ਆਪਣੇ ਖੇਤ ਵਿੱਚ ਪੈਰ ਧਰਦਿਆਂ ਹੀ ਨਾਮਦੇਵ ਤਰਾਲੇ ਰਤਾ ਹੌਲ਼ੀ ਹੋ ਜਾਂਦੇ ਹਨ। 48 ਸਾਲਾ ਇਹ ਕਿਸਾਨ ਖੇਤਾਂ ਵਿੱਚ ਉੱਗੀ ਮੂੰਗੀ ਦੇ ਬੂਟਿਆਂ ਨੂੰ ਨੇੜਿਓਂ ਤੱਕਣ ਲਈ ਬਹਿ ਜਾਂਦੇ ਹਨ। ਇਹ ਬੂਟੇ ਪੈਰਾਂ ਹੇਠ ਕੁਚਲੇ ਗਏ ਤੇ ਖਾਧੇ ਹੋਏ ਜਾਪ ਰਹੇ ਹਨ। ਇਹ ਫਰਵਰੀ 2022 ਦੀ ਠੰਡੀ ਪਰ ਸੁਹਾਵਣੀ ਸਵੇਰ ਹੈ ਤੇ ਸੂਰਜ ਬੜੀ ਨਿੱਘੀ ਧੁੱਪ ਸੁੱਟ ਰਿਹਾ ਹੈ।

'' ਹਾ ਏਕ ਪ੍ਰਾਕਰਚਾ ਦੁਸ਼ਕਾਲਾਂਚ ਆਹੇ (ਇਹ ਨਵੀਂ ਹੀ ਕਿਸਮ ਦਾ ਸੋਕਾ ਹੈ),'' ਉਹ ਦੋ-ਟੂਕ ਗੱਲ ਕਰਦੇ ਹਨ।

ਤਰਾਲੇ ਦੀ ਸੁਰ ਵਿੱਚ ਹਿਰਖ ਤੇ ਸਹਿਮ ਦਾ ਰਲੇਂਵਾ ਪ੍ਰਤੀਤ ਹੁੰਦਾ ਹੈ। ਪੰਜ ਏਕੜ ਜ਼ਮੀਨ ਦਾ ਮਾਲਕ ਇਸ ਗੱਲੋਂ ਚਿੰਤਤ ਹੈ ਕਿ ਉਹਦੀ ਮਾਂਹ ਤੇ ਮੂੰਗੀ ਦੀ ਖੜ੍ਹੀ ਫ਼ਸਲ ਤਬਾਹ ਹੋਣ ਵਾਲ਼ੀ ਹੈ, ਜਿਹਦੀ ਵਾਢੀ ਵਿੱਚ ਬੱਸ ਤਿੰਨ ਕੁ ਮਹੀਨਿਆਂ ਦਾ ਸਮਾਂ ਬਾਕੀ ਹੈ। ਖੇਤੀ ਵਿਚਲੇ ਆਪਣੇ 25 ਸਾਲਾਂ ਤੋਂ ਵੱਧ ਦੇ ਤਜ਼ਰਬੇ  ਵਿੱਚ ਉਹਨੇ ਕਈ ਕਿਸਮਾਂ ਦੇ ਸੋਕੇ ਝੱਲੇ- ਉਨ੍ਹਾਂ ਵਿੱਚੋਂ ਇੱਕ ਹੈ ਮੌਸਮੀ ਸੋਕਾ, ਜਦੋਂ ਜਾਂ ਤਾਂ ਮੀਂਹ ਪੈਂਦਾ ਹੀ ਨਹੀਂ ਜਾਂ ਬਹੁਤ ਜ਼ਿਆਦਾ ਪੈ ਜਾਂਦੇ ਹਨ;  ਦੂਜਾ ਸੋਕਾ ਹੈ ਹਾਈਡ੍ਰੋਲੋਜੀਕਲ, ਜਦੋਂ ਜ਼ਮੀਨਦੋਜ਼ ਪਾਣੀ ਦਾ ਟੇਬਲ ਚਿੰਤਾਜਨਕ ਹਾਲਤ ਤੱਕ ਹੇਠਾਂ ਚਲਾ ਜਾਵੇ; ਤੀਜਾ ਹੈ ਖੇਤੀਬਾੜੀ ਨਾਲ਼ ਜੁੜਿਆ ਸੋਕਾ ਜਦੋਂ ਮਿੱਟੀ ਦੀ ਨਮੀ ਘੱਟ ਜਾਂਦੀ ਹੈ ਜਿਸ ਕਾਰਨ ਫ਼ਸਲਾਂ ਸੜ ਜਾਂਦੀਆਂ ਹਨ।

ਪਰੇਸ਼ਾਨ ਤਰਾਲੇ ਕਹਿਣਾ ਹੈ ਜਿਓਂ ਹੀ ਤੁਸੀਂ ਚੰਗੇ ਝਾੜ ਦੀ ਉਮੀਦ ਬੰਨ੍ਹਦੇ ਹੋ ਇਹ ਬਿਪਤਾ ਕਦੇ ਲੱਤਾਂ 'ਤੇ ਕਦੇ ਖੰਭ ਲਾ ਆ ਧਮਕਦੀ ਹੈ ਤੇ ਥੋੜ੍ਹਾ-ਥੋੜ੍ਹਾ ਕਰ ਪੂਰੀ ਫ਼ਸਲ ਮਧੋਲ਼ ਜਾਂਦੀ ਹੈ।

''ਸਵੇਰ ਵੇਲ਼ੇ ਜਲ-ਕੁੱਕੜੀ, ਬਾਂਦਰ, ਖ਼ਰਗੋਸ਼ ਆਉਂਦੇ ਨੇ; ਤੇ ਰਾਤੀਂ ਹਿਰਨ, ਨੀਲਗਾਈ, ਜੰਗਲੀ ਸੂਰ, ਚੀਤੇ ਹਮਲਾ ਕਰਦੇ ਹਨ,'' ਉਹ ਤਬਾਹੀ ਮਚਾਉਣ ਵਾਲ਼ੇ ਜਾਨਵਰਾਂ ਨਾਮ ਦੱਸਦਿਆਂ ਕਹਿੰਦੇ ਹਨ।

'' ਆਂਹਾਲੇ ਪੇਰਤਾ ਯੇਤੇ ਸਾਹੇਬ, ਪਣ ਵਾਚਵਤਾ ਯੇਤ ਨਾਹੀ (ਅਸੀਂ ਸਿਰਫ਼ ਬਿਜਾਈ ਕਰਨਾ ਜਾਣਦੇ ਹਾਂ, ਆਪਣੀ ਫ਼ਸਲਾਂ ਨੂੰ ਬਚਾਉਣਾ ਨਹੀਂ),'' ਹਾਰੀ ਹੋਈ ਅਵਾਜ਼ ਵਿੱਚ ਉਹ ਕਹਿੰਦੇ ਹਨ। ਉਹ ਨਰਮੇ ਤੇ ਸੋਇਆਬੀਨ ਜਿਹੀਆਂ ਨਕਦੀ ਫ਼ਸਲਾਂ ਤੋਂ ਇਲਾਵਾ ਮੂੰਗੀ, ਮੱਕੀ, ਜਵਾਰ ਤੇ ਅਰਹਰ ਦੀ ਦਾਲ਼ ਦੀ ਖੇਤੀ ਕਰਦਾ ਹੈ।

PHOTO • Jaideep Hardikar
PHOTO • Jaideep Hardikar

ਚੰਦਰਪੁਰ ਜ਼ਿਲ੍ਹੇ ਦੇ ਪਿੰਡ ਧਾਮਣੀ ਦੇ ਨਾਮਦੇਵ ਤਰਾਲੇ ਨੇ ਜੰਗਲੀ ਜਾਨਵਰਾਂ ਦੇ ਖ਼ਤਰੇ ਦੀ ਤੁਲਨਾ ਇੱਕ ਆਪਣੀ ਹੀ ਕਿਸਮ ਦੇ ਸੋਕੇ ਨਾਲ਼ ਕੀਤੀ, ਜੋ ਚਾਰ ਲੱਤਾਂ ' ਤੇ ਆਉਂਦਾ ਹੈ ਤੇ ਸਾਰੀ ਫ਼ਸਲ ਮਧੋਲ਼ ਜਾਂਦੇ ਹਨ

PHOTO • Jaideep Hardikar
PHOTO • Jaideep Hardikar

ਖੱਬੇ ਪਾਸੇ : ਚਪਰਾਲਾ ਪਿੰਡ ਦੇ ਕਿਸਾਨ, ਗੋਪਾਲ ਬੋਂਡੇ ਕਹਿੰਦੇ ਹਨ, ' ਰਾਤੀਂ ਜਦੋਂ ਮੈਂ ਸੌਣ ਲੱਗਦਾ ਹਾਂ ਤਾਂ ਮਨ ਵਿੱਚ ਇਹੀ ਖ਼ਦਸ਼ਾ ਰਹਿੰਦਾ ਹੈ ਕਿ ਸਵੇਰ ਹੁੰਦਿਆਂ ਮੇਰੀ ਫ਼ਸਲ ਦਿੱਸੇਗੀ ਵੀ ਜਾਂ ਨਹੀਂ। ' ਸੱਜੇ ਪਾਸੇ : ਬੋਂਡੇ ਆਪਣੇ ਉਸ ਖੇਤ ਦੀ ਨਿਗਰਾਨੀ ਕਰਦੇ ਹੋਏ ਜੋ ਸਿਆਲੀ ਦੀ ਫ਼ਸਲ ਲਈ ਤਿਆਰ ਹੈ

ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਪਿੰਡ ਧਾਮਣੀ ਦੇ ਤਰਾਲੇ ਇਕੱਲੇ ਕਿਸਾਨ ਨਹੀਂ ਜੋ ਇਸ ਸੂਰਤੇ-ਹਾਲ ਤੋਂ ਪਰੇਸ਼ਾਨ ਹਨ। ਇਸੇ ਤਰ੍ਹਾਂ ਦੀ ਨਿਰਾਸ਼ਾ ਇਸ ਜ਼ਿਲ੍ਹੇ ਦੇ ਤਾਡੋਬਾ ਅੰਧਾਰੀ ਟਾਈਗਰ ਰਿਜ਼ਰਵ (TATR) ਦੇ ਨੇੜਲੇ ਪਿੰਡਾਂ ਦੇ ਨਾਲ਼-ਨਾਲ਼ ਮਹਾਰਾਸ਼ਟਰ ਦੇ ਹੋਰਨਾਂ ਹਿੱਸਿਆਂ ਦੇ ਕਿਸਾਨਾਂ ਨੂੰ ਵੀ ਆਪਣੀ ਜਕੜ ਵਿੱਚ ਲੈ ਰਹੀ ਹੈ।

ਤਰਾਲੇ ਦੇ ਖੇਤ ਤੋਂ 25 ਕਿਲੋਮੀਟਰ ਦੂਰ ਛਪਰਾਲਾ (ਜਿਵੇਂ ਕਿ 2011 ਦੀ ਮਰਦਮਸ਼ੁਮਾਰੀ ਵਿੱਚ ਜ਼ਿਕਰ ਕੀਤਾ ਗਿਆ ਹੈ) ਵਿੱਚ, 40 ਸਾਲਾ ਗੋਪਾਲ ਬੋਂਡੇ ਪੂਰੀ ਤਰ੍ਹਾਂ ਥੱਕ ਗਏ ਹਨ। ਫਰਵਰੀ 2022 ਵਿਚ, ਅਸੀਂ ਸਪੱਸ਼ਟ ਤੌਰ 'ਤੇ ਦੇਖ ਸਕਦੇ ਸਾਂ ਕਿ ਕਿਵੇਂ ਉਸ ਦਾ 10 ਏਕੜ ਦਾ ਖੇਤ ਹੌਲੀ-ਹੌਲੀ ਖਰਾਬ ਹੋ ਰਿਹਾ ਸੀ। ਇਨ੍ਹਾਂ ਵਿੱਚੋਂ ਸਿਰਫ ਪੰਜ ਏਕੜ ਵਿੱਚ ਹੀ ਮੂੰਗੀ ਬੀਜੀ ਗਈ ਹੈ। ਖੇਤ ਦੇ ਵਿਚਕਾਰ,  ਕੁਝ ਥਾਈਂ ਫ਼ਸਲਾਂ ਵਿਛੀਆਂ ਪਈਆਂ ਹਨ। ਇਓਂ ਜਾਪਦਾ ਜਿਵੇਂ ਕਿਸੇ ਨੇ ਬਦਲਾ ਲੈਣ ਦੀ ਨੀਅਤ ਨਾਲ਼ ਫ਼ਸਲ ਨੂੰ ਉਖਾੜ ਸੁੱਟਿਆ ਹੋਵੇ, ਦਾਣਾ ਖਾ ਲਿਆ ਹੋਵੇ ਅਤੇ ਖੇਤਾਂ ਨੂੰ ਤਬਾਹ ਕਰ ਦਿੱਤਾ ਹੋਵੇ, ਜਾਂਦੇ ਵੇਲ਼ੇ ਫ਼ਸਲਾਂ ਨੂੰ ਪੈਰਾਂ ਹੇਠ ਮਧੋਲ਼ ਸੁੱਟਿਆ ਹੋਵੇ।

ਬੋਂਡੇ ਕਹਿੰਦੇ ਹਨ, "ਰਾਤੀਂ ਜਦੋਂ ਮੈਂ ਸੌਣ ਲੱਗਦਾ ਹਾਂ ਤਾਂ ਮਨ ਵਿੱਚ ਇਹੀ ਖ਼ਦਸ਼ਾ ਰਹਿੰਦਾ ਹੈ ਕਿ ਸਵੇਰ ਹੁੰਦਿਆਂ ਮੇਰੀ ਫ਼ਸਲ ਦਿੱਸੇਗੀ ਵੀ ਜਾਂ ਨਹੀਂ। ਉਹ ਜਨਵਰੀ 2023 ਵਿੱਚ ਮੇਰੇ ਨਾਲ਼ ਗੱਲ ਕਰ ਰਿਹਾ ਸੀ, ਸਾਡੇ ਪਹਿਲੀ ਵਾਰ ਮਿਲ਼ਣ ਦੇ ਇੱਕ ਸਾਲ ਬਾਅਦ। ਇਸ ਸਮੇਂ ਦੌਰਾਨ, ਉਹ ਰਾਤ ਨੂੰ ਮੀਂਹ ਜਾਂ ਠੰਡ ਦੀ ਪਰਵਾਹ ਕੀਤਿਆਂ ਬਗ਼ੈਰ ਆਪਣੇ ਖੇਤਾਂ ਦੇ ਘੱਟੋ ਘੱਟ ਦੋ ਚੱਕਰ ਲਗਾਉਂਦਾ ਹੈ। ਕਈ ਮਹੀਨਿਆਂ ਤੱਕ ਨੀਂਦ ਨਾ ਆਉਣ ਅਤੇ ਸਰਦੀ-ਜ਼ੁਕਾਮ ਕਾਰਨ ਉਹ ਅਕਸਰ ਬਿਮਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਕੁਝ ਆਰਾਮ ਉਦੋਂ ਹੀ ਮਿਲ਼ਦਾ ਹੈ ਜਦੋਂ ਖੇਤ ਵਿੱਚ ਫ਼ਸਲ ਨਹੀਂ ਹੁੰਦੀ। ਖਾਸ ਕਰਕੇ ਗਰਮੀਆਂ ਵਿੱਚ। ਪਰ ਹਰ ਰਾਤ ਉਨ੍ਹਾਂ ਨੂੰ ਖੇਤਾਂ ਵਿੱਚ ਘੁੰਮਣਾ ਪੈਂਦਾ ਹੈ। ਖਾਸ ਕਰਕੇ ਜਦੋਂ ਫ਼ਸਲਾਂ ਦੀ ਕਟਾਈ ਕੀਤੀ ਜਾਂਦੀ ਹੈ। ਬੋਂਡੇ ਆਪਣੇ ਘਰ ਦੇ ਵਿਹੜੇ ਵਿੱਚ ਕੁਰਸੀ 'ਤੇ ਬੈਠਦਿਆਂ ਕਹਿੰਦੇ ਹਨ। ਹਵਾ ਵਿੱਚ ਸਰਦੀ ਠੰਢੀ ਪੈ ਗਈ ਸੀ।

ਜੰਗਲੀ ਜਾਨਵਰ ਸਾਰਾ ਸਾਲ ਖੇਤਾਂ ਵਿੱਚ ਭੋਜਨ ਖਾਂਦੇ ਹਨ: ਸਰਦੀਆਂ ਵੇਲ਼ੇ ਅਤੇ ਮਾਨਸੂਨ ਰੁੱਤੇ ਜਦੋਂ ਖੇਤ ਹਰੇ ਹੁੰਦੇ ਹਨ ਉਹ ਨਵੀਆਂ ਕਰੂੰਬਲ਼ਾਂ ਤੱਕ ਚਰ ਜਾਂਦੇ ਹਨ। ਗਰਮੀਆਂ ਵਿੱਚ ਉਹ ਖੇਤ ਵਿੱਚ ਖੜ੍ਹਾ ਪਾਣੀ ਤੱਕ ਨਹੀਂ ਛੱਡਦੇ।

ਇਸੇ ਲਈ ਬੋਂਡੇ ਨੂੰ ਸਾਰੀ ਰਾਤ ਖੇਤਾਂ ਵਿੱਚ ਘੁੰਮਣਾ ਪੈਂਦਾ ਹੈ। "ਉਹ ਰਾਤ ਨੂੰ ਜ਼ਿਆਦਾ ਨੁਕਸਾਨ ਕਰਦੇ ਹਨ। ਮੰਨ ਕੇ ਚੱਲੋ ਕਿ ਦਿਹਾੜੀ ਦਾ ਕੁਝ ਹਜ਼ਾਰ ਰੁਪਏ ਦਾ ਨੁਕਸਾਨ ਤਾਂ ਕਰ ਹੀ ਜਾਂਦੇ ਹਨ।'' ਬਾਘ ਅਤੇ ਚੀਤੇ ਵਰਗੇ ਸ਼ਿਕਾਰੀ ਜਾਨਵਰ ਗਾਵਾਂ ਅਤੇ ਪਸ਼ੂਆਂ 'ਤੇ ਹਮਲਾ ਕਰਦੇ ਹਨ। ਉਨ੍ਹਾਂ ਦੇ ਪਿੰਡ ਵਿੱਚ ਹਰ ਸਾਲ ਬਾਘ ਦੇ ਹਮਲਿਆਂ ਵਿੱਚ ਔਸਤਨ 20 ਜਾਨਵਰਾਂ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਵੀ ਗੰਭੀਰ ਗੱਲ ਇਹ ਹੈ ਕਿ ਲੋਕ ਜੰਗਲੀ ਜਾਨਵਰਾਂ ਦੇ ਹਮਲਿਆਂ ਵਿੱਚ ਜ਼ਖਮੀ ਹੋ ਜਾਂਦੇ ਹਨ ਅਤੇ ਮਰ ਜਾਂਦੇ ਹਨ।

PHOTO • Jaideep Hardikar
PHOTO • Jaideep Hardikar

ਤਾਡੋਬਾ ਅੰਧਾਰੀ ਟਾਈਗਰ ਰਿਜ਼ਰਵ ਦੇ ਉੱਤਰੀ ਕਿਨਾਰੇ ਸੰਘਣੀ ਜੰਗਲੀ ਸੜਕ ' ਤੇ ਬਹੁਤ ਸਾਰੇ ਜੰਗਲੀ ਸੂਰ ਹਨ , ਜੋ ਇਸ ਖੇਤਰ ਦੇ ਕਿਸਾਨਾਂ ਲਈ ਸਿਰਦਰਦੀ ਬਣੇ ਰਹਿੰਦੇ ਹਨ

ਮਹਾਰਾਸ਼ਟਰ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਪੁਰਾਣੀਆਂ ਸੈਂਚੁਰੀਆਂ ਵਿੱਚੋਂ ਇੱਕ ਟੀਏਟੀਆਰ,  ਤਾਡੋਬਾ ਨੈਸ਼ਨਲ ਪਾਰਕ ਅਤੇ ਇਹਦੇ ਨਾਲ਼ ਲੱਗਦੀ ਅੰਧਾਰੀ ਸੈਂਚੁਰੀ ਨੂੰ ਜੋੜਦਾ ਹੈ, ਜੋ ਚੰਦਰਪੁਰ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ (ਤਾਲੁਕਾਵਾਂ) ਵਿੱਚ 1,727 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦਾ ਹੈ। ਅਜਿਹੀ ਸਥਿਤੀ ਵਿੱਚ ਇਸ ਖਿੱਤੇ ਨੂੰ ਜੰਗਲੀ ਜੀਵਾਂ ਤੇ ਮਨੁੱਖਾਂ ਦੇ ਟਕਰਾਅ ਦਾ ਕੇਂਦਰ ਮੰਨਿਆ ਜਾਂਦਾ ਹੈ। 2022 ਵਿੱਚ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ (ਐਨਟੀਸੀਏ) ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ, "ਮੱਧ ਭਾਰਤ ਦੇ ਉੱਚੇ ਇਲਾਕਿਆਂ ਵਿੱਚ ਸਥਿਤ ਤਾਡੋਬਾ ਟਾਈਗਰ ਰਿਜ਼ਰਵ ਵਿੱਚ, ਬਾਘਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਜਿਸ ਵਿੱਚ 1,161 ਬਾਘਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਗਿਆ ਹੈ।'' 2018 ਵਿੱਚ ਇਹ ਗਿਣਤੀ 1,033 ਸੀ।

ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ (ਐਨਟੀਸੀਏ) ਦੀ 2018 ਦੀ ਇੱਕ ਰਿਪੋਰਟ ਦੇ ਅਨੁਸਾਰ, ਰਾਜ ਦੇ 315 ਤੋਂ ਵੱਧ ਬਾਘਾਂ ਵਿੱਚੋਂ 82 ਤਾਡੋਬਾ ਵਿੱਚ ਹਨ।

ਇਸ ਖੇਤਰ ਦੇ ਹਜ਼ਾਰਾਂ ਪਿੰਡਾਂ ਵਿੱਚ, ਜਿੱਥੋਂ ਤੱਕ ਵਿਦਰਭ ਦਾ ਸਵਾਲ ਹੈ, ਤਰਾਲੇ ਜਾਂ ਬੋਂਡੇ ਵਰਗੇ ਕਿਸਾਨ, ਜਿਨ੍ਹਾਂ ਕੋਲ਼ ਖੇਤੀਬਾੜੀ ਤੋਂ ਇਲਾਵਾ ਰੋਜ਼ੀ-ਰੋਟੀ ਦੇ ਹੋਰ ਕੋਈ ਵਿਕਲਪ ਨਹੀਂ ਹਨ, ਜੰਗਲੀ ਜਾਨਵਰਾਂ ਨੂੰ ਰੋਕਣ ਲਈ ਅਜੀਬ ਕਿਸਮ ਦੇ ਤਰੀਕਿਆਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਈ ਤਰ੍ਹਾਂ ਦੀਆਂ ਵਾੜਾਂ ਲਾਉਂਦੇ ਹਨ, ਜਿਨ੍ਹਾਂ ਵਿੱਚ ਝਟਕਾ ਦੇਣ ਵਾਲ਼ੀਆਂ ਸੋਲਰ ਬੈਟਰੀ ਨਾਲ਼ ਚੱਲਣ ਵਾਲ਼ੀਆਂ ਵਾੜਾਂ, ਸਸਤੀਆਂ ਅਤੇ ਰੰਗੀਨ ਨਾਈਲੋਨ ਸਾੜ੍ਹੀਆਂ ਨਾਲ਼ ਆਪਣੇ ਖੇਤਾਂ ਨੂੰ ਵਲ੍ਹੇਟਣ ਦੀ ਕੋਸ਼ਿਸ਼, ਜੰਗਲਾਂ ਦੀ ਸਰਹੱਦ 'ਤੇ ਪਟਾਕੇ ਚਲਾਉਣਾ ਸ਼ਾਮਲ ਹਨ; ਕੁੱਤਿਆਂ ਦੇ ਝੁੰਡਾਂ ਨੂੰ ਖੇਤਾਂ ਦੇ ਬਾਹਰ-ਵਾਰ ਬੰਨ੍ਹਣ ਅਤੇ ਜਾਨਵਰਾਂ ਦੀਆਂ ਆਵਾਜ਼ਾਂ ਕੱਢਣ ਵਾਲ਼ੇ ਨਵੀਨਤਮ ਚੀਨੀ ਸੰਦਾਂ ਦੀ ਵਰਤੋਂ ਵੀ ਕਰਦੇ ਹਨ।

ਪਰ ਇਹਨਾਂ ਵਿੱਚੋਂ ਕੋਈ ਵੀ ਢੰਗ ਕੰਮ ਨਹੀਂ ਕਰਦਾ।

ਬੋਂਡੇ ਦਾ ਛਪਰਾਲਾ ਅਤੇ ਤਰਾਲੇ ਦਾ ਧਾਮਣੀ ਪਿੰਡ ਦੋਵੇਂ ਹੀ ਤਾਡੋਬਾ ਦੇ ਬਫਰ ਜ਼ੋਨ ਦੇ ਅਧੀਨ ਆਉਂਦੇ ਹਨ। ਤਾਡੋਬਾ ਪਾਰਕ ਇੱਕ ਪਤਝੜੀ ਜੰਗਲ ਹੈ ਜੋ ਸੈਲਾਨੀਆਂ ਲਈ ਸਵਰਗ ਹੈ, ਜਿਸ ਨਾਲ਼ ਇਹ ਇੱਕ ਮਹੱਤਵਪੂਰਨ ਟਾਈਗਰ ਰਿਜ਼ਰਵ ਬਣ ਜਾਂਦੇ ਹਨ। ਕਿਉਂਕਿ ਉਹ ਜੰਗਲ ਦੇ ਮਹਿਫ਼ੂਜ ਮੁੱਖ ਖੇਤਰ ਦੇ ਨੇੜੇ ਹੀ ਖੇਤੀ ਕਰ ਰਹੇ ਹਨ, ਇਸ ਲਈ ਉਨ੍ਹਾਂ ਦੇ ਖੇਤਾਂ 'ਤੇ ਜੰਗਲੀ ਜਾਨਵਰਾਂ ਦੇ ਲਗਾਤਾਰ ਹਮਲੇ ਹੋ ਰਹੇ ਹਨ। ਬਫਰ ਜ਼ੋਨ ਵਿੱਚ ਮਨੁੱਖੀ ਬਸਤੀਆਂ ਹੁੰਦੀਆਂ ਹਨ ਅਤੇ ਸੁਰੱਖਿਅਤ ਜੰਗਲ ਦੇ ਆਲ਼ੇ-ਦੁਆਲ਼ੇ ਦੇ ਖੇਤਰ ਨੂੰ ਬਫਰ ਜ਼ੋਨ ਮੰਨਿਆ ਜਾਂਦੇ ਹਨ। ਹਾਲਾਂਕਿ, ਇਸ ਇਲਾਕੇ ਅੰਦਰ ਕਿਸੇ ਵੀ ਮਨੁੱਖੀ ਗਤੀਵਿਧੀ ਦੀ ਆਗਿਆ ਨਹੀਂ ਹੈ ਅਤੇ ਇਸ ਦੀ ਸਾਂਭ-ਸੰਭਾਲ਼ ਪੂਰੀ ਤਰ੍ਹਾਂ ਰਾਜ ਦੇ ਜੰਗਲਾਤ ਵਿਭਾਗ ਦੀ ਜ਼ਿੰਮੇਵਾਰੀ ਹੈ।

PHOTO • Jaideep Hardikar
PHOTO • Jaideep Hardikar

ਖੱਬੇ: ਧਾਮਣੀ ਪਿੰਡ ਵਿੱਚ ਜਵਾਰ ਅਤੇ ਮੂੰਗੀ ਦੀਆਂ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਨੇ ਖਾ ਲਿਆ ਹੈ। ਇੱਥੇ ਕਲੋਦੋਦਾ ਪਿੰਡ ਵਿੱਚ , ਛੋਟੇ ਕਿਸਾਨ ਵਿਠੋਬਾ ਕਾਨਨਾਕਾ ਨੇ ਜੰਗਲ ਨਾਲ਼ ਲੱਗਦੀ ਆਪਣੀ ਸਰਹੱਦ ਨੂੰ ਦਰਸਾਉਣ ਲਈ ਸਾੜੀਆਂ ਦੀ ਵਰਤੋਂ ਕੀਤੀ ਹੈ

PHOTO • Jaideep Hardikar
PHOTO • Jaideep Hardikar

ਖੱਬੇ ਪਾਸੇ: ਮਹਾਦੇਵ ਉਮਰੇ ( 37) ਬੈਟਰੀ ਨਾਲ਼ ਚੱਲਣ ਵਾਲ਼ੇ ਅਲਾਰਮ ਦੇ ਕੋਲ਼ ਖੜ੍ਹੇ ਹਨ ਜੋ ਜੰਗਲੀ ਜਾਨਵਰਾਂ ਨੂੰ ਡਰਾਉਣ ਲਈ ਮਨੁੱਖਾਂ ਅਤੇ ਜਾਨਵਰਾਂ ਦੀਆਂ ਆਵਾਜ਼ਾਂ ਕੱਢਦਾ ਹੈ। ਸੱਜੇ ਪਾਸੇ: ਦਾਮੀ ਇੱਕ ਸਿੱਖਿਅਤ ਕੁੱਤਾ ਹੈ ਅਤੇ ਇਹ ਜੰਗਲੀ ਸੂਰਾਂ ਨਾਲ਼ ਲੜ ਸਕਦਾ ਹੈ

ਪੂਰਬੀ ਮਹਾਰਾਸ਼ਟਰ ਦੇ ਵਿਦਰਭ ਖੇਤਰ ਵਿੱਚ ਸਥਿਤੀ ਵਿਸ਼ੇਸ਼ ਤੌਰ 'ਤੇ ਚਿੰਤਾਜਨਕ ਹੈ, ਜਿਸ ਵਿੱਚ ਚੰਦਰਪੁਰ ਸਮੇਤ 11 ਜ਼ਿਲ੍ਹੇ ਸ਼ਾਮਲ ਹਨ।  ਵਿਦਰਭ ਭਾਰਤ ਦੇ ਕੁਝ ਆਖਰੀ-ਬਚੇ ਸੁਰੱਖਿਅਤ ਜੰਗਲਾਂ ਦਾ ਘਰ ਹੈ, ਜੋ ਬਾਘਾਂ ਅਤੇ ਜੰਗਲੀ ਜਾਨਵਰਾਂ ਦੀ ਆਬਾਦੀ ਨਾਲ਼ ਭਰੇ ਹੋਏ ਹਨ। ਇਹੀ ਉਹ ਖੇਤਰ ਹੈ ਜੋ ਪੇਂਡੂ ਪਰਿਵਾਰਾਂ ਦੇ ਕਰਜ਼ੇ ਵਿੱਚ ਡੁੱਬਦੇ ਜਾਣ ਅਤੇ ਕਿਸਾਨ-ਖੁਦਕੁਸ਼ੀਆਂ ਦਾ ਸਭ ਤੋਂ ਵੱਧ ਸੰਤਾਪ ਹੰਢਾਉਂਦਾ ਹੈ।

ਮਹਾਰਾਸ਼ਟਰ ਦੇ ਜੰਗਲਾਤ ਮੰਤਰੀ ਸੁਧੀਰ ਮੁਨਗੰਟੀਵਾਰ ਦੇ ਅਨੁਸਾਰ, 2022 ਵਿੱਚ ਚੰਦਰਪੁਰ ਜ਼ਿਲ੍ਹੇ ਵਿੱਚ ਬਾਘਾਂ ਅਤੇ ਚੀਤਿਆਂ ਨੇ 53 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਪਿਛਲੇ ਦੋ ਦਹਾਕਿਆਂ ਵਿੱਚ, ਰਾਜ ਵਿੱਚ ਜੰਗਲੀ ਜਾਨਵਰਾਂ ਦੇ ਹਮਲਿਆਂ ਵਿੱਚ ਲਗਭਗ 2,000 ਲੋਕ – ਜ਼ਿਆਦਾਤਰ ਟੀਏਟੀਆਰ ਖੇਤਰ ਵਿੱਚ – ਮਾਰੇ ਗਏ।  ਇਹ ਹਮਲੇ ਮੁੱਖ ਤੌਰ 'ਤੇ ਸ਼ੇਰ, ਕਾਲ਼ੇ ਰਿੱਛਾਂ, ਜੰਗਲੀ ਸੂਰਾਂ ਅਤੇ ਹੋਰ ਜਾਨਵਰਾਂ ਦੁਆਰਾ ਕੀਤੇ ਜਾਂਦੇ ਹਨ। 15-20 'ਸਮੱਸਿਆ ਵਾਲ਼ੇ ਬਾਘ' ਅਜਿਹੇ ਸਨ ਜਿਨ੍ਹਾਂ ਵਿੱਚੋਂ- ਮਨੁੱਖਾਂ ਨਾਲ਼ ਟਕਰਾਅ ਦੌਰਾਨ- ਹਰ ਇੱਕ ਬਾਘ ਨੂੰ ਬੇਅਸਰ ਕਰਨਾ ਪਿਆ ਹੈ - ਜੋ ਇਸ ਗੱਲ ਦਾ ਸਬੂਤ ਹੈ ਕਿ ਚੰਦਰਪੁਰ ਬਾਘ ਤੇ ਮਨੁੱਖ ਦੇ ਟਕਰਾਅ ਵਾਲ਼ੀ ਪ੍ਰਮੁੱਖ ਥਾਂ ਹੈ। ਜਾਨਵਰਾਂ ਦੇ ਹਮਲਿਆਂ ਵਿੱਚ ਜਖ਼ਮੀ ਹੋਏ ਲੋਕਾਂ ਦੀ ਕੋਈ ਰਸਮੀ ਗਿਣਤੀ ਉਪਲਬਧ ਨਹੀਂ ਹੈ।

ਜੰਗਲੀ ਜਾਨਵਰਾਂ ਦਾ ਸਾਹਮਣਾ ਨਾ ਕੇਵਲ ਮਰਦਾਂ ਦੁਆਰਾ ਕੀਤਾ ਜਾਂਦਾ ਹੈ, ਸਗੋਂ ਔਰਤਾਂ ਦੁਆਰਾ ਵੀ ਕੀਤਾ ਜਾਂਦਾ ਹੈ।

ਨਾਗਪੁਰ ਜ਼ਿਲ੍ਹੇ ਦੇ ਬੇਲਾਰਪਾਰ ਪਿੰਡ ਦੀ 50 ਸਾਲਾ ਆਦਿਵਾਸੀ ਕਿਸਾਨ ਅਰਚਨਾਬਾਈ ਗਾਇਕਵਾੜ ਕਹਿੰਦੀ ਹੈ,"ਅਸੀਂ ਡਰ ਵਿੱਚ ਕੰਮ ਕਰਦੇ ਹਾਂ।" ਉਸ ਨੇ ਆਪਣੇ ਖੇਤਾਂ ਵਿੱਚ ਸ਼ੇਰ ਨੂੰ ਕਈ ਵਾਰ ਦੇਖਿਆ ਹੈ। ਉਹ ਅੱਗੇ ਕਹਿੰਦੀ ਹੈ, "ਜਿਓਂ ਸਾਨੂੰ ਨੇੜੇ-ਤੇੜੇ ਸ਼ੇਰ ਜਾਂ ਬਾਘ ਦੇ ਲੁਕੇ ਹੋਣ ਦਾ ਖ਼ਦਸ਼ਾ ਹੁੰਦਾ ਹੈ, ਅਸੀਂ ਖੇਤ ਤੋਂ ਬਾਹਰ ਆ ਜਾਂਦੇ ਹਾਂ।''

*****

"ਜੇ ਕਿਤੇ ਅਸੀਂ ਖੇਤ ਵਿੱਚ ਪਲਾਸਟਿਕ ਉਗਾ ਲਈਏ, ਉਹ [ਜੰਗਲੀ ਜਾਨਵਰ] ਓਹ ਵੀ ਖਾਣ ਜਾਣਗੇ!''

ਜਦੋਂ ਗੋਂਡੀਆ, ਬੁਲਧਾਨਾ, ਭੰਡਾਰਾ, ਨਾਗਪੁਰ, ਵਰਧਾ, ਵਾਸ਼ਿਮ ਅਤੇ ਯਵਤਮਾਲ ਖੇਤਰਾਂ ਦੇ ਕਿਸਾਨਾਂ ਨਾਲ਼ ਇਹ ਮੁੱਦਾ ਉਠਾਇਆ ਜਾਂਦਾ ਹੈ ਤਾਂ ਗੱਲਬਾਤ ਬਹੁਤ ਹੀ ਅਜੀਬ ਢੰਗ ਨਾਲ਼ ਸ਼ੁਰੂ ਹੁੰਦੀ ਹੈ। ਅੱਜ ਕੱਲ੍ਹ ਕਿਸਾਨਾਂ ਵੱਲੋਂ ਇੱਕ ਚਰਚਾ ਇਹ ਵੀ ਹੈ ਕਿ ਵਿਦਰਭ ਵਿੱਚ ਘੁੰਮਦੇ ਹੋਏ ਜੰਗਲੀ ਜਾਨਵਰ ਨਰਮੇ ਦੀ ਡੋਡੀ ਖਾਈ ਜਾ ਰਹੇ ਹਨ।

PHOTO • Jaideep Hardikar
PHOTO • Jaideep Hardikar

ਖੱਬੇ : ਮਧੁਕਰ ਧੋਤਰੇ, ਗੁਲਾਬ ਰੰਧਾਈ ਅਤੇ ਪ੍ਰਕਾਸ਼ ਗਾਇਕਵਾੜ (ਖੱਬੇ ਤੋਂ ਸੱਜੇ), ਨਾਗਪੁਰ ਦੇ ਬੇਲਾਪਰ ਪਿੰਡ ਦੇ ਛੋਟੇ ਅਤੇ ਸੀਮਾਂਤ ਕਿਸਾਨ, ਸਾਰੇ ਮਾਨਾ ਆਦਿਵਾਸੀ ਹਨ। ਉਨ੍ਹਾਂ ਨੂੰ ਆਪਣੇ ਖੇਤਾਂ ਨੂੰ ਜੰਗਲੀ ਸੂਰਾਂ, ਬਾਂਦਰਾਂ ਅਤੇ ਹੋਰ ਜਾਨਵਰਾਂ ਤੋਂ ਬਚਾਉਣਾ ਪੈਂਦਾ ਹੈ। ਸੱਜੇ ਪਾਸੇ: ਚੰਦਰਪੁਰ ਜ਼ਿਲ੍ਹੇ ਦੇ 50 ਸਾਲਾ ਵਾਸੂਦੇਵ ਨਾਰਾਇਣ ਭੋਗੇਕਰ, ਜਿਨ੍ਹਾਂ ਦਾ ਖੇਤ ਜੰਗਲੀ ਜਾਨਵਰਾਂ ਦੇ ਹਮਲੇ ਨਾਲ਼ ਤਬਾਹ ਹੋ ਗਿਆ ਹੈ

ਨਾਗਪੁਰ ਜ਼ਿਲ੍ਹੇ ਦੇ ਟੀਏਟੀਆਰ ਖੇਤਰ ਦੇ ਇੱਕ ਸਰਹੱਦੀ ਪਿੰਡ ਬੇਲਾਰਪਰ ਦੇ ਮਾਨਾ ਭਾਈਚਾਰੇ ਦੇ 50 ਸਾਲਾ ਕਿਸਾਨ ਪ੍ਰਕਾਸ਼ ਗਾਇਕਵਾੜ ਕਹਿੰਦੇ ਹਨ, "ਵਾਢੀ ਮੌਕੇ ਸਾਡੇ ਕੋਲ਼ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਣ ਅਤੇ ਖੇਤਾਂ ਵਿੱਚ ਬਣੇ ਰਹਿਣ ਅਤੇ ਫ਼ਸਲ ਨੂੰ ਬਚਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ।"

"ਜੇ ਤੁਸੀਂ ਬਿਮਾਰ ਵੀ ਹੋ, ਤਾਂ ਵੀ ਤੁਹਾਨੂੰ ਖੇਤ ਵਿੱਚ ਆਉਣਾ ਪੈਂਦਾ ਹੈ ਅਤੇ ਫ਼ਸਲ ਨੂੰ ਬਚਾਉਣਾ ਪੈਂਦਾ ਹੈ। ਨਹੀਂ ਤਾਂ, ਵਾਢੀ ਲਈ ਕੁਝ ਵੀ ਨਹੀਂ ਬਚੇਗਾ," ਛਪਰਾਲਾ ਦੇ ਰਹਿਣ ਵਾਲ਼ੇ 77 ਸਾਲਾ ਦਾਤੂਜੀ ਤਾਜਨੇ ਕਹਿੰਦੇ ਹਨ। ਉਹ ਗੋਪਾਲ ਬੋਂਡੇ ਦੇ ਪਿੰਡ ਦਾ ਰਹਿਣ ਵਾਲ਼ਾ ਹੈ। "ਇੱਕ ਸਮਾਂ ਸੀ ਜਦੋਂ ਅਸੀਂ ਜੰਗਲ ਵਿੱਚ ਬੇਫ਼ਿਕਰ ਹੋ ਕੇ ਸੌਂਦੇ ਸਾਂ। ਪਰ ਹੁਣ ਇਹ ਸੰਭਵ ਨਹੀਂ ਹੈ। ਪਰ ਹੁਣ ਉੱਥੇ ਜੰਗਲੀ ਜਾਨਵਰ ਘੁੰਮਦੇ ਦੇਖੇ ਜਾ ਸਕਦੇ ਹਨ।"

ਪਿਛਲੇ ਦਹਾਕੇ ਵਿੱਚ, ਤਰਾਲੇ ਅਤੇ ਬੋਂਡੇ ਦੇ ਪਿੰਡਾਂ ਵਿੱਚ ਨਹਿਰਾਂ, ਖੂਹਾਂ ਅਤੇ ਬੋਰਵੈੱਲਾਂ ਦੇ ਰੂਪ ਵਿੱਚ ਸਿੰਚਾਈ ਦੀਆਂ ਸਹੂਲਤਾਂ ਦਾ ਵਿਕਾਸ ਹੋਇਆ ਹੈ। ਇਸ ਨਾਲ਼ ਰਵਾਇਤੀ ਕਪਾਹ ਜਾਂ ਸੋਇਆਬੀਨ ਤੋਂ ਇਲਾਵਾ ਸਾਲ ਭਰ ਵਿੱਚ ਦੋ ਜਾਂ ਤਿੰਨ ਵੱਖ-ਵੱਖ ਫ਼ਸਲਾਂ ਬੀਜਣ ਦੀ ਆਗਿਆ ਮਿਲ਼ ਗਈ।

ਇਸ ਦਾ ਇੱਕ ਸਪੱਸ਼ਟ ਨੁਕਸਾਨ ਵੀ ਹੈ। ਸਾਲ ਭਰ ਹਰੇ-ਭਰੇ ਖੇਤਾਂ ਦਾ ਹੋਣਾ ਮਤਲਬ ਕਿ ਸ਼ਾਕਾਹਾਰੀ ਜਾਨਵਰਾਂ ਜਿਵੇਂ ਕਿ ਹਿਰਨ, ਨੀਲਗਾਈ ਅਤੇ ਸਾਂਬਰ ਦਾ ਸਾਲ ਭਰ ਦਾ ਭੋਜਨ। ਸੋ ਜੇ ਸ਼ਾਕਾਹਾਰੀ ਦਾਅਵਤ ਉਡਾਉਣ ਆਉਣਗੇ ਤਾਂ ਮਾਸਾਹਾਰੀ ਵੀ ਆਪਣੇ ਸ਼ਿਕਾਰ ਦੀ  ਭਾਲ਼ ਵਿੱਚ ਓਧਰ ਹੀ ਆਉਂਦੇ ਰਹਿਣਗੇ।

"ਇੱਕ ਦਿਨ ਖੇਤ ਵਿੱਚ ਬਾਂਦਰ ਸਨ ਅਤੇ ਦੂਜੇ ਪਾਸੇ ਜੰਗਲੀ ਸੂਰ ਸਨ। ਮੈਂ ਮਹਿਸੂਸ ਕੀਤਾ ਜਿਵੇਂ ਉਹ ਮੇਰੀ ਪਰਖ ਕਰ ਰਹੇ ਹੋਣ, ਮੇਰਾ ਮਜ਼ਾਕ ਉਡਾ ਰਹੇ ਹੋਣ," ਤਰਾਲੇ ਯਾਦ ਕਰਦੇ ਹਨ।

ਸਤੰਬਰ 2022 ਵਿੱਚ ਬੱਦਲਵਾਈ ਵਾਲ਼ੇ ਦਿਨ, ਬੋਂਡੇ ਸਾਨੂੰ ਆਪਣੇ ਖੇਤ ਵਿੱਚ ਲੈ ਗਏ, ਉਹ ਆਪਣੇ ਹੱਥ ਵਿੱਚ ਬਾਂਸ ਦੀ ਸੋਟੀ ਫੜ੍ਹਨੀ ਨਾ ਭੁੱਲੇ। ਸੋਇਆਬੀਨ, ਕਪਾਹ ਅਤੇ ਹੋਰ ਫ਼ਸਲਾਂ ਉਨ੍ਹਾਂ ਦੇ ਖੇਤਾਂ ਵਿੱਚ ਹੀ ਉੱਗ ਰਹੀਆਂ ਸਨ। ਉਨ੍ਹਾਂ ਦਾ ਖੇਤ ਘਰ ਤੋਂ 2-3 ਕਿਲੋਮੀਟਰ ਦੂਰ ਹੈ। ਲਗਭਗ ਪੰਦਰਾਂ ਮਿੰਟਾਂ ਦੀ ਪੈਦਲ ਯਾਤਰਾ ਦੀ ਦੂਰੀ। ਇੱਥੇ ਇੱਕ ਧਾਰਾ ਹੈ ਜੋ ਖੇਤ ਨੂੰ ਜੰਗਲ ਤੋਂ ਵੱਖ ਕਰਦੀ ਹੈ। ਜੰਗਲ ਸੰਘਣਾ, ਸ਼ਾਂਤ ਅਤੇ ਡਰਾਉਣਾ ਹੈ।

PHOTO • Jaideep Hardikar
PHOTO • Jaideep Hardikar

ਗੋਪਾਲ ਬੋਂਡੇ ਦੇ ਫਾਰਮ ਵਿੱਚ ਖਰਗੋਸ਼ , ਜੰਗਲੀ ਸੂਰ ਅਤੇ ਹਿਰਨ ਵਰਗੇ ਜੰਗਲੀ ਜਾਨਵਰਾਂ ਦੇ ਪੈਰਾਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ

ਜਦੋਂ ਅਸੀਂ ਖੇਤ ਦੇ ਆਲ਼ੇ-ਦੁਆਲ਼ੇ ਘੁੰਮ ਰਹੇ ਸੀ, ਤਾਂ ਉਨ੍ਹਾਂ ਨੇ ਸਾਨੂੰ ਗਿੱਲੀ ਕਾਲ਼ੀ ਜ਼ਮੀਨ 'ਤੇ ਖਰਗੋਸ਼ਾਂ ਸਮੇਤ ਦਰਜਨ ਦੇ ਕਰੀਬ ਜੰਗਲੀ ਜਾਨਵਰਾਂ ਦੇ ਪੈਰਾਂ ਦੇ ਨਿਸ਼ਾਨ ਦਿਖਾਏ। ਉੱਥੇ ਜਾਨਵਰਾਂ ਦਾ ਮਲ਼ ਵੀ ਪਿਆ ਸੀ। ਉਨ੍ਹਾਂ ਨੇ ਫ਼ਸਲਾਂ ਖਾਧੀਆਂ, ਸੋਇਆਬੀਨ ਦੀਆਂ ਫਲ਼ੀਆਂ ਖੋਲ੍ਹ ਦਿੱਤੀਆਂ ਤੇ ਹਰੇ ਬੂਟਿਆਂ ਨੂੰ ਪੁੱਟ ਸੁੱਟਿਆ ਹੋਇਆ ਸੀ।

" ਅਤਾ ਕਾ ਕਰਤਾ , ਸੰਗਾ ? [ਮੈਨੂੰ ਦੱਸੋ ਹੁਣ ਕੀ ਕੀਤਾ ਜਾਵੇ?]" ਬੋਂਡੇ ਨੇ ਠੰਡਾ ਸਾਹ ਲਿਆ।

*****

ਹਾਲਾਂਕਿ ਕੇਂਦਰ ਸਰਕਾਰ ਦੇ ਪ੍ਰੋਜੈਕਟ ਟਾਈਗਰ ਪ੍ਰੋਗਰਾਮ ਦੇ ਹਿੱਸੇ ਵਜੋਂ ਤਾਡੋਬਾ ਦੇ ਜੰਗਲ ਬਾਘਾਂ ਦੀ ਸਾਂਭ-ਸੰਭਾਲ਼ ਲਈ ਇੱਕ ਪ੍ਰਮੁੱਖ ਕੇਂਦਰ ਬਿੰਦੂ ਹਨ, ਪਰ ਇਹ ਖੇਤਰ ਰਾਜਮਾਰਗਾਂ, ਸਿੰਚਾਈ ਨਹਿਰਾਂ ਅਤੇ ਨਵੀਆਂ ਖਾਣਾਂ ਦੇ ਨਿਰੰਤਰ ਵਿਕਾਸ ਦਾ ਗਵਾਹ ਹੈ। ਇਹ ਵਿਕਾਸ ਸੁਰੱਖਿਅਤ ਜੰਗਲਾਤ ਖੇਤਰ ਨੂੰ ਵੰਡਣ, ਲੋਕਾਂ ਦੇ ਉਜਾੜੇ ਅਤੇ ਜੰਗਲੀ ਵਾਤਾਵਰਣ ਦਰਪੇਸ਼ ਵਿਘਨ ਦਾ ਕਾਰਨ ਬਣਿਆ ਹੈ।

ਮਾਈਨਿੰਗ ਉਨ੍ਹਾਂ ਖੇਤਰਾਂ 'ਤੇ ਕਬਜ਼ਾ ਕਰ ਰਹੀ ਹੈ ਜੋ ਪਹਿਲਾਂ ਟਾਈਗਰ ਖੇਤਰ ਸਨ। ਚੰਦਰਪੁਰ ਜ਼ਿਲ੍ਹੇ ਵਿੱਚ ਜਨਤਕ ਅਤੇ ਨਿੱਜੀ ਖੇਤਰ ਦੀਆਂ 30 ਤੋਂ ਵੱਧ ਸਰਗਰਮ ਕੋਲਾ ਖਾਣਾਂ ਵਿੱਚੋਂ, ਪਿਛਲੇ ਦੋ ਦਹਾਕਿਆਂ ਦੌਰਾਨ ਰਾਜ ਦੇ ਦੱਖਣੀ ਅਤੇ ਪੱਛਮੀ ਹਿੱਸਿਆਂ ਵਿੱਚ ਲਗਭਗ ਦੋ ਦਰਜਨ ਕੋਲ਼ੇ ਦੀਆਂ ਖਾਣਾਂ ਪੈਦਾ ਹੋਈਆਂ ਹਨ।

"ਸ਼ੇਰਾਂ ਨੂੰ ਕੋਲ਼ੇ ਦੀ ਖਾਣ ਜਾਂ ਚੰਦਰਪੁਰ ਸੁਪਰ ਥਰਮਲ ਪਾਵਰ ਸਟੇਸ਼ਨ ਦੇ ਅਹਾਤੇ ਵਿੱਚ ਵੀ ਦੇਖਿਆ ਜਾਂਦਾ ਰਿਹਾ ਹੈ। ਇਹ ਹੁਣ ਮਨੁੱਖ-ਜੰਗਲੀ ਜੀਵਾਂ ਦੇ ਟਕਰਾਅ ਦਾ ਇੱਕ ਨਵਾਂ ਕੇਂਦਰ ਬਣ ਗਿਆ ਹੈ। ਵਾਤਾਵਰਣ ਦੀ ਸਾਂਭ-ਸੰਭਾਲ਼ ਦੇ ਖੇਤਰ ਵਿੱਚ ਕੰਮ ਕਰਨ ਵਾਲ਼ੇ ਬੰਦੂ ਧੋਤਰੇ ਕਹਿੰਦੇ ਹਨ, "ਅਸੀਂ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਕਬਜ਼ਾ ਕਰ ਲਿਆ ਹੈ।" ਐੱਨਟੀਸੀਏ ਦੀ 2022 ਦੀ ਰਿਪੋਰਟ ਦੇ ਅਨੁਸਾਰ, ਮੱਧ ਭਾਰਤ ਦੇ ਜੰਗਲਾਂ ਵਿੱਚ ਵੱਡੇ ਪੱਧਰ 'ਤੇ ਮਾਈਨਿੰਗ ਅਤੇ ਖੱਡਾਂ ਬਾਘਾਂ ਦੀ ਸੰਭਾਲ਼ ਦਰਪੇਸ਼ ਇੱਕ ਵੱਡੀ ਚੁਣੌਤੀ ਹੈ।

ਤਾਡੋਬਾ ਅੰਧਾਰੀ ਟਾਈਗਰ ਰਿਜ਼ਰਵ ਮੱਧ ਭਾਰਤ ਦੇ ਜੰਗਲਾਂ ਨਾਲ਼ ਸਬੰਧਤ ਹੈ। ਯਵਤਮਾਲ, ਨਾਗਪੁਰ ਅਤੇ ਭੰਡਾਰਾ ਦੇ ਗੁਆਂਢੀ ਜ਼ਿਲ੍ਹੇ ਇਸ ਪ੍ਰੋਜੈਕਟ ਦੇ ਨਾਲ਼ ਲੱਗਦੇ ਹਨ। ਐੱਨਟੀਸੀਏ ਦੀ 2018 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, "ਮਨੁੱਖ-ਬਾਘ ਟਕਰਾਅ ਇਸ ਖੇਤਰ ਵਿੱਚ ਸਭ ਤੋਂ ਵੱਧ ਹੈ।

PHOTO • Jaideep Hardikar
PHOTO • Jaideep Hardikar

ਧਾਮਣੀ ਪਿੰਡ ਦੇ ਕਿਸਾਨ ਨਾਮਦੇਵ ਤਰਾਲੇ (ਸੱਜੇ) ਅਤੇ ਮੇਘਰਾਜ ਲਾਡਕੇ। ਜੰਗਲੀ ਸੂਰ ਦਾ ਸਾਹਮਣਾ ਕਰਨ ਤੋਂ ਬਾਅਦ , 41 ਸਾਲਾ ਲਾਡਕੇ ਨੇ ਰਾਤ ਨੂੰ ਖੇਤਾਂ ਦੀ ਨਿਗਰਾਨੀ ਲਈ ਜਾਣਾ ਬੰਦ ਕਰ ਦਿੱਤਾ। ਸੱਜੇ: ਮੋਰਵਾ ਪਿੰਡ ਦੇ ਕਿਸਾਨ , ਜੋ ਬਾਘ , ਰਿੱਛ , ਹਿਰਨ , ਨੀਲਗਾਈ ਅਤੇ ਸਾਂਬਰ ਵਰਗੇ ਜੰਗਲੀ ਜਾਨਵਰਾਂ ਦੇ ਹਮਲਿਆਂ ਨਾਲ਼ ਆਪਣੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਦੇਖ ਰਹੇ ਹਨ

ਪੁਣੇ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐਸਈਆਰ) ਦੇ ਸਾਬਕਾ ਪ੍ਰੋਫੈਸਰ ਅਤੇ ਜੰਗਲੀ ਜੀਵ ਵਿਗਿਆਨੀ ਡਾ ਮਿਲਿੰਦ ਵਟਵੇ ਕਹਿੰਦੇ ਹਨ, "ਇਸ ਮੁੱਦੇ ਦੇ ਕਿਸਾਨਾਂ ਅਤੇ ਰਾਜ ਦੀ ਸੰਭਾਲ਼ ਦੀਆਂ ਜ਼ਰੂਰਤਾਂ 'ਤੇ ਭਾਰੀ ਰਾਸ਼ਟਰੀ ਆਰਥਿਕ ਪ੍ਰਭਾਵ ਹਨ।"

ਸੁਰੱਖਿਅਤ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ਼ ਲਈ ਕਾਨੂੰਨ ਹਨ, ਪਰ ਫ਼ਸਲਾਂ ਦੇ ਨੁਕਸਾਨ ਅਤੇ ਜਾਨਵਰਾਂ ਦੇ ਹਮਲਿਆਂ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਕਿਸਾਨ ਕੁਦਰਤੀ ਤੌਰ 'ਤੇ ਚਿੰਤਤ ਹੁੰਦੇ ਹਨ ਜਦੋਂ ਫ਼ਸਲਾਂ ਜਾਨਵਰਾਂ ਦੁਆਰਾ ਨਸ਼ਟ ਕੀਤੀਆਂ ਜਾਂਦੀਆਂ ਹਨ ਅਤੇ ਇਹ ਜੰਗਲੀ ਜੀਵਾਂ ਦੀ ਸੰਭਾਲ਼ ਦੇ ਕੰਮ ਨੂੰ ਪ੍ਰਭਾਵਤ ਕਰਦਾ ਹੈ। ਵਟਵੇ ਕਹਿੰਦੇ ਹਨ। ਨਿਯਮ ਤਾਂ ਅਜਿਹੇ ਜਾਨਵਰਾਂ (ਅਣਚਾਹੇ) ਨੂੰ ਮਾਰਨ ਤੋਂ ਵੀ ਰੋਕਦਾ ਹੈ ਜੋ ਗੈਰ-ਉਤਪਾਦਕ ਹੁੰਦੇ ਹਨ ਜਾਂ ਪ੍ਰਜਣਨ ਲਈ ਢੁਕਵੇ ਨਹੀਂ ਹੁੰਦੇ।

ਸਾਲ 2015 ਤੋਂ 2018 ਤੱਕ ਡਾ. ਵਟਵੇ ਨੇ ਤਾਡੋਬਾ ਦੇ ਆਸ ਪਾਸ ਦੇ ਪੰਜ ਪਿੰਡਾਂ ਦੇ 75 ਕਿਸਾਨਾਂ ਨਾਲ਼ ਇੱਕ ਖੇਤਰੀ ਅਧਿਐਨ ਕੀਤਾ। ਇਹ ਅਧਿਐਨ ਵਿਦਰਭ ਵਿਕਾਸ ਬੋਰਡ ਦੀ ਵਿੱਤੀ ਸਹਾਇਤਾ ਨਾਲ਼ ਕੀਤਾ ਗਿਆ ਸੀ। ਇਸ ਵਿੱਚ ਉਨ੍ਹਾਂ ਨੇ ਕਿਸਾਨਾਂ ਲਈ ਇੱਕ ਅਜਿਹੀ ਪ੍ਰਣਾਲੀ ਬਣਾਈ ਜਿਸ ਵਿੱਚ ਉਹ ਸਾਲ ਦੌਰਾਨ ਜਾਨਵਰਾਂ ਦੇ ਹਮਲਿਆਂ ਨਾਲ਼ ਹੋਣ ਵਾਲ਼ੇ ਨੁਕਸਾਨ ਜਾਂ ਨੁਕਸਾਨ ਬਾਰੇ ਸਮੂਹਿਕ ਤੌਰ 'ਤੇ ਜਾਣਕਾਰੀ ਭਰ ਸਕਦੇ ਹਨ। ਇੱਕ ਅੰਦਾਜ਼ੇ ਮੁਤਾਬਕ 50 ਤੋਂ 100 ਫੀਸਦੀ ਫ਼ਸਲ ਬਰਬਾਦ ਹੋ ਰਹੀ ਹੈ। ਪੈਸਿਆਂ ਦੀ ਗੱਲ ਕਰੀਏ ਤਾਂ ਫ਼ਸਲ ਦੇ ਹਿਸਾਬ ਨਾਲ਼ ਇਹ ਅੰਕੜਾ 25,000 ਤੋਂ 1,00,000 ਰੁਪਏ ਪ੍ਰਤੀ ਏਕੜ ਤੱਕ ਪਹੁੰਚ ਜਾਂਦਾ ਹੈ।

ਜੇ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਬਹੁਤ ਸਾਰੇ ਕਿਸਾਨ ਫ਼ਸਲੀ ਚੱਕਰ ਦੇ ਸੀਮਤ ਵਿਕਲਪਾਂ 'ਤੇ ਅੜੇ ਰਹਿਣਗੇ ਜਾਂ ਆਪਣੇ ਖੇਤਾਂ ਨੂੰ ਬੰਜਰ ਛੱਡ ਦੇਣਗੇ।

ਰਾਜ ਦਾ ਜੰਗਲਾਤ ਵਿਭਾਗ ਕਿਸਾਨਾਂ ਨੂੰ ਜੰਗਲੀ ਜਾਨਵਰਾਂ ਵੱਲੋਂ ਮਾਰੇ ਜਾਣ ਵਾਲ਼ੇ ਪਸ਼ੂਆਂ ਅਤੇ ਉਜਾੜੀਆਂ ਗਈਆਂ ਫ਼ਸਲਾਂ ਬਦਲੇ 80 ਕਰੋੜ ਰੁਪਏ ਦਾ ਸਾਲਾਨਾ ਮੁਆਵਜ਼ਾ ਦਿੰਦਾ ਹੈ। ਇਹ ਜਾਣਕਾਰੀ ਮਾਰਚ 2022 ਵਿੱਚ ਪਾਰੀ ਨੂੰ ਮਹਾਰਾਸ਼ਟਰ ਦੇ ਪ੍ਰਮੁੱਖ ਮੁੱਖ ਵਣ ਸੰਰੱਖਿਅਕ ਸੁਨੀਲ ਲਿਮਯੇ ਦੁਆਰਾ ਦਿੱਤੀ ਗਈ ਸੀ, ਜੋ ਉਸ ਸਮੇਂ ਜੰਗਲਾਤ ਬਲ ਦੇ ਮੁਖੀ ਸਨ।

PHOTO • Jaideep Hardikar
PHOTO • Jaideep Hardikar

ਗੋਪਾਲ ਬੌਂਡੇ (ਸੱਜੇ) ਅਤੇ ਵਿੱਠਲ ਬਡਖਲ (ਕੇਂਦਰ) ਇਸ ਮੁੱਦੇ ' ਤੇ ਕਿਸਾਨਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੋਂਡੇ ਨੇ 2022 ਵਿੱਚ ਜੰਗਲੀ ਜਾਨਵਰਾਂ ਵੱਲੋਂ ਆਪਣੀ ਜ਼ਮੀਨ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਲਗਭਗ 25 ਵਾਰ ਮੁਆਵਜ਼ੇ ਲਈ ਅਰਜ਼ੀ ਦਿੱਤੀ ਸੀ। ਬਡਖਲ ਦਾ ਕਹਿਣਾ ਹੈ ਕਿ ਕਿਸਾਨ ਆਮ ਤੌਰ ' ਤੇ ਮੁਆਵਜ਼ੇ ਦੀ ਮੰਗ ਨਹੀਂ ਕਰਦੇ ਕਿਉਂਕਿ ਇਹ ਪ੍ਰਕਿਰਿਆ ਮੁਸ਼ਕਿਲ ਹੈ

ਭਦਰਵਤੀ ਤਾਲੁਕਾ ਦੇ 70 ਸਾਲਾ ਕਾਰਕੁੰਨ ਵਿੱਠਲ ਬਡਖਲ ਕਹਿੰਦੇ ਹਨ, "ਮੌਜੂਦਾ ਨਕਦ ਮੁਆਵਜ਼ਾ ਇੱਕ ਪ੍ਰਚੂਨ ਰਕਮ ਹੈ। ਉਹ ਦੱਸਦੇ ਹਨ, "ਕਿਸਾਨ ਆਮ ਤੌਰ 'ਤੇ ਮੁਆਵਜ਼ੇ ਦੀ ਮੰਗ ਨਹੀਂ ਕਰਦੇ ਕਿਉਂਕਿ ਇਹ ਪ੍ਰਕਿਰਿਆ ਮੁਸ਼ਕਿਲ ਹੈ ਅਤੇ ਤਕਨੀਕੀ ਤੌਰ 'ਤੇ ਇਸ ਨੂੰ ਸਮਝਣਾ ਮੁਸ਼ਕਲ ਵੀ ਹੈ।"

ਬੋਂਡੇ ਨੇ ਕੁਝ ਮਹੀਨੇ ਪਹਿਲਾਂ ਇੱਕ ਗਾਂ ਸਮੇਤ ਆਪਣੇ ਜ਼ਿਆਦਾਤਰ ਪਸ਼ੂਆਂ ਨੂੰ ਗੁਆ ਦਿੱਤਾ ਸੀ। 2022 ਵਿੱਚ, ਉਨ੍ਹਾਂ ਨੇ ਲਗਭਗ 25 ਵਾਰ ਮੁਆਵਜ਼ੇ ਲਈ ਰਾਹਤ ਬੇਨਤੀਆਂ ਸੌਂਪੀਆਂ। ਹਰ ਵਾਰ ਜਦੋਂ ਉਨ੍ਹਾਂ ਨੂੰ ਫਾਰਮ ਭਰਨਾ ਪੈਂਦਾ ਸੀ, ਸਥਾਨਕ ਜੰਗਲਾਤ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨਾ ਪੈਂਦਾ ਸੀ, ਸਥਾਨਕ ਅਧਿਕਾਰੀਆਂ ਨੂੰ ਲਾਜ਼ਮੀ ਸਾਈਟ ਪੰਚਨਾਮਾ (ਜਾਂ ਨਿਰੀਖਣ) ਕਰਨ ਲਈ ਮਨਾਉਣਾ ਪੈਂਦਾ ਸੀ, ਉਨ੍ਹਾਂ ਦੇ ਖਰਚਿਆਂ ਦਾ ਰਿਕਾਰਡ ਰੱਖਣਾ ਪੈਂਦਾ ਸੀ ਅਤੇ ਉਨ੍ਹਾਂ ਦੇ ਦਾਅਵੇ ਦੀਆਂ ਬੇਨਤੀਆਂ ਦੀ ਪਾਲਣਾ ਕਰਨੀ ਪੈਂਦੀ ਸੀ। ਉਹ ਕਹਿੰਦੇ ਹਨ ਕਿ ਰਾਹਤ ਮਿਲ਼ਣ ਵਿੱਚ ਮਹੀਨਿਆਂ ਦਾ ਸਮਾਂ ਲੱਗੇਗਾ। "ਅਤੇ ਸਾਰੇ ਨੁਕਸਾਨਾਂ ਦੀ ਭਰਪਾਈ ਉਸ ਮੁਆਵਜ਼ੇ ਨਾਲ਼ ਨਹੀਂ ਹੋ ਸਕੇਗੀ।"

ਦਸੰਬਰ 2022 ਦੀ ਸਰਦੀਆਂ ਦੀ ਸਵੇਰ ਨੂੰ, ਬੋਂਡੇ ਇੱਕ ਵਾਰ ਫਿਰ ਸਾਨੂੰ ਆਪਣੇ ਖੇਤ ਵਿੱਚ ਲੈ ਗਿਆ, ਜਿੱਥੇ ਖੇਤ ਵਿੱਚ ਮੂੰਗੀ ਦੀ ਫ਼ਸਲ ਹਾਲੇ ਹੁਣ ਜਿਹੇ ਹੀ ਬੀਜੀ ਗਈ ਸੀ। ਜੰਗਲੀ ਸੂਰ ਪਹਿਲਾਂ ਹੀ ਕੋਮਲ ਸ਼ਾਖਾਵਾਂ ਚਬਾ ਚੁੱਕੇ ਸਨ ਅਤੇ ਬੋਂਡੇ ਨੂੰ ਫ਼ਸਲ ਦੇ ਭਵਿੱਖ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਆਸ ਨਹੀਂ ਸੀ।

ਇਸ ਤੋਂ ਬਾਅਦ ਦੇ ਮਹੀਨਿਆਂ ਵਿੱਚ, ਉਹ ਖੇਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਜ਼ਿਆਦਾਤਰ ਫ਼ਸਲ ਬਚਾਉਣ ਵਿੱਚ ਸਫਲ ਰਹੇ, ਜੋ ਹਿੱਸੇ ਹਿਰਨਾਂ ਦੇ ਝੁੰਡ ਨੇ ਖਾਧੇ ਸਨ।

ਜਾਨਵਰਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ। ਬੋਂਡੇ, ਤਰਾਲੇ ਅਤੇ ਹੋਰ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਭੋਜਨ ਦੀ ਲੋੜ ਹੈ। ਹੁਣ ਭੋਜਨ ਤਾਂ ਖੇਤ ਵਿੱਚ ਹੀ ਉੱਗਦਾ ਹੈ ਸੋ ਖੇਤ ਵਿੱਚ ਹੀ ਦੋਵਾਂ ਦੀਆਂ ਲੋੜਾਂ ਦਾ ਟਕਰਾਅ ਵੀ ਹੋਣਾ ਹੈ।

ਤਰਜਮਾ : ਕਮਲਜੀਤ ਕੌਰ

Jaideep Hardikar

Jaideep Hardikar is a Nagpur-based journalist and writer, and a PARI core team member.

Other stories by Jaideep Hardikar
Editor : Urvashi Sarkar

Urvashi Sarkar is an independent journalist and a 2016 PARI Fellow.

Other stories by Urvashi Sarkar
Translator : Kamaljit Kaur

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur