ਸੋਮਾ ਕਡਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਹਾਲਚਾਲ਼ ਪੁੱਛਣ ਲਈ ਫ਼ੋਨ ਕਰਦਾ ਰਹਿੰਦਾ ਹੈ। ''ਮੈਂ ਠੀਕ ਹੋ ਜਾਊਂਗਾ,'' 85 ਸਾਲਾ ਬਜ਼ੁਰਗ ਭਰੋਸੇ ਭਰੀ ਅਵਾਜ਼ ਵਿੱਚ ਕਹਿੰਦਾ ਹੈ।

ਅਕੋਲੇ (ਜਿਹਨੂੰ ਅਕੋਲਾ ਵੀ ਕਿਹਾ ਜਾਂਦਾ ਹੈ) ਤਾਲੁਕਾ ਦੇ ਵਾਰੰਗੁਸ਼ੀ ਪਿੰਡ ਦਾ ਇਹ ਕਿਸਾਨ ਤਿੰਨ-ਰੋਜ਼ਾ ਰੋਸ ਮਾਰਚ(ਅਪ੍ਰੈਲ 26-28) ਵਿੱਚ ਸ਼ਾਮਲ ਹੋਇਆ ਹੈ, ਜੋ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਖੇ ਅਕੋਲੇ ਤੋਂ ਲੋਨੀ ਦੇ ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਹੈ। ਆਪਣੀ ਉਮਰ ਦੇ ਬਾਵਜੂਦ ਉਹ ਇਸ ਰੋਸ ਮਾਰਚ ਵਿੱਚ ਆਪਣੀ ਸ਼ਮੂਲੀਅਤ ਨੂੰ ਲੈ ਕੇ ਕਹਿੰਦਾ ਹੈ,''ਮੈਂ ਆਪਣੀ ਤਾਉਮਰ ਖੇਤਾਂ ਵਿੱਚ ਹੀ ਗਾਲ਼ ਛੱਡੀ ਹੈ।''

2.5 ਲੱਖ ਦੇ ਕਰਜੇ ਹੇਠ ਪੀਂਹਦੇ ਜਾਂਦੇ ਕਿਸਾਨ ਦਾ ਕਹਿਣਾ ਹੈ,''ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਆਪਣੇ ਜੀਵਨ ਦੇ 70 ਸਾਲ ਖੇਤੀ ਲੇਖੇ ਲਾਉਣ ਤੋਂ ਬਾਅਦ ਵੀ ਮੈਨੂੰ ਇੰਨੀ ਬੇਯਕੀਨੀ ਭਰੀ ਹਯਾਤੀ ਹੰਢਾਉਣੀ ਪਵੇਗੀ।'' ਕਡਾਲੀ, ਮਹਾਦੇਵ ਕੋਲੀ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਤੇ ਪਿੰਡ ਵਿੱਚ ਉਨ੍ਹਾਂ ਕੋਲ਼ ਪੰਜ ਏਕੜ (ਕਿੱਲੇ) ਜ਼ਮੀਨ ਹੈ। ਗੱਲ ਜਾਰੀ ਰੱਖਦਿਆਂ ਉਹ ਕਹਿੰਦੇ ਹਨ ਕਿ ਅੱਜ ਮੌਸਮ ਜਿੰਨਾ ਅਣਕਿਆਸਿਆ ਹੋ ਗਿਆ, ਪਹਿਲਾਂ ਕਦੇ ਨਹੀਂ ਸੀ।

''ਮੇਰਾ ਜੋੜ-ਜੋੜ ਦੁੱਖਦਾ ਹੈ। ਜਦੋਂ ਮੈਂ ਤੁਰਦਾਂ ਮੇਰੇ ਗੋਡੇ ਪੀੜ੍ਹ ਕਰਦੇ ਹਨ। ਸਵੇਰੇ ਮੇਰਾ ਉੱਠਣ ਦਾ  ਮਨ ਨਹੀਂ ਕਰਦਾ। ਪਰ ਫਿਰ ਵੀ ਮੈਂ ਲਾਂਘ ਪੁੱਟਦਾ ਰਹਾਂਗਾ ਤੇ ਅੱਗੇ ਵੱਧਦਾ ਰਹਾਂਗਾ,'' ਉਹ ਕਹਿੰਦੇ ਹਨ।

PHOTO • Parth M.N.
PHOTO • Parth M.N.

ਅਹਿਮਦਨਗਰ ਜ਼ਿਲ੍ਹੇ ਵਿਖੇ ਪੈਂਦੇ ਅਕੋਲੇ ਦੇ ਪਿੰਡ ਵਾਰੰਗੁਸ਼ੀ ਤੋਂ ਆਏ ਸੋਮਾ ਕਡਾਲੀ (ਖੱਬੇ)। 85 ਸਾਲਾ ਇਸ ਬਜ਼ੁਰਗ ਕਿਸਾਨ ਨੇ ਸੰਕਲਪ ਲਿਆ ਹੈ ਕਿ ਉਹ ਰੋਸ ਮਾਰਚ ਕਰਨ ਆਏ ਹਜ਼ਾਰਾਂ-ਹਜ਼ਾਰ ਕਿਸਾਨਾਂ ਨਾਲ਼ ਤੁਰਦਾ ਰਹੇਗਾ

PHOTO • Parth M.N.
PHOTO • P. Sainath

ਹਜ਼ਾਰਾਂ-ਹਜ਼ਾਰ ਕਿਸਾਨ ਇਕੱਠੇ ਹੋਏ ਹਨ ਤੇ ਜਿਓਂ-ਜਿਓਂ ਮਾਰਚ ਅਕੋਲੇ ਤੋਂ ਸੰਗਮਨੇਰ ਅੱਪੜ ਰਿਹਾ ਹੈ, ਹੋਰ-ਹੋਰ ਕਿਸਾਨ ਸ਼ਾਮਲ ਹੁੰਦੇ ਜਾ ਰਹੇ ਹਨ

ਕਡਾਲੀ ਉਨ੍ਹਾਂ 8,000 ਕਿਸਾਨਾਂ ਵਿੱਚੋਂ ਇੱਕ ਹਨ ਜੋ 26 ਅਪ੍ਰੈਲ 2023 ਨੂੰ ਅਕੋਲੇ ਤੋਂ ਸ਼ੁਰੂ ਹੋਏ ਤਿੰਨ-ਰੋਜ਼ਾ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ। ਜਿਓਂ-ਜਿਓਂ ਰੈਲੀ ਸੰਗਮਨੇਰ ਵੱਲ ਨੂੰ ਵੱਧ ਰਹੀ ਹੈ ਹੋਰ-ਹੋਰ ਕਿਸਾਨ ਟਰੱਕ ਤੇ ਬੱਸ 'ਤੇ ਸਵਾਰ ਹੋ ਪਹੁੰਚ ਰਹੇ ਹਨ।

ਕੁੱਲ ਭਾਰਤੀ ਕਿਸਾਨ ਸਭਾ (AIKS) ਦਾ ਅੰਦਾਜ਼ਾ ਹੈ ਕਿ ਜਿਸ ਦਿਨ ਦੇਰ ਸ਼ਾਮੀਂ ਜੁਲੂਸ ਉੱਥੇ ਅੱਪੜਿਆ, ਕਿਸਾਨਾਂ ਦੀ ਗਿਣਤੀ 15,000 ਤੱਕ ਅੱਪੜ ਚੁੱਕੀ ਸੀ। ਏਆਈਕੇਐੱਸ ਦੇ ਪ੍ਰਧਾਨ ਡਾ ਅਸ਼ੋਕ ਧਵਲੇ ਅਤੇ ਹੋਰ ਅਹੁਦੇਦਾਰਾਂ ਦੀ ਪ੍ਰਧਾਨਗੀ ਹੇਠ ਸ਼ਾਮੀਂ 4 ਵਜੇ ਅਕੋਲੇ ਵਿਖੇ ਹੋਈ ਵਿਸ਼ਾਲ ਜਨਤਕ ਮੀਟਿੰਗ ਤੋਂ ਬਾਅਦ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਕਿਸਾਨਾਂ ਨੂੰ ਸਾਂਝੀਵਾਲ਼ਤਾ ਦਾ ਪੈਗ਼ਾਮ ਦੇਣ ਵਾਲ਼ੇ ਮੰਨੇ-ਪ੍ਰਮੰਨੇ ਪੱਤਰਕਾਰ ਪੀ. ਸਾਈਨਾਥ, ਜੋ ਤਿੰਨੋਂ ਦਿਨ ਕਿਸਾਨਾਂ ਦੇ ਮਾਰਚ ਦਾ ਹਿੱਸਾ ਰਹਿਣਗੇ, ਪਹਿਲੇ ਬੁਲਾਰੇ ਰਹੇ। ਹੋਰ ਬੁਲਾਰਿਆਂ ਵਿੱਚ ਉੱਘੇ ਅਰਥਸ਼ਾਸਤਰੀ ਡਾ. ਆਰ.ਰਾਮਕੁਮਾਰ ਅਤੇ ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨਜ਼ ਐਸੋਸੀਏਸ਼ਨ (ਏਆਈਡੀਡਬਲਿਊਏ) ਦੀ ਜਨਰਲ ਸਕੱਤਰ ਮਰੀਅਮ ਧਵਲੇ ਸ਼ਾਮਲ ਸਨ।

ਜ਼ਿਆਦਾਤਰ ਰੋਸ ਮੁਜ਼ਾਹਰਿਆਂ ਦਾ ਅਯੋਜਨ ਕਰਨ ਵਾਲ਼ੀ ਏਆਈਕੇਐੱਸ ਦੇ ਜਨਰਲ ਸੈਕਟਰੀ, ਅਜੀਤ ਨਵਲੇ ਕਹਿੰਦੇ ਹਨ,''ਅਸੀਂ ਸਰਕਾਰੀ ਵਾਅਦਿਆਂ ਤੋਂ ਥੱਕ ਗਏ ਹਾਂ। ਹੁਣ ਸਾਨੂੰ ਲਾਗੂ ਕਰਨ ਦੀ ਲੋੜ ਹੈ।''

ਇਹ ਮਾਰਚ 28 ਅਪ੍ਰੈਲ ਨੂੰ ਸੂਬੇ ਦੇ ਮਾਲੀਆ ਮੰਤਰੀ ਰਾਧਾਕ੍ਰਿਸ਼ਨ ਵਿਖੇ ਪਾਟਿਲ ਦੇ ਘਰ ਪਹੁੰਚੇਗਾ। ਲੋਕਾਂ ਦੀ ਨਿਰਾਸ਼ਾ ਅਤੇ ਗੁੱਸਾ ਸਪੱਸ਼ਟ ਝਲ਼ਕਦਾ ਹੈ ਜਦੋਂ ਲੂਹ ਸੁੱਟਣ ਵਾਲ਼ੀ ਧੁੱਪ ਵਿੱਚ ਵੀ ਕਈ ਬਜ਼ੁਰਗ ਪੈਦਲ ਤੁਰਦੇ ਨਜ਼ਰੀਂ ਪੈਂਦੇ ਹਨ, ਜਦੋਂ ਕਿ ਤਾਪਮਾਨ 39 ਡਿਗਰੀ ਤੱਕ ਪਹੁੰਚ ਗਿਆ ਹੋਇਆ ਹੈ।

ਉਨ੍ਹਾਂ ਕਿਹਾ, 'ਅਸੀਂ ਸਰਕਾਰੀ ਵਾਅਦਿਆਂ ਤੋਂ ਥੱਕ ਗਏ ਹਾਂ।' ਅਜੀਤ ਨਵਲੇ ਨੇ ਕਿਹਾ। ਉਹ ਕਿਸਾਨ ਸਭਾ ਦੇ ਜਨਰਲ ਸਕੱਤਰ ਹਨ। ਕਿਸਾਨ ਸਭਾ ਨੇ ਅੱਜ ਤੱਕ ਅਜਿਹੇ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਕੀਤੇ ਹਨ। 'ਹੁਣ ਸਾਨੂੰ ਲਾਗੂ ਕਰਨ ਦੀ ਲੋੜ ਹੈ'

ਦੇਖੋ ਵੀਡੀਓ: ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਹਜ਼ਾਰਾਂ ਕਿਸਾਨ ਮਾਰਚ ਵਿੱਚ ਸ਼ਾਮਲ ਹੋਏ

ਹਜ਼ਾਰਾਂ ਦੀ ਗਿਣਤੀ 'ਚ ਮਾਲੀਆ ਮੰਤਰੀ ਦੇ ਘਰ ਵੱਲ ਨੂੰ ਮਾਰਚ ਕਰ ਰਹੇ ਇਨ੍ਹਾਂ ਕਿਸਾਨਾਂ ਦੀ ਦ੍ਰਿੜਤਾ ਨੂੰ ਦੇਖਦੇ ਹੋਏ ਹੈਰਾਨੀ ਦੀ ਗੱਲ ਹੋਵੇਗੀ ਕਿ ਜੇਕਰ ਸਰਕਾਰੇ-ਦਰਬਾਰ ਖ਼ਤਰੇ ਦੀ ਘੰਟੀ ਨਾ ਵੱਜੇ। ਤਿੰਨ ਮੰਤਰੀਆਂ ਨੂੰ ਹੁਣੇ-ਹੁਣੇ ਸੰਦੇਸ਼ ਮਿਲ਼ਿਆ ਹੈ ਕਿ ਉਹ ਮਾਰਚ ਕਰਕੇ ਆਉਣ ਵਾਲ਼ੇ ਕਿਸਾਨਾਂ ਨੂੰ ਮਿਲ਼ਣ ਅਤੇ ਗੱਲਬਾਤ ਕਰਨ ਲਈ ਤਿਆਰ ਰਹਿਣ।

ਪਰ ਭਾਰਤੀ ਮੰਗਾ ਵਰਗੇ ਬਹੁਤ ਸਾਰੇ ਲੋਕ ਹੁਣ ਅਜਿਹੀਆਂ ਚੋਪੜੀਆਂ ਗੱਲਾਂ ਤੋਂ ਸੰਤੁਸ਼ਟ ਨਹੀਂ ਹੋਣ ਲੱਗੇ। "ਇਹ ਸਾਡੇ ਅਧਿਕਾਰਾਂ ਦਾ ਸਵਾਲ ਹੈ। ਸਾਡੀ ਲੜਾਈ ਆਪਣੇ ਪੋਤੇ-ਪੋਤੀਆਂ ਦੇ ਬਿਹਤਰ ਭਵਿੱਖ ਲਈ ਹੈ," ਕਿਸਾਨ ਭਾਰਤੀ ਕਹਿੰਦੀ ਹੈ, ਜੋ ਆਪਣੀ ਉਮਰ 70ਵਿਆਂ ਵਿੱਚ ਹੈ। ਉਹ ਪਾਲਘਰ ਦੇ ਆਪਣੇ ਪਿੰਡ ਇਬਾਦਪਾੜਾ ਤੋਂ 200 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇੱਥੇ ਮਾਰਚ ਲਈ ਆਈ ਹੈ।

ਮੰਗਾ, ਵਾਰਲੀ ਆਦਿਵਾਸੀ ਹੈ। ਉਹ ਪੀੜ੍ਹੀਆਂ ਤੋਂ ਆਪਣੇ ਦੋ ਏਕੜ ਵਿੱਚ ਖੇਤੀ ਕਰ ਰਹੇ ਹਨ। ਪਰ ਕਿਉਂਕਿ ਇਹ ਜ਼ਮੀਨ ਜੰਗਲ ਦੀ ਧਰਤੀ ਹੈ, ਇਸ ਲਈ ਉਨ੍ਹਾਂ ਦਾ ਜ਼ਮੀਨ 'ਤੇ ਕੋਈ ਅਧਿਕਾਰ ਨਹੀਂ ਹੈ। "ਮੈਂ ਮਰਨ ਤੋਂ ਪਹਿਲਾਂ ਆਪਣੀ ਜ਼ਮੀਨ 'ਤੇ ਪਰਿਵਾਰਕ ਮੈਂਬਰਾਂ ਦੇ ਨਾਮ ਦੇਖਣਾ ਚਾਹੁੰਦੀ ਹਾਂ।''

ਉਹਨੂੰ ਪਤਾ ਨਹੀਂ ਅਗਲੇ ਤਿੰਨ ਦਿਨਾਂ ਵਾਸਤੇ ਉਹਨੇ ਕਿੰਨੀਆਂ ਰੋਟੀਆਂ ਪੱਲੇ ਬੰਨ੍ਹੀਆਂ ਹਨ। ਉਹ ਕਹਿੰਦੀ ਹੈ, "ਮੈਂ ਕਾਹਲੀ-ਕਾਹਲੀ ਰੋਟੀਆਂ ਬੰਨ੍ਹੀਆਂ ਸਨ।'' ਪਰ ਉਹ ਇੱਕ ਗੱਲ ਜ਼ਰੂਰ ਜਾਣਦੀ ਹੈ। ਯਾਨੀ ਕਿਸਾਨ ਇੱਕ ਵਾਰ ਫਿਰ ਆਪਣੇ ਹੱਕਾਂ ਲਈ ਸੜਕਾਂ 'ਤੇ ਉਤਰ ਆਏ ਹਨ ਅਤੇ ਉਹ ਵੀ।

PHOTO • P. Sainath

ਹਜ਼ਾਰਾਂ ਦੀ ਗਿਣਤੀ 'ਚ ਮਾਰਚ ਕਰ ਚੁੱਕੇ ਇਨ੍ਹਾਂ ਕਿਸਾਨਾਂ ਦੀ ਦ੍ਰਿੜਤਾ ਨੂੰ ਦੇਖਦੇ ਹੋਏ ਹੈਰਾਨੀ ਦੀ ਗੱਲ ਹੋਵੇਗੀ ਕਿ ਜੇਕਰ ਸਰਕਾਰੇ ਦਰਬਾਰ ਖਤਰੇ ਦੀ ਘੰਟੀ ਨਾ ਵੱਜੇ। ਤਿੰਨ ਮੰਤਰੀਆਂ ਨੂੰ ਹੁਣੇ-ਹੁਣੇ ਸੰਦੇਸ਼ ਮਿਲ਼ਿਆ ਹੈ ਕਿ ਉਹ ਮਾਰਚ ਕਰਕੇ ਆਉਣ ਵਾਲ਼ੇ ਕਿਸਾਨਾਂ ਨੂੰ ਮਿਲ਼ਣ ਅਤੇ ਗੱਲਬਾਤ ਕਰਨ ਲਈ ਤਿਆਰ ਰਹਿਣ

PHOTO • Parth M.N.
PHOTO • Parth M.N.

ਭਾਰਤੀ ਮੰਗਾ, ਜੋ ਆਪਣੀ ਉਮਰ ਦੇ 70 ਵਿਆਂ ਵਿੱਚ ਹੈ, ਨੇ ਮਾਰਚ ਵਿੱਚ ਹਿੱਸਾ ਲੈਣ ਲਈ ਪਾਲਘਰ ਦੇ ਆਪਣੇ ਪਿੰਡ ਇਬਾਧਾਪਾਡਾ ਤੋਂ 200 ਕਿਲੋਮੀਟਰ ਦੀ ਯਾਤਰਾ ਕੀਤੀ ਹੈ

ਕੀ ਇੱਥੇ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਦੀਆਂ ਮੰਗਾਂ ਕੁਝ ਨਵੀਂਆਂ ਹਨ? ਸਾਲ 2018 ਤੋਂ ਜਦੋਂ ਕਿਸਾਨ ਸਭਾ ਨੇ ਨਾਸਿਕ ਤੋਂ ਮੁੰਬਈ ਤੱਕ ਪੈਦਲ 180 ਕਿਲੋਮੀਟਰ ਲੰਬਾ ਮਾਰਚ ਕੱਢਿਆ ਸੀ, ਉਦੋਂ ਤੋਂ ਹੀ ਸੂਬੇ ਅਤੇ ਕਿਸਾਨਾਂ ਵਿਚਾਲ਼ੇ ਇਹ ਸੰਘਰਸ਼ ਮੁਸੀਬਤਾਂ ਵਧਾਉਂਦਾ ਜਾ ਰਿਹਾ ਹੈ। (Read: The march goes on… )

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਨ੍ਹਾਂ ਦਾ ਕਰਜ਼ਾ ਮੁਆਫ ਕਰਨਾ ਚਾਹੀਦਾ ਹੈ। ਖੇਤੀ ਦੀ ਵੱਧਦੀ ਲਾਗਤ, ਫ਼ਸਲਾਂ ਦੀਆਂ ਡਿੱਗਦੀਆਂ ਕੀਮਤਾਂ ਅਤੇ ਅਸਥਿਰ ਵਾਤਾਵਰਣ ਨੇ ਕਿਸਾਨਾਂ ਦੇ ਮਨਾਂ ਅੰਦਰ ਆਪਣੇ ਪੈਸੇ ਵਾਪਸ ਮੁੜਨ ਦੀ ਕੋਈ ਉਮੀਦ ਜਾਂ ਗਰੰਟੀ ਬਾਕੀ ਨਹੀਂ ਛੱਡੀ। ਉਹ ਪਿਛਲੇ ਦੋ ਸਾਲਾਂ ਵਿੱਚ ਭਾਰੀ ਬਾਰਸ਼ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਹਨ। ਸਰਕਾਰ ਨੇ ਅਜਿਹਾ ਕਰਨ ਦਾ ਵਾਅਦਾ ਵੀ ਕੀਤਾ ਸੀ, ਪਰ ਅਸਲ ਵਿੱਚ ਕੁਝ ਵੀ ਨਹੀਂ ਹੋਇਆ।

ਰਾਜ ਦੇ ਕਬਾਇਲੀ ਜ਼ਿਲ੍ਹਿਆਂ ਵਿੱਚ ਆਦਿਵਾਸੀ ਕਿਸਾਨ 25 ਸਾਲਾਂ ਤੋਂ ਵੱਧ ਸਮੇਂ ਤੋਂ ਜੰਗਲਾਤ ਅਧਿਕਾਰ ਐਕਟ , 2006 ਨੂੰ ਲਾਗੂ ਕੀਤੇ ਜਾਣ ਲਈ ਲੜ ਰਹੇ ਹਨ।

ਖੇਤੀ ਕਾਰਕੁਨ ਇਹ ਵੀ ਚਾਹੁੰਦੇ ਹਨ ਕਿ ਸਰਕਾਰ ਦਖ਼ਲ ਦੇਵੇ ਅਤੇ ਡੇਅਰੀ ਕਿਸਾਨਾਂ ਦੇ ਘਾਟੇ ਨੂੰ ਪੂਰਾ ਕਰੇ ਜਿਨ੍ਹਾਂ ਨੂੰ ਕੋਵਿਡ -19 ਦੇ ਫੈਲਣ ਤੋਂ ਬਾਅਦ 17 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਵੇਚਣਾ ਪਿਆ ਸੀ।

PHOTO • Parth M.N.

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਨ੍ਹਾਂ ਦਾ ਕਰਜ਼ਾ ਮੁਆਫ ਕਰਨਾ ਚਾਹੀਦਾ ਹੈ। ਕਾਸ਼ਤ ਦੀ ਵੱਧਦੀ ਲਾਗਤ, ਫ਼ਸਲਾਂ ਦੀਆਂ ਡਿੱਗਦੀਆਂ ਕੀਮਤਾਂ ਅਤੇ ਅਸਥਿਰ ਵਾਤਾਵਰਣ ਨੇ ਕਿਸਾਨਾਂ ਦੇ ਮਨਾਂ ਅੰਦਰ ਆਪਣੇ ਪੈਸੇ ਵਾਪਸ ਮੁੜਨ ਦੀ ਕੋਈ ਉਮੀਦ ਜਾਂ ਗਰੰਟੀ ਬਾਕੀ ਨਹੀਂ ਛੱਡੀ

PHOTO • Parth M.N.
PHOTO • Parth M.N.

ਕੀ ਇੱਥੇ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਦੀਆਂ ਮੰਗਾਂ ਕੁਝ ਨਵੀਂਆਂ ਹਨ? ਜਦੋਂ ਤੋਂ ਕਿਸਾਨ ਸਭਾ ਨੇ 2018 ਵਿੱਚ ਨਾਸਿਕ ਤੋਂ ਮੁੰਬਈ ਤੱਕ 180 ਕਿਲੋਮੀਟਰ ਲੰਬਾ ਮਾਰਚ ਕੱਢਿਆ ਹੈ, ਉਦੋਂ ਤੋਂ ਹੀ ਸੂਬੇ ਅਤੇ ਕਿਸਾਨਾਂ ਵਿਚਾਲ਼ੇ ਇਹ ਸੰਘਰਸ਼ ਮੁਸੀਬਤਾਂ ਵਧਾਉਂਦਾ ਜਾ ਰਿਹਾ ਹੈ

ਗੁਲਚੰਦ ਜਾਂਗਲੇ ਅਤੇ ਉਨ੍ਹਾਂ ਦੀ ਪਤਨੀ ਕੌਸਾਬਾਈ, ਜੋ ਅਕੋਲੇ ਤਾਲੁਕਾ ਦੇ ਸ਼ੈਲਵੀਹਿਰੇ ਪਿੰਡ ਦੇ ਇੱਕ ਕਿਸਾਨ ਸਨ, ਨੂੰ ਆਪਣੀ ਜ਼ਮੀਨ ਵੇਚਣੀ ਪਈ। ਹੁਣ ਉਹ ਜਦੋਂ ਵੀ ਕੰਮ ਮਿਲ਼ਦਾ ਹੋਵੇ ਹੋਰਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦੇ ਹਨ। ਹਾਲਾਂਕਿ, ਉਨ੍ਹਾਂ ਨੇ ਆਪਣੇ ਬੇਟੇ ਨੂੰ ਖੇਤੀ ਤੋਂ ਦੂਰ ਰੱਖਿਆ ਹੈ। "ਉਹ ਪੁਣੇ ਵਿੱਚ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਹੈ," ਜਾਂਗਲੇ ਕਹਿੰਦੇ ਹਨ,"ਮੈਂ ਹੀ ਉਸ ਨੂੰ ਕਿਹਾ ਸੀ ਇਸ ਕੰਮ ਤੋਂ ਦੂਰ ਰਹੇ। ਖੇਤੀ ਦਾ ਕੋਈ ਭਵਿੱਖ ਨਹੀਂ ਬਚਿਆ।''

ਆਪਣੀ ਜ਼ਮੀਨ ਵੇਚਣ ਤੋਂ ਬਾਅਦ, ਜਾਂਗਲੇ ਅਤੇ ਕੌਸਾਬਾਈ ਮੱਝਾਂ ਪਾਲ਼ਦੇ ਹਨ ਅਤੇ ਦੁੱਧ ਵੇਚਦੇ ਹਨ। ਉਹ ਕਹਿੰਦੇ ਹਨ, "ਮਹਾਂਮਾਰੀ ਦੇ ਆਉਣ ਤੋਂ ਬਾਅਦ ਹੁਣ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ ਹੈ।''

ਮਾਰਚ ਵਿੱਚ ਸ਼ਿਰਕਤ ਕਰਨ ਲਈ ਦ੍ਰਿੜ ਸੰਕਲਪ, ਜਾਂਗਲੇ ਕਹਿੰਦੇ ਹਨ, "ਮੈਂ ਆਪਣੀਆਂ ਤਿੰਨ ਦਿਹਾੜੀਆਂ ਤੋੜ ਲਈਆਂ ਹਨ। ਤਿੰਨ ਦਿਨ ਧੁੱਪੇ ਤੁਰਦੇ ਰਹਿਣ ਤੋਂ ਬਾਅਦ, ਮੈਂ ਤੁਰੰਤ ਕੰਮ 'ਤੇ ਵਾਪਸ ਨਹੀਂ ਮੁੜ ਸਕਾਂਗਾ। ਮੰਨ ਕੇ ਚੱਲੋ, ਮੇਰੀਆਂ ਤਿੰਨ ਨਹੀਂ ਪੰਜ ਦਿਹਾੜੀਆਂ ਟੁੱਟਣਗੀਆਂ।"

ਉਹ ਚਾਹੁੰਦੇ ਹਨ ਕਿ ਸਾਡੇ ਹਜ਼ਾਰਾਂ-ਹਜ਼ਾਰ ਕਿਸਾਨਾਂ ਦੀ ਸਾਂਝੀ ਆਵਾਜ਼ ਸੁਣੀ ਜਾਵੇ। "ਜਦੋਂ ਤੁਸੀਂ ਇਨ੍ਹਾਂ ਹਜ਼ਾਰਾਂ ਕਿਸਾਨਾਂ ਨੂੰ ਮਾਰਚ ਦੌਰਾਨ ਮੋਢੇ ਨਾਲ਼ ਮੋਢਾ ਜੋੜ ਕੇ ਤੁਰਦੇ ਦੇਖਦੇ ਹੋ, ਤਾਂ ਇਹ ਨਜ਼ਾਰਾ ਤੁਹਾਡੇ ਅੰਦਰ ਊਰਜਾ ਭਰ ਦਿੰਦਾ ਹੈ। ਤੁਸੀਂ ਇਸ ਉਮੀਦ ਨਾ ਭਰ ਜਾਂਦੇ ਹੋ ਕਿ ਕੁਝ ਨਾ ਕੁਝ ਜ਼ਰੂਰ ਵਾਪਰੇਗਾ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought'.

Other stories by P. Sainath
Editor : PARI Team
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur