ਉਹ ਉਸ ਉੱਲੂ ਨੂੰ ਪਛਾਣ ਸਕਦੇ ਹਨ ਜੋ ਰੁੱਖ ਦੇ ਕਿਸੇ ਲੁਕਵੇਂ ਮੋਘੇ ਵਿੱਚ ਬੈਠਾ ਬੋਲ਼ਦਾ ਰਹਿੰਦਾ ਹੈ ਪਰ ਦਿਖਾਈ ਨਹੀਂ ਦਿੰਦਾ, ਇੰਨਾ ਹੀ ਨਹੀਂ ਉਨ੍ਹਾਂ ਚਾਰ ਕਿਸਮਾਂ ਦੇ ਲੁਤਰੇ ਪੰਛੀਆਂ ਨੂੰ ਵੀ ਜੋ ਬੇਰੋਕ ਚਹਿਕਦੇ ਰਹਿੰਦੇ ਹਨ। ਉਹ ਇਹ ਵੀ ਜਾਣਦੇ ਹਨ ਕਿ ਕਿਸ ਤਰ੍ਹਾਂ ਦੀਆਂ ਝੀਲਾਂ ਵਿੱਚ ਉੱਨ ਜਿਹੀ ਗਰਦਨ ਵਾਲ਼ੇ ਸਾਰਸਆਂਡੇ ਦਿੰਦੇ ਹੁੰਦੇ ਹਨ।

ਹਾਲਾਂਕਿ ਬੀ. ਸਿੱਦਾਨ ਨੂੰ ਛੋਟੀ ਉਮਰੇ ਹੀ ਸਕੂਲ ਛੱਡਣਾ ਪਿਆ, ਪਰ ਪੰਛੀਆਂ ਬਾਰੇ ਉਨ੍ਹਾਂ ਦਾ ਗਿਆਨ ਪੰਛੀ ਵਿਗਿਆਨੀ ਲਈ ਇੱਕ ਆਨੰਦ ਦਾ ਸ੍ਰੋਤ ਹੈ। ਉਹ ਤਾਮਿਲਨਾਡੂ ਦੇ ਨੀਲਗਿਰੀ ਵਿੱਚ ਆਪਣੇ ਘਰ ਦੇ ਆਲ਼ੇ-ਦੁਆਲ਼ੇ ਦੇ ਸਾਰੇ ਪੰਛੀਆਂ ਤੋਂ ਜਾਣੂ ਹਨ।

"ਸਾਡੇ ਬੋਕਾਪੁਰਮ ਵਿੱਚਸਿੱਦਾਨ ਨਾਂ ਦੇ ਤਿੰਨ ਮੁੰਡੇ ਸਨ।ਜਦੋਂ ਲੋਕੀਂ ਜਾਣਨਾ ਚਾਹੁੰਦੇ ਹੁੰਦੇ ਕਿ ਕਿਹੜਾ ਵਾਲ਼ਾ ਸਿੱਦਾਨ ਤਾਂ ਉੱਥੋਂ ਦੇ ਲੋਕ ਮੈਨੂੰ 'ਕੁਰੂਵੀ ਸਿੱਦਾਨ' ਕਹਿ ਕੇ ਬੁਲਾਉਂਦੇ। ਇਸ ਦਾ ਮਤਲਬ ਹੈ ਉਹ ਮੁੰਡਾ ਜੋ ਹਰ ਵੇਲ਼ੇ ਪੰਛੀਆਂ ਦੇ ਪਿੱਛੇ ਫਿਰਦਾ ਰਹਿੰਦਾ ਹੈ," ਉਹ ਮਾਣ ਨਾਲ਼ ਹੱਸਦੇ ਹਨ।

ਉਨ੍ਹਾਂ ਦਾ ਅਧਿਕਾਰਤ ਨਾਮ ਬੀ. ਸਿੱਦਾਨ ਹੈ, ਪਰ ਮੁਦੁਮਲਾਈ ਦੇ ਆਲ਼ੇ-ਦੁਆਲ਼ੇ ਦੇ ਜੰਗਲਾਂ ਅਤੇ ਪਿੰਡਾਂ ਵਿੱਚ, ਉਨ੍ਹਾਂ ਨੂੰ ਕੁਰੂਵੀ ਸਿੱਦਾਨ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਤਾਮਿਲ ਵਿੱਚ, 'ਕੁਰੂਵੀ' ਇੱਕ ਕਿਸਮ ਦੀ ਚਿੜੀ ਨੂੰ ਕਿਹਾ ਜਾਂਦਾ ਹੈ: ਉਹ ਪੰਛੀ ਜੋ ਆਲ੍ਹਣਾ ਬਣਾਉਂਦਾ ਤੇ ਆਂਡੇ ਦਿੰਦਾ ਹੈ ਤੇ ਬਾਕੀ ਪੰਛੀਆਂ ਦੀਆਂ ਅੱਧੀਆਂ ਕਿਸਮਾਂ ਅਜਿਹੀਆਂ ਹੀ ਹੁੰਦੀਆਂ ਹਨ।

"ਪੱਛਮੀ ਘਾਟ ਵਿੱਚ ਤੁਸੀਂ ਜਿੱਥੇ ਵੀ ਹੋਵੋ, ਤੁਸੀਂ ਚਾਰ-ਪੰਜ ਪੰਛੀਆਂ ਨੂੰ ਗਾਉਂਦੇ ਹੋਏ ਸੁਣ ਸਕਦੇ ਹੋ," ਨੀਲਗਿਰੀ ਪਹਾੜੀਆਂ ਦੀ ਤਲਹੱਟੀ 'ਤੇ ਸਥਿਤ ਅਨੇਕਟੀ ਪਿੰਡ ਦੇ 28 ਸਾਲਾ ਪ੍ਰਾਇਮਰੀ ਸਕੂਲ ਦੇ ਅਧਿਆਪਕ ਵਿਜਯਾ ਸੁਰੇਸ਼ ਕਹਿੰਦੀ ਹਨ, "ਤੁਸੀਂ ਬੱਸ ਇੰਨਾ ਕਰਨਾ ਹੈ ਕਿ ਸੁਣਨਾ ਅਤੇ ਸਿੱਖਣਾ ਹੈ।" ਉਹ ਕਹਿੰਦੀ ਹਨ ਕਿ ਉਨ੍ਹਾਂ ਨੂੰ ਸਿੱਦਨ ਤੋਂ ਪੰਛੀਆਂ ਬਾਰੇ ਕੀਮਤੀ ਜਾਣਕਾਰੀ ਮਿਲੀ, ਜੋ ਮੁਦੁਮਲਾਈ ਟਾਈਗਰ ਰਿਜ਼ਰਵ ਦੇ ਨੇੜੇ ਰਹਿਣ ਵਾਲ਼ੇ  ਬਹੁਤ ਸਾਰੇ ਨੌਜਵਾਨਾਂ ਦਾ ਗੁਰੂ ਰਿਹਾ ਹੈ। ਵਿਜਯਾ ਖੇਤਰ ਦੇ ਅੰਦਰ ਅਤੇ ਆਸ ਪਾਸ 150 ਪੰਛੀਆਂ ਨੂੰ ਪਛਾਣ ਸਕਦੀ ਹਨ।

PHOTO • Sushmitha Ramakrishnan
PHOTO • Sushmitha Ramakrishnan

ਖੱਬੇ ਪਾਸੇ : ਬੀ. ਸਿੱਦਾਨ ਨੀਲਗਿਰੀ ਜ਼ਿਲ੍ਹੇ ਦੇ ਸ਼ੋਲੂਰ ਕਸਬੇ ਦੇ ਨੇੜੇ ਬੋਕਾਪੁਰਮ ਵਿਖੇ ਬਾਂਸ ਦੇ ਜੰਗਲ ਵਿੱਚ ਪੰਛੀਆਂ ਦੀ ਤਲਾਸ਼ ਕਰ ਰਹੇ ਹਨ। ਸੱਜੇ ਪਾਸੇ: ਵਿਜਯਾ ਸੁਰੇਸ਼ 150 ਪੰਛੀਆਂ ਨੂੰ ਪਛਾਣ ਸਕਦੀ ਹਨ

PHOTO • Sushmitha Ramakrishnan
PHOTO • Sushmitha Ramakrishnan

ਉੱਨ ਜਿਹੀ ਗਰਦਨ ਵਾਲ਼ਾ ਸਾਰਸ (ਖੱਬਾ) ਸਰਦੀਆਂ ਵਿੱਚ ਪੱਛਮੀ ਘਾਟ ਵੱਲ ਪ੍ਰਵਾਸ ਕਰਦਾ ਹੈ। ਇਹ ਸਿੰਗਾਰਾ ਦੇ ਨੇੜੇ ਮਿਲ਼ਦਾ ਹੈ ਅਤੇ ਫੁੱਲੀ ਛਾਤੀ ਵਾਲ਼ਾ ਲੁਤਰਾ ਪੰਛੀ (ਸੱਜੇ) ਨੀਲਗਿਰੀ ਦੇ ਬੋਕਾਪੁਰਮ ਵਿੱਚ ਪਾਇਆ ਜਾਂਦਾ ਹੈ

ਸਿੱਦਾਨ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਮੁਦੁਮਲਾਈ ਟਾਈਗਰ ਰਿਜ਼ਰਵ ਦੇ ਬਫਰ ਜ਼ੋਨ ਦੇ ਬੋਕਾਪੁਰਮ ਪਿੰਡ ਦੇ ਵਸਨੀਕ ਹਨ। ਉਨ੍ਹਾਂ ਨੇ ਪਿਛਲੇ ਢਾਈ ਦਹਾਕੇ ਇੱਥੇ ਇੱਕ ਜੰਗਲ ਗਾਈਡ, ਪੰਛੀ ਨਿਗਰਾਨ ਅਤੇ ਕਿਸਾਨੀ ਕਰਦਿਆਂ ਬਿਤਾਏ ਹਨ। 46 ਸਾਲਾ ਪੰਛੀ ਨਿਗਰਾਨ ਪੂਰੇ ਭਾਰਤ ਵਿੱਚ ਪੰਛੀਆਂ ਦੀਆਂ 800 ਤੋਂ ਵੱਧ ਪ੍ਰਜਾਤੀਆਂ ਦੇ ਨਾਮ ਦੱਸ ਸਕਦਾ ਹੈ ਅਤੇ ਉਨ੍ਹਾਂ ਵਿੱਚੋਂ ਕਈਆਂ ਬਾਰੇ ਵਿਸਥਾਰ ਨਾਲ਼ ਗੱਲ ਕਰ ਸਕਦਾ ਹੈ। ਇਰੂਲਰ (ਇਰੁਲਾ ਵਜੋਂ ਵੀ ਜਾਣਿਆ ਜਾਂਦਾ ਹੈ) ਭਾਈਚਾਰੇ ਦਾ ਇੱਕ ਮੈਂਬਰ, ਜੋ ਕਿ ਤਾਮਿਲਨਾਡੂ ਵਿੱਚ ਅਨੁਸੂਚਿਤ ਕਬੀਲੇ ਵਜੋਂ ਸੂਚੀਬੱਧ ਹੈ, ਸਿੱਦਾਨ ਨੇ ਮੁਦੁਮਲਾਈ ਦੇ ਆਲ਼ੇ-ਦੁਆਲ਼ੇ ਦੇ ਸਕੂਲਾਂ ਵਿੱਚ ਪੇਸ਼ਕਾਰੀਆਂ ਕਰਕੇ, ਗੈਰ-ਰਸਮੀ ਗੱਲਬਾਤ ਅਤੇ ਕੁਦਰਤ ਦੀ ਸੈਰ ਰਾਹੀਂ ਛੋਟੇ ਬੱਚਿਆਂ ਨਾਲ਼ ਆਪਣਾ ਗਿਆਨ ਸਾਂਝਾ ਕੀਤਾ।

ਸ਼ੁਰੂ ਵਿੱਚ ਬੱਚਿਆਂ ਨੇ ਸਿੱਦਾਨ ਦੀ ਪੰਛੀਆਂ ਪ੍ਰਤੀ ਦਿਲਚਸਪੀ ਨੂੰ ਘੱਟ ਕਰਕੇ ਸਮਝਿਆ। "ਪਰ ਬਾਅਦ ਜਦੋਂ ਵੀ ਉਹ ਪੰਛੀ ਨੂੰ ਦੇਖਦੇਤਾਂ ਉਹ ਮੇਰੇ ਕੋਲ਼ ਆਉਂਦੇ ਅਤੇ ਉਸ ਦੇ ਰੰਗ, ਆਕਾਰ ਅਤੇ ਉਸ ਦੀਆਂ ਆਵਾਜ਼ਾਂ ਬਾਰੇ ਦੱਸਦਿਆ ਕਰਦੇ," ਉਹ ਯਾਦ ਕਰਦੇ ਹਨ।

38 ਸਾਲਾ ਰਾਜੇਸ਼, ਮੋਯਾਰ ਪਿੰਡ ਦਾ ਸਾਬਕਾ ਵਿਦਿਆਰਥੀ ਹੈ। ਪੰਛੀ ਵਿਗਿਆਨੀ ਨਾਲ਼ ਆਪਣੀ ਯਾਤਰਾ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਹਿੰਦੇ ਹਨ, "ਉਹ ਮੈਨੂੰ ਕਿਹਾ ਕਰਦੇ ਕਿ ਮੈਂ ਬਾਂਸ ਦੇ ਕਿਰੇ ਪੱਤਿਆਂ ‘ਤੇ ਨਾ ਤੁਰਾਂ ਕਿਉਂਕਿ ਨਾਈਟਜਾਰ (ਭੂਰੀ ਚਿੜੀ) ਜਿਹੇ ਕੁਝ ਪੰਛੀ ਬਾਂਸ ਦੇ ਪੱਤਿਆਂ ਹੇਠਾਂ ਆਂਡੇ ਦਿੰਦੇ ਹਨ ਆਲ੍ਹਣਿਆਂ ਵਿੱਚ ਨਹੀਂ। ਪਹਿਲਾਂ ਤਾਂ ਮੈਂ ਇਸ ਤਰ੍ਹਾਂ ਦੀਆਂ ਸਧਾਰਣ ਗੱਲਾਂ ਨੂੰ ਲੈ ਕੇ ਉਤਸੁਕ ਸੀ, ਪਰ ਅੰਤ ਵਿੱਚ, ਮੈਂ ਪੰਛੀਆਂ ਦੀ ਦੁਨੀਆ ਵੱਲ ਖਿੱਚਿਆ ਤੁਰਿਆ ਗਿਆ।"

ਨੀਲਗਿਰੀ ਬਹੁਤ ਸਾਰੇ ਆਦਿਵਾਸੀ ਭਾਈਚਾਰਿਆਂ ਦਾ ਘਰ ਹੈ ਜਿਵੇਂ ਕਿ ਟੋਡਾ, ਕੋਟਾ, ਈਰੂਲਰਾਂ, ਕੱਟੂਨਾਇਕਨ ਅਤੇ ਪਾਨੀਆ। "ਜਦੋਂ ਆਂਢ-ਗੁਆਂਢ ਦੇ ਕਬਾਇਲੀ ਬੱਚੇ ਦਿਲਚਸਪੀ ਦਿਖਾਉਂਦੇ ਹਨ, ਤਾਂ ਮੈਂ ਜਾਂ ਤਾਂ ਉਨ੍ਹਾਂ ਨੂੰ ਇੱਕ ਪੁਰਾਣਾ ਆਲ੍ਹਣਾ ਦਿਖਾਉਂਦਾ ਜਾਂ ਉਨ੍ਹਾਂ ਨੂੰ ਕਿਸੇ ਬੋਟ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦੇ ਦਿੰਦਾ," ਸਿੱਦਾਨ ਕਹਿੰਦੇ ਹਨ।

ਉਨ੍ਹਾਂ ਨੇ 2014 ਵਿੱਚ ਸਕੂਲਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਮਸੀਨਾਗੁੜੀ ਈਕੋ ਨੈਚੁਰਲਿਸਟਸ ਕਲੱਬ (ਐਮਈਐਨਸੀ) ਨੇ ਬੋਕਾਪੁਰਮ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਪੰਛੀਆਂ ਬਾਰੇ ਗੱਲ ਕਰਨ ਲਈ ਬੁਲਾਇਆ। ਉਹ ਕਹਿੰਦੇ ਹਨ, "ਇਸ ਤੋਂ ਬਾਅਦ ਨੇੜਲੇ ਪਿੰਡਾਂ ਦੇ ਬਹੁਤ ਸਾਰੇ ਸਕੂਲਾਂ ਨੇ ਸਾਨੂੰ ਸੱਦਾ ਦਿੱਤਾ।"

'ਸਾਡੇ ਬੋਕਾਪੁਰਮ ਵਿੱਚ ਸਿੱਦਾਨ ਨਾਂ ਦੇ ਚਾਰ ਮੁੰਡੇ ਸਨ। ਉੱਥੋਂ ਦੇ ਲੋਕ ਮੈਨੂੰ 'ਕੁਰੂਵੀ ਸਿਧਾਂਤ' ਵਜੋਂ ਪਛਾਣਦੇ ਹਨ। 'ਇਸਦਾ ਮਤਲਬ ਇਹ ਹੈ ਕਿ ਜੋ ਪੰਛੀਆਂ ਦੇ ਪਿੱਛੇ ਭੱਜਦਾ ਫਿਰਦਾ ਰਹਿੰਦਾ ਹੋਵੇ, ਉਹ ਮਾਣ ਨਾਲ਼ ਕਹਿੰਦਾ ਹੈ''

ਦੇਖੋ ਵੀਡੀਓ: ਜੰਗਲ ਨੂੰ ਜਿਊਂਦੇ ਰਹਿਣ ਲਈ ਆਪਣੇ ਲੋਕਾਂ ਦੀ ਲੋੜ ਹੁੰਦੀ ਹੈ

*****

ਸਿੱਦਾਨ ਨੂੰ ਅੱਠਵੀਂ ਜਮਾਤ ਵਿੱਚ ਸਕੂਲ ਛੱਡਣਾ ਪਿਆ ਅਤੇ ਖੇਤੀ ਦੇ ਕੰਮ ਵਿੱਚ ਆਪਣੇ ਮਾਪਿਆਂ ਦੀ ਮਦਦ ਕਰਨੀ ਪਈ। ਜਦੋਂ ਉਹ 21 ਸਾਲਾਂ ਦੇ ਸਨ, ਉਨ੍ਹਾਂ ਨੂੰ ਜੰਗਲਾਤ ਵਿਭਾਗ ਨੇ ਬੰਗਲੇ ਦੇ ਨਿਰੀਖਕ ਵਜੋਂ ਨੌਕਰੀ 'ਤੇ ਰੱਖਿਆ ਸੀ - ਉਨ੍ਹਾਂ ਨੂੰ ਲੋਕਾਂ ਨੂੰ ਪਿੰਡਾਂ ਅਤੇ ਖੇਤਾਂ ਵਿੱਚ ਹਾਥੀਆਂ ਦੀਆਂ ਗਤੀਵਿਧੀਆਂ ਬਾਰੇ ਸੁਚੇਤ ਕਰਨਾ ਪੈਂਦਾ ਸੀ, ਰਸੋਈ ਵਿੱਚ ਕੰਮ ਕਰਨਾ ਪੈਂਦਾ ਸੀ ਅਤੇ ਕੈਂਪ ਬਣਾਉਣ ਵਿੱਚ ਮਦਦ ਕਰਨੀ ਪੈਂਦੀ ਸੀ।

ਕੰਮ ਸ਼ੁਰੂ ਕਰਨ ਤੋਂ ਦੋ ਸਾਲ ਤੋਂ ਵੀ ਘੱਟ ਸਮਾਂ ਬਾਅਦ, ਸਿੱਦਾਨ ਨੇ ਨੌਕਰੀ ਛੱਡ ਦਿੱਤੀ। ਉਹ ਕਹਿੰਦੇ ਹਨ, "ਮੈਨੂੰ ਨੌਕਰੀ ਛੱਡਣੀ ਪਈ ਕਿਉਂਕਿ ਮੈਨੂੰ ਆਪਣੀ 600 ਰੁਪਏ ਦੀ ਤਨਖਾਹ ਨਹੀਂ ਮਿਲ਼ੀ ਜੋ ਮੈਨੂੰ ਲਗਭਗ ਪੰਜ ਮਹੀਨਿਆਂ ਦੀ ਮਿਲ਼ਣੀ ਬਾਕੀ ਸੀ। ਜੇ ਮੇਰੇ 'ਤੇ ਦਬਾਅ ਨਾ ਹੁੰਦਾ, ਤਾਂ ਮੈਂ ਵਿਭਾਗ ਵਿੱਚ ਹੀ ਰਹਿਣਾ ਸੀ। ਮੈਨੂੰ ਇਹ ਕੰਮ ਬਹੁਤ ਪਸੰਦ ਸੀ। ਮੈਂ ਜੰਗਲ ਤੋਂ ਬਾਹਰ ਨਹੀਂ ਜਾ ਸਕਿਆ, ਇਸ ਲਈ ਮੈਂ ਜੰਗਲ ਦਾ ਗਾਈਡ ਬਣ ਗਿਆ।"

90 ਦੇ ਦਹਾਕੇ ਦੇ ਅਖੀਰ ਵਿੱਚ, ਜਦੋਂ ਉਹ 23 ਸਾਲਾਂ ਦਾ ਸੀ, ਉਸ ਨੂੰ ਇਸ ਖੇਤਰ ਵਿੱਚ ਪੰਛੀਆਂ ਦੀ ਮਰਦਮਸ਼ੁਮਾਰੀ ਕਰਨ ਵਾਲ਼ੇ ਇੱਕ ਪ੍ਰਕਿਰਤੀਵਾਦੀ ਨਾਲ਼ ਜਾਣ ਦਾ ਮੌਕਾ ਮਿਲਿਆ। ਉਹ ਕਹਿੰਦੇ ਹਨ, "ਅਜਿਹੇ ਸਮੇਂ ਜਦੋਂ ਪੰਛੀ ਪ੍ਰੇਮੀ ਪੰਛੀਆਂ ਨੂੰ ਦੇਖਦੇ ਹਨ, ਉਹ ਆਪਣੇ ਆਲ਼ੇ-ਦੁਆਲ਼ੇ ਦੇ ਖਤਰਿਆਂ ਵੱਲ ਧਿਆਨ ਨਹੀਂ ਦਿੰਦੇ।

PHOTO • Sushmitha Ramakrishnan
PHOTO • Sushmitha Ramakrishnan

ਖੱਬਾ: ਸਿੱਦਾਨ ਸੰਘਣੇ ਬਾਂਸ ਦੇ ਜੰਗਲ ਵਿੱਚ ਪੰਛੀਆਂ ਦੀ ਤਲਾਸ਼ ਕਰ ਰਹੇ ਹਨ। ਸੱਜੇ ਪਾਸੇ: ਨੀਲਗਿਰੀ ਵਿੱਚ ਮੁਦੁਮਲਾਈ ਟਾਈਗਰ ਰਿਜ਼ਰਵ ਦੇ ਨਾਲ਼ ਲੱਗਦੇ ਆਪਣੇ ਘਰ ਦੇ ਨੇੜੇ ਸੜਕ ਪਾਰ ਕਰ ਰਹੇ ਹਾਥੀ

ਉਸ ਯਾਤਰਾ ਦੌਰਾਨ ਉਨ੍ਹਾਂ ਨੇ ਇੱਕ ਅਣਕਿਆਸੀ ਚੀਜ਼ ਦੇਖੀ, "ਜਦੋਂ ਉਹ ਸਾਰੇ ਅੱਗੇ ਵੱਧ ਰਹੇ ਸਨ, ਤਾਂ ਮੈਂ ਜ਼ਮੀਨ 'ਤੇ ਇੱਕ ਛੋਟਾ ਜਿਹਾ ਪੰਛੀ ਦੇਖਿਆ। ਉਹ ਸਾਰੇ ਵੀ ਉਸੇ ਪੰਛੀ ਵੱਲ ਦੇਖ ਰਹੇ ਸਨ- ਇਹ ਤਾਂ ਗਾਉਣ ਵਾਲ਼ੀ ਚਿੜੀ ਸੀ-ਚਿੱਟੇ ਢਿੱਡ ਵਾਲ਼ੀ।" ਤਾਮਿਲ ਅਤੇ ਕੰਨੜ ਵਿੱਚ ਪੰਛੀਆਂ ਦੇ ਨਾਮ ਸਿੱਖਣ ਦੀ ਸ਼ੁਰੂਆਤ ਕਰਨ ਵਾਲ਼ੇ , ਸਿੱਦਾਨ ਨੇ ਫਿਰ ਕਦੇ ਪਿੱਛੇ ਮੁੜ ਕੇ ਨਾ ਦੇਖਿਆ। ਕੁਝ ਸਾਲਾਂ ਬਾਅਦ, ਪੰਛੀਆਂ 'ਤੇ ਨਜ਼ਰ ਰੱਖਣ ਵਾਲ਼ੇ , ਖੇਤਰ ਦੇ ਸੀਨੀਅਰ ਲੋਕਾਂ- ਕੁਤਪਨ ਸੁਦੇਸਨ ਅਤੇ ਡੈਨੀਅਲ ਨੇ ਉਨ੍ਹਾਂ ਨੂੰ ਆਪਣੀ ਦੇਖਰੇਖ ਹੇਠ ਪੰਛੀਆਂ ਬਾਰੇ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ।

ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੁਆਰਾ ਪ੍ਰਕਾਸ਼ਿਤ ਪੱਛਮੀ ਘਾਟ ਦੇ ਵਣ ਗਾਰਜੀਅਨ (ਸਰਪ੍ਰਸਤ) ਸਿਰਲੇਖ ਵਾਲ਼ੇ 2017 ਦੇ ਇੱਕ ਪੇਪਰ ਵਿੱਚ ਕਿਹਾ ਗਿਆ ਹੈ ਕਿ ਪੱਛਮੀ ਘਾਟ ਮੁੰਬਈ ਦੇ ਉੱਤਰ ਤੋਂ ਕੰਨਿਆਕੁਮਾਰੀ ਤੱਕ ਫੈਲਿਆ ਹੋਇਆ ਹੈ ਅਤੇ ਇਹ ਪੰਛੀਆਂ ਦੀਆਂ 508 ਪ੍ਰਜਾਤੀਆਂ ਦਾ ਘਰ ਹੈ। ਇਨ੍ਹਾਂ ਵਿੱਚੋਂ, ਘੱਟੋ-ਘੱਟ 16 ਪ੍ਰਜਾਤੀਆਂ ਇਸ ਖੇਤਰ ਦੇ ਮੂਲ਼ ਨਿਵਾਸੀ ਹਨ, ਜਿਨ੍ਹਾਂ ਵਿੱਚ ਖ਼ਤਰੇ ਵਿੱਚ ਪਏ ਰੂਫਸ-ਬ੍ਰੈਸਟਡ, ਲਾਫ਼ਿੰਗ ਥਰਸ਼, ਨੀਲਗਿਰੀ ਵੂਡ-ਪਿਜਨਰ, ਵਾਈਟ-ਬੈਲੀਡ ਸ਼ਾਰਟ ਵਿੰਗ ਅਤੇ ਬਰੌਡ-ਟੇਲਡ ਗ੍ਰਾਸਬਰਡ, ਰੂਫਸ ਬਬਲਰ ਅਤੇ ਗ੍ਰੇ-ਹੈਡਡ ਬੁਲਬੁਲ ਸ਼ਾਮਲ ਹਨ।

ਜੰਗਲਾਂ ਵਿੱਚ ਕਈ ਘੰਟੇ ਬਿਤਾਉਣ ਵਾਲ਼ੇ  ਸਿੱਦਾਨ ਕਹਿੰਦੇ ਹਨ, ਬਹੁਤ ਸਾਰੀਆਂ ਆਮ ਪ੍ਰਜਾਤੀਆਂ ਦੁਰਲੱਭ ਹੁੰਦੀਆਂ ਜਾ ਰਹੀਆਂ ਹਨ। "ਮੈਂ ਇਸ ਸੀਜ਼ਨ ਵਿੱਚ ਇੱਕ ਵੀ ਗ੍ਰੇ-ਹੈਡਡ (ਸਲੇਟੀ ਰੰਗੇ ਸਿਰ ਵਾਲ਼ੀ) ਬੁਲਬੁਲ ਨਹੀਂ ਦੇਖੀ। ਉਹ ਇੱਥੇ ਬਹੁਤ ਆਮ ਸਨ; ਹੁਣ ਉਨ੍ਹਾਂ ਦੀ ਘਾਟ ਹੈ।"

*****

ਰੈੱਡ-ਵਾਟਲਡ ਲੈਪਵਿੰਗ (ਲਾਲ-ਟਿਟਹਿਰੀ) ਦੀ ਚੇਤਾਵਨੀ ਪੂਰੇ ਜੰਗਲ ਵਿੱਚ ਗੂੰਜਦੀ ਹੈ।

ਐੱਨ ਸਿਵਾਨ ਫੁਸਫੁਸਾਉਂਦੇ ਹੋਏ ਕਹਿੰਦੇ ਹਨ, "ਇਹੀ ਕਾਰਨ ਹੈ ਕਿ ਵੀਰੱਪਨ ਲੰਬੇ ਸਮੇਂ ਤੱਕ ਗ੍ਰਿਫ਼ਤਾਰੀ ਤੋਂ ਬੱਚਦਾ ਰਿਹਾ।" ਉਹ ਸਿੱਦਾਨ ਦਾ ਦੋਸਤ ਅਤੇ ਇੱਕ ਸਾਥੀ ਪੰਛੀ ਵਿਗਿਆਨੀ ਹੈ। ਵੀਰੱਪਨ ਦੀ ਸ਼ਿਕਾਰ, ਚੰਦਨ ਦੀ ਤਸਕਰੀ ਅਤੇ ਜ਼ਿਆਦਾਤਰ ਮਾਮਲਿਆਂ ਵਾਸਤੇ ਭਾਲ਼ ਸੀ ਅਤੇ, ਜਿਵੇਂ ਕਿ ਸਥਾਨਕ ਲੋਕ ਕਹਿੰਦੇ ਹਨ ਕਿ ਉਹ ਕਈ ਦਹਾਕਿਆਂ ਤੱਕ ਸੱਤਿਆਮੰਗਲਮ ਦੇ ਜੰਗਲਾਂ ਵਿੱਚ ਪੁਲਿਸ ਤੋਂ ਲੁਕਦਾ ਰਿਹਾ ਸੀ, ''ਉਹ ਵੀ ਅਲਕਤੀ ਪਰਾਵਈ (ਲੋਕਾਂ ਨੂੰ ਚੇਤਾਵਨੀ ਦੇਣ ਵਾਲ਼ਾ ਪੰਛੀ) ਦੀ ਅਵਾਜ਼ ਸੁਣ-ਸੁਣ ਕੇ।''

PHOTO • Sushmitha Ramakrishnan
PHOTO • Sushmitha Ramakrishnan

ਖੱਬਾ : ਪੀਲੀ ਟਿਟਹਿਰੀ (ਅਲਕਤੀ ਪਰਾਵਈ) ਦਾ ਸੱਦਾ ਜਾਨਵਰਾਂ ਅਤੇ ਹੋਰ ਪੰਛੀਆਂ ਨੂੰ ਸ਼ਿਕਾਰੀਆਂ ਦੀ ਹਰਕਤ ਬਾਰੇ ਚੇਤਾਵਨੀ ਦਿੰਦਾ ਹੈ। ਸੱਜੇ: ਐੱਨ ਸਿਵਾਨ ਦਾ ਕਹਿਣਾ ਹੈ ਕਿ ਇਹ ਅਵਾਜ਼/ਕਾਲ ਸ਼ਿਕਾਰੀਆਂ ਨੂੰ ਦੂਜੇ ਲੋਕਾਂ ਦੀਆਂ ਗਤੀਵਿਧੀਆਂ ਬਾਰੇ ਚੇਤਾਵਨੀ ਦਿੰਦੀ ਹੈ

PHOTO • Sushmitha Ramakrishnan
PHOTO • Sushmitha Ramakrishnan

ਸਿੱਦਾਨ (ਸੱਜੇ) ਬੋਕਾਪੁਰਮ ਵਿਖੇ ਇੱਕ ਬਾਂਸ ਦੇ ਜੰਗਲ ਵਿੱਚ ਉੱਲੂ (ਖੱਬੇ) ਨੂੰ ਉਹਦੀ ਵਿੱਠ ਤੋਂ ਲੱਭਦੇ ਹੋਏ

"ਜਿਓਂ ਹੀ ਟਿਟਹਿਰੀਆਂ ਜੰਗਲ ਵਿੱਚ ਸ਼ਿਕਾਰੀਆਂ ਜਾਂ ਘੁਸਪੈਠੀਆਂ ਨੂੰ ਦੇਖਦੀਆਂ ਹਨ, ਤਾਂ ਰੌਲ਼ਾ ਪਾਉਣ ਲੱਗਦੀਆਂ ਹਨ। ਝਾੜੀਆਂ 'ਤੇ ਬੈਠ ਲੁਤਰਾ ਪੰਛੀ ਵੀ ਜਿਓਂ ਹੀ ਕਿਸੇ ਸ਼ਿਕਾਰੀ ਜਾਨਵਰ ਨੂੰ ਦੇਖਦਾ ਹੈ, ਟਿਟਹਿਰੀ ਦੀ ਹਾਂ ਵਿੱਚ ਹਾਂ ਮਿਲ਼ਾਉਂਦਾ ਹੈ," ਐੱਨ ਸਿਵਾਨ ਕਹਿੰਦੇ ਹਨ, ਜੋ ਜਦੋਂ ਵੀ ਕਿਸੇ ਪੰਛੀ ਨੂੰ ਦੇਖਦੇ ਹਨ ਤਾਂ ਕਿਤਾਬ ਵਿੱਚ ਉਹਦੇ ਬਾਰੇ ਝਰੀਟਣ ਲੱਗਦੇ ਹਨ। 50 ਸਾਲਾ ਵਿਅਕਤੀ ਕਹਿੰਦਾ ਹੈ, "ਅਸੀਂ ਇੱਕ ਸਾਲ ਤੱਕ ਇਸ ਤਰ੍ਹਾਂ ਦੀ ਸਿਖਲਾਈ ਲਈ ਹੈ।" ਜਿਨ੍ਹਾਂ ਨੇ ਪੰਛੀਆਂ ਦੀਆਂ ਪ੍ਰਜਾਤੀਆਂ ਦੇ ਨਾਮ ਯਾਦ ਰੱਖਣ ਲਈ ਸੰਘਰਸ਼ ਕੀਤਾ ਪਰ ਹਿੰਮਤ ਨਹੀਂ ਹਾਰੀ। "ਪੰਛੀ ਸਾਡੇ ਲਈ ਮਹੱਤਵਪੂਰਨ ਹਨ। ਮੈਂ ਜਾਣਦਾ ਹਾਂ ਕਿ ਮੈਂ ਸਿੱਖ ਲਵਾਂਗਾ," ਉਹ ਕਹਿੰਦੇ ਹਨ।

90 ਦੇ ਅੱਧ ਦਹਾਕੇ ਵਿੱਚ, ਸਿੱਦਾਨ ਅਤੇ ਸਿਵਾਨ ਨੂੰ ਬੋਕਾਪੁਰਮ ਦੇ ਨੇੜੇ ਇੱਕ ਨਿੱਜੀ ਰਿਜੋਰਟ ਵਿੱਚ ਟ੍ਰੈਕਿੰਗ ਗਾਈਡਾਂ ਵਜੋਂ ਕੰਮ 'ਤੇ ਰੱਖਿਆ ਗਿਆ, ਜਿੱਥੇ ਉਨ੍ਹਾਂ ਲਈ ਦੁਨੀਆ ਭਰ ਦੇ ਉਤਸ਼ਾਹੀ ਪੰਛੀ ਪ੍ਰੇਮੀਆਂ ਨੂੰ ਮਿਲ਼ਣ ਤੇ ਸਮਝਣ ਦਾ ਮੌਕਾ ਮਿਲ਼ਿਆ।

*****

ਜਦੋਂ ਸਿੱਦਾਨ, ਮਸੀਨਾਗੁੜੀ ਦੇ ਬਾਜ਼ਾਰ ਦੇ ਆਲ਼ੇ-ਦੁਆਲ਼ੇ ਘੁੰਮਦੇ ਹਨ ਤਾਂ ਉਨ੍ਹਾਂ ਦਾ "ਹੈਲੋ ਮਾਸਟਰ" ਕਹਿ ਕੇ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ ਦੇ ਵਿਦਿਆਰਥੀ ਜ਼ਿਆਦਾਤਰ ਆਦਿਵਾਸੀ ਅਤੇ ਦਲਿਤ ਪਿਛੋਕੜ ਤੋਂ ਹਨ, ਜੋ ਮੁਦੁਮਲਾਈ ਅਤੇ ਆਸ-ਪਾਸ ਰਹਿੰਦੇ ਹਨ।

PHOTO • Sushmitha Ramakrishnan
PHOTO • Sushmitha Ramakrishnan

ਖੱਬੇ ਪਾਸੇ: ਬੀ. ਸਿੱਦਾਨ ਬੋਕਾਪੁਰਮ ਵਿੱਚ ਆਪਣੇ ਘਰ ਦੇ ਬਾਹਰ ਆਪਣੇ ਪਰਿਵਾਰ ਨਾਲ਼ ਬੈਠੇ ਹੋਏ ਹਨ। ਉਨ੍ਹਾਂ ਦੀ ਸਭ ਤੋਂ ਛੋਟੀ ਧੀ ਅਨੁ ਸ਼੍ਰੀ (ਖੱਬਿਓਂ ਤੀਜੀ) ਵੀ ਪੰਛੀਆਂ ਵਿੱਚ ਦਿਲਚਸਪੀ ਰੱਖਦੀ ਹੈ। 'ਬੁਲਬੁਲ ਦਾ ਆਲ੍ਹਣਾ ਦੇਖ ਕੇ ਮੈਂ ਬਹੁਤ ਉਤਸ਼ਾਹਿਤ ਸੀ। ' ਸੱਜੇ ਪਾਸੇ: 33 ਸਾਲਾ ਐੱਸ. ਰਾਜਕੁਮਾਰ ਬੀ. ਸਿੱਦਾਨ ਨੂੰ ਮਿਲ਼ਣ ਘਰ ਆਏ

"ਸਾਡੇ ਚਾਰ ਮੈਂਬਰੀ ਪਰਿਵਾਰ ਵਿੱਚ ਮੇਰੀ ਮਾਂ ਹੀ ਇਕੱਲੀ ਕਮਾਊ ਸੀ। ਉਹ ਮੈਨੂੰ ਕੋਟਾਗਿਰੀ ਦੇ ਕਿਸੇ ਸਕੂਲ ਵਿੱਚ ਨਹੀਂ ਭੇਜ ਸਕੀ," ਆਰ ਰਾਜਕੁਮਾਰ ਕਹਿੰਦੇ ਹਨ, "33 ਸਾਲਾ, ਸਾਬਕਾ ਵਿਦਿਆਰਥੀ ਅਤੇ ਇਰੂਲਾ ਭਾਈਚਾਰੇ ਦੇ ਮੈਂਬਰ ਹਨ। ਇਸ ਤਰ੍ਹਾਂ ਉਨ੍ਹਾਂ ਨੇ ਹਾਈ ਸਕੂਲ ਛੱਡ ਦਿੱਤਾ ਅਤੇ ਬਫਰ ਜ਼ੋਨ ਦੇ ਆਲ਼ੇ-ਦੁਆਲ਼ੇ ਭਟਕਣ ਵਿੱਚ ਸਮਾਂ ਬਤੀਤ ਕੀਤਾ। ਇੱਕ ਦਿਨ ਸਿੱਦਾਨ ਨੇ ਉਨ੍ਹਾਂ ਨੂੰ ਸਫਾਰੀ ਲਈ ਆਉਣ ਲਈ ਕਿਹਾ। "ਜਦੋਂ ਮੈਂ ਉਸ ਦਾ ਕੰਮ ਦੇਖਿਆ, ਤਾਂ ਮੈਂ ਤੁਰੰਤ ਉਸ ਵੱਲ ਆਕਰਸ਼ਤ ਹੋ ਗਿਆ।'' ਰਾਜਕੁਮਾਰ ਕਹਿੰਦੇ ਹਨ, "ਆਖਰਕਾਰ, ਮੈਂ ਸਫਾਰੀ 'ਤੇ ਟ੍ਰੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਡਰਾਈਵਰਾਂ ਦਾ ਮਾਰਗ ਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।''

*****

ਸ਼ਰਾਬ ਪੀਣਾ ਇਸ ਖੇਤਰ ਵਿੱਚ ਇੱਕ ਗੰਭੀਰ ਸਮੱਸਿਆ ਬਣ ਗਈ ਹੈ। (ਇਹ ਵੀ ਪੜ੍ਹੋ: ਨੀਲ਼ਗਿਰੀ ਦੇ ਬੱਚਿਆਂ ਨੂੰ ਵਿਰਸੇ ਵਿੱਚ ਮਿਲ਼ਿਆ ਵੀ ਤਾਂ ਕੀ... ਕੁਪੋਸ਼ਣ ) ਜੰਗਲ-ਅਧਾਰਤ ਨੌਕਰੀਆਂ ਆਦਿਵਾਸੀਆਂ ਦੀ ਨੌਜਵਾਨ ਪੀੜ੍ਹੀ ਨੂੰ ਸ਼ਰਾਬ ਤੋਂ ਦੂਰ ਰੱਖ ਸਕਦੀਆਂ ਹਨ, ਸਿੱਦਾਨ ਕਹਿੰਦੇ ਹਨ। "ਸ਼ਰਾਬ ਦੀ ਲਤ ਲੱਗਣ ਮਗਰਲਾ ਇੱਕ ਕਾਰਨ ਇਹ ਵੀ ਹੈ ਕਿ ਜਦੋਂ ਮੁੰਡੇ ਸਕੂਲ ਛੱਡ ਦਿੰਦੇ ਹਨ, ਤਾਂ ਉਹਨਾਂ ਕੋਲ਼ ਕਰਨ ਲਈ ਹੋਰ ਕੁਝ ਨਹੀਂ ਹੁੰਦਾ। ਉਨ੍ਹਾਂ ਕੋਲ਼ ਨੌਕਰੀ ਦੇ ਚੰਗੇ ਮੌਕੇ ਨਹੀਂ ਹੁੰਦੇ, ਇਸ ਲਈ ਉਹ ਸ਼ਰਾਬ ਪੀਣ ਲੱਗਦੇ ਹਨ।"

PHOTO • Sushmitha Ramakrishnan
PHOTO • Sushmitha Ramakrishnan

ਖੱਬੇ ਪਾਸੇ: ਬੀ. ਸਿੱਦਾਨ ਪੰਛੀਆਂ ਅਤੇ ਜੰਗਲੀ ਜੀਵਾਂ ਬਾਰੇ ਆਪਣੀਆਂ ਕਿਤਾਬਾਂ ਦਾ ਸੰਗ੍ਰਹਿ ਦਿਖਾਉਂਦੇ ਹੋਏ। ਸੱਜੇ ਪਾਸੇ: ਗੁਦਾਲੂਰ ਡਿਵੀਜ਼ਨ ਦੇ ਸਿੰਗਾਰਾ ਪਿੰਡ ਵਿਖੇ ਲੱਗੀ ਵਾੜ ਦੀ ਤਾਰ 'ਤੇ ਬੈਠਾ ਕਾਲ ਕੜਛੀ (ਰਾਹਗੀਰ ਪੰਛੀ)

ਸਿੱਦਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਿਸ਼ਨ ਸਥਾਨਕ ਮੁੰਡਿਆਂ ਦੇ ਮਨਾਂ ਅੰਦਰ ਜੰਗਲ ਪ੍ਰਤੀ ਦਿਲਚਸਪੀ ਪੈਦਾ ਕਰਨਾ ਅਤੇ ਉਹਨਾਂ ਨੂੰ ਨਸ਼ੀਲ਼ੇ ਪਦਾਰਥਾਂ ਦੀ ਖਿੱਚ ਤੋਂ ਦੂਰ ਰੱਖਣਾ ਹੈ। "ਇੱਕ ਤਰ੍ਹਾਂ ਨਾਲ਼ ਮੈਂ ਵੀ ਕਾਲ ਕੜਛੀ ਹੀ ਹਾਂ। ਭਾਵੇਂ ਉਹ (ਆਕਾਰ ਵਿੱਚ) ਛੋਟੇ ਹੁੰਦੇ ਹੋਣ, ਫਿਰ ਵੀ ਉਨ੍ਹਾਂ ਅੰਦਰ ਸ਼ਿਕਾਰੀ ਪੰਛੀਆਂ ਨਾਲ਼ ਲੜਨ ਦੀ ਹਿੰਮਤ ਹੁੰਦੀ ਹੈ," ਦੂਰ ਬੈਠੇ ਲੰਬੀ-ਪੂਛ ਵਾਲ਼ੇ ਛੋਟੇ ਕਾਲ ਕੜਛੀ ਪੰਛੀ ਵੱਲ ਇਸ਼ਾਰਾ ਕਰਦਿਆਂ ਸਿੱਦਾਨ ਕਹਿੰਦੇ ਹਨ।

ਤਰਜਮਾ: ਕਮਲਜੀਤ ਕੌਰ

Sushmitha Ramakrishnan

Sushmitha Ramakrishnan is a multimedia journalist whose focus is on stories about science and environment. She enjoys bird watching.

Other stories by Sushmitha Ramakrishnan
Editor : Vishaka George

Vishaka George is a Bengaluru-based Senior Reporter at the People’s Archive of Rural India and PARI’s Social Media Editor. She is also a member of the PARI Education team which works with schools and colleges to bring rural issues into the classroom and curriculum.

Other stories by Vishaka George
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur