਆਂ ਝੁੱਗੀਆਂ ਵਿੱਚੋਂ ਇੱਕ ਹੈ"।

ਹਾਲਾਂਕਿ ਇਹ ਇੱਕ ਇਲਾਜਯੋਗ ਅਤੇ ਰੋਕਥਾਮ ਨਾਲ਼ ਠੀਕ ਹੋਣ ਵਾਲ਼ੀ ਬਿਮਾਰੀ ਹੈ, ਡਬਲਿਯੂਐੱਚਓ ਦਾ ਕਹਿਣਾ ਹੈ ਕਿ ਟੀਬੀ ਵਿਸ਼ਵ ਪੱਧਰ 'ਤੇ ਕੋਵਿਡ -19 ਤੋਂ ਬਾਅਦ ਲਾਗ ਨਾਲ਼ ਹੋਣ ਵਾਲ਼ੀਆਂ ਮੌਤਾਂ ਦਾ ਵੱਡਾ ਕਾਰਕ ਹੈ।

ਇਸ ਤੋਂ ਇਲਾਵਾ, ਕੋਵਿਡ -19 ਮਹਾਂਮਾਰੀ ਨੇ ਖੰਘ ਆਉਣ ਅਤੇ ਬਿਮਾਰ ਰਹਿਣ ਨੂੰ ਕਲੰਕ ਬਣਾ ਕੇ ਰੱਖ ਦਿੱਤਾ ਹੈ। ਇਸ ਨੇ ਟੀਬੀ ਦੇ ਮਰੀਜ਼ਾਂ ਨੂੰ ਆਪਣੀ ਬਿਮਾਰੀ ਨੂੰ ਦੂਜਿਆਂ ਤੋਂ ਲੁਕਾਉਣ ਲਈ ਮਜ਼ਬੂਰ ਕਰ ਦਿੱਤਾ ਹੈ ਓਨੇ ਚਿਰ ਤੱਕ ਬਿਮਾਰੀ ਵੱਧ ਜਾਂਦੀ ਹੈ ਤੇ ਗੱਲ ਹੱਥੋਂ ਨਿਕਲ਼ਣ ਲੱਗਦੀ ਹੈ।

ਮੈਂ ਨਿਯਮਿਤ ਤੌਰ 'ਤੇ ਸਿਹਤ ਸਮੱਸਿਆਵਾਂ ਦੀ ਰਿਪੋਰਟ ਕਰਦਾ ਰਿਹਾ ਹਾਂ, ਪਰ ਮੈਨੂੰ ਵੀ ਕਾਫੀ ਘੱਟ ਪਤਾ ਸੀ ਕਿ ਬਹੁਤ ਸਾਰੇ ਲੋਕ ਅਜੇ ਵੀ ਤਪੇਦਿਕ ਤੋਂ ਪੀੜਤ ਹਨ। ਕਿਉਂਕਿ ਇਹ ਕੋਈ ਜਾਨਲੇਵਾ ਬਿਮਾਰੀ ਨਹੀਂ ਹੈ, ਇਸ ਲਈ ਇਸ ਦੀ ਵਿਆਪਕ ਤੌਰ 'ਤੇ ਰਿਪੋਰਟ ਨਹੀਂ ਕੀਤੀ ਜਾਂਦੀ ਰਹੀ। ਇਹ ਘਾਤਕ ਨਹੀਂ ਹੈ, ਪਰ ਇਸਦੇ ਨਤੀਜੇ ਬਹੁਤ ਗੰਭੀਰ ਹਨ। ਜੇ ਇਹ ਬਿਮਾਰੀ ਪਰਿਵਾਰ ਦੇ ਮੁਖੀਆ ਨੂੰ ਜਕੜ ਲਵੇ ਤਾਂ ਪਰਿਵਾਰ ਫਾਕੇ ਕੱਟਣ ਲੱਗਦਾ ਹੈ। ਇਸ ਤੋਂ ਇਲਾਵਾ, ਬਿਮਾਰੀ ਦਾ ਇਲਾਜ ਵੀ ਬਹੁਤ ਲੰਬਾ ਹੈ, ਜੋ ਪਹਿਲਾਂ ਹੀ ਗਰੀਬੀ ਤੋਂ ਪੀੜਤ ਪਰਿਵਾਰਾਂ ਨੂੰ ਹੋਰ ਵਿੱਤੀ ਸੰਕਟ ਵਿੱਚ ਧੱਕ ਦਿੰਦਾ ਹੈ।

ਰਿਪੋਰਟ ਵਿੱਚ ਕੁਝ ਨਾਮ ਬਦਲੇ ਗਏ ਹਨ।

ਰਿਪੋਰਟਰ ਜੈਪ੍ਰਕਾਸ਼ ਇੰਸਟੀਚਿਊਟ ਆਫ਼ ਸੋਸ਼ਲ ਚੇਂਜ (ਜੇਪੀਆਈਐਸਸੀ) ਦੇ ਮੈਂਬਰਾਂ ਦਾ ਇਸ ਕਹਾਣੀ ਵਿੱਚ ਆਪਣੀ ਮਦਦ ਦੇਣ ਲਈ ਧੰਨਵਾਦ ਕਰਨਾ ਚਾਹੁੰਦੇ ਹਨ। ਜੇਪੀਆਈਐੱਸਸੀ ਟੀਬੀ ਤੋਂ ਪੀੜਤ ਬੱਚਿਆਂ ਲਈ ਨੇੜਿਓਂ ਕੰਮ ਕਰਦਾ ਹੈ ਤੇ ਸਿੱਖਿਆ ਤੱਕ ਉਨ੍ਹਾਂ ਦੀ ਨਿਰੰਤਰ ਪਹੁੰਚ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।

ਤਰਜਮਾ: ਕਮਲਜੀਤ ਕੌਰ

Ritayan Mukherjee

Ritayan Mukherjee is a Kolkata-based photographer and a PARI Senior Fellow. He is working on a long-term project that documents the lives of pastoral and nomadic communities in India.

Other stories by Ritayan Mukherjee
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur