ਉੱਤਰ-ਪੱਛਮੀ ਮਹਾਰਾਸ਼ਟਰ ਦੀਆਂ ਸਤਪੁੜਾ ਪਹਾੜੀਆਂ ਦੇ ਐਨ ਵਿਚਕਾਰੇ ਕਰਕੇ ਸਥਿਤ ਫਲਈ ਪਿੰਡ ਅੰਦਰ, ਇੱਕ ਕੱਖ-ਕਾਨੇ ਦੀ ਬਣੀ ਝੌਂਪੜੀ ਅੰਦਰ ਅੱਠ ਸਾਲਾ ਸ਼ਰਮੀਲਾ ਆਪਣੇ 'ਸਟੱਡੀ ਟੇਬਲ' 'ਤੇ ਆਪਣੇ ਸਾਹਮਣੇ ਵੱਡੀ ਕੈਂਚੀ, ਕੱਪੜਾ, ਸੂਈ ਅਤੇ ਧਾਗਾ ਲਈ ਬੈਠੀ ਹੈ।

ਮੇਜ਼ 'ਤੇ ਇੱਕ ਪੁਰਾਣੀ ਸਿਲਾਈ ਮਸ਼ੀਨ ਰੱਖੀ ਹੋਈ ਹੈ, ਜਿਸ 'ਤੇ ਉਹ ਅਧੂਰਾ ਸਿਓਤਾ ਕੱਪੜਾ ਪਿਆ ਹੈ ਜੋ ਉਹਦੇ ਪਿਤਾ ਨੇ ਪਿਛਲੀ ਰਾਤ ਵਿਚਾਲੇ ਹੀ ਪਿਆ ਰਹਿਣ ਦਿੱਤਾ ਸੀ। ਸ਼ਰਮੀਲਾ ਉਹਨੂੰ ਚੁੱਕਦੀ ਹੈ ਅਤੇ ਮਸ਼ੀਨ ਦੇ ਪੈਰ ਮਾਰਨ ਲੱਗਦੀ ਹੈ ਅਤੇ ਸਿਲਾਈ ਮਸ਼ੀਨ ਦੀ ਸੂਈ ਭੱਜਦੀ ਭੱਜਦੀ ਇੰਝ ਅੱਗੇ ਵੱਧਦੀ ਜਾਂਦੀ ਹੈ ਜਿਵੇਂ ਉਹ ਵਰ੍ਹਿਆਂ ਪੁਰਾਣੀ ਕੁਸ਼ਲ ਦਰਜੀ ਹੋਵੇ।

ਮਾਰਚ 2020 ਵਿੱਚ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਸਕੂਲ ਬੰਦ ਹੋ ਗਏ ਸਨ ਉਦੋਂ ਤੋਂ ਨੰਦੁਰਬਾਰ ਜ਼ਿਲ੍ਹੇ ਦੇ ਤੋਰਣਮਾਲ ਇਲਾਕੇ ਵਿੱਚ ਸਥਿਤ ਇਸ ਪਿੰਡ ਵਿੱਚ ਉਹਦੀ ਝੌਂਪੜੀ ਅੰਦਰਲਾ ਇਹ ਸਟੱਡੀ ਟੇਬਲ ਹੀ ਉਹਦੇ ਸਿਲਾਈ ਸਿੱਖਣ ਦੀ ਥਾਂ ਬਣ ਚੁੱਕਾ ਹੈ। ਉਹ ਕਹਿੰਦੀ ਹੈ,''ਮਾਂ ਅਤੇ ਬਾਬਾ ਨੂੰ ਸਿਲਾਈ ਕਰਦਿਆਂ ਦੇਖ ਦੇਖ ਕੇ ਹੀ ਮੈਂ ਖ਼ੁਦ ਸਿਲਾਈ ਮਸ਼ੀਨ ਚਲਾਉਣੀ ਸਿੱਖ ਲਈ।''

ਸਕੂਲ ਬੰਦੀ ਦੇ ਇਨ੍ਹਾਂ 18 ਮਹੀਨਿਆਂ ਦੇ ਵਕਫ਼ੇ ਦੌਰਾਨ ਸ਼ਰਮੀਲਾ ਉਹ ਸਾਰਾ ਕੁਝ ਭੁੱਲ ਚੁੱਕੀ ਹੈ ਜੋ ਕਦੇ ਉਹਨੇ ਸਕੂਲ ਸਿੱਖਿਆ ਸੀ।

ਫਲਾਈ ਵਿੱਚ ਕੋਈ ਸਕੂਲ ਨਹੀਂ ਹੈ। ਆਪਣੇ ਬੱਚਿਆਂ ਨੂੰ ਪੜ੍ਹਾਉਣ-ਲਿਖਾਉਣ ਦੀ ਉਮੀਦ ਮਨ ਵਿੱਚ ਪਾਲ਼ੀ, ਜੂਨ 2019 ਵਿੱਚ ਸ਼ਰਮੀਲਾ ਦੇ ਮਾਪਿਆਂ ਨੇ ਆਪਣੇ ਪਿੰਡ ਤੋਂ ਕਰੀਬ 140 ਕਿਲੋਮੀਟਰ ਦੂਰ, ਨੰਦਰੁਬਾਰ ਸ਼ਹਿਰ ਦੇ ਅਟਲ ਬਿਹਾਰੀ ਵਾਜਪੇਈ ਅੰਤਰਰਾਸ਼ਟਰੀ ਰਿਹਾਇਸ਼ੀ ਸਕੂਲ ਵਿੱਚ ਉਹਦਾ ਦਾਖ਼ਲਾ ਕਰਵਾ ਦਿੱਤਾ ਸੀ। ਇਹ ਸਕੂਲ, ਜ਼ਿਲ੍ਹਾ ਪਰਿਸ਼ਦ ਦੁਆਰਾ ਸੰਚਾਲਤ ਅਤੇ ਮਹਾਰਾਸ਼ਟਰ ਅੰਤਰਰਾਸ਼ਟਰੀ ਸਿੱਖਿਆ ਬੋਰਡ ਨਾਲ਼ ਜੁੜੀਆਂ 60 ਆਸ਼ਰਾਮ-ਸ਼ਾਲਾਵਾਂ (ਪਿਛੜੇ ਕਬੀਲਾਈ ਭਾਈਚਾਰੇ ਦੇ ਬੱਚਿਆਂ ਵਾਸਤੇ ਪੂਰੇ ਮਹਾਰਾਸ਼ਟਰ ਵਿੱਚ ਵਿਸ਼ੇਸ਼ ਸਕੂਲ) ਵਿੱਚੋਂ ਇੱਕ ਹੈ। ਸਾਲ 2018 ਵਿੱਚ ਗਠਿਤ ਇਸ ਸਕੂਲ ਅੰਦਰ ਬੋਰਡ ਨੇ 'ਅੰਤਰਰਾਸ਼ਟਰੀ ਪੱਧਰ' ਦੀ ਸਿੱਖਿਆ ਪ੍ਰਦਾਨ ਕਰਨ ਦਾ ਦਾਅਵਾ ਕੀਤਾ ਸੀ ਅਤੇ ਇਸ ਸਕੂਲ ਨੂੰ ਸਥਾਨਕ ਰੂਪ ਵਿੱਚ ਡਿਜ਼ਾਇਨ ਕੀਤੇ ਗਏ ਇਸ ਸਕੂਲ ਅੰਦਰ ਮਰਾਠੀ ਵਿੱਚ ਪੜ੍ਹਾਇਆ-ਲਿਖਾਇਆ ਜਾਂਦਾ ਰਿਹਾ। (ਉਦੋਂ ਤੋਂ ਹੀ ਬੋਰਡ ਖ਼ਤਮ ਕਰ ਦਿੱਤਾ ਗਿਆ ਅਤੇ ਸਕੂਲ ਹੁਣ ਰਾਜ ਬੋਰਡ ਅਧੀਨ ਆ ਗਏ)।

PHOTO • Jyoti Shinoli
PHOTO • Jyoti Shinoli

ਸਕੂਲ ਵਿੱਚ ਸ਼ਰਮੀਲਾ ਦੇ ਦਿਨ ਦੀ ਸ਼ੁਰੂਆਤ ਰਾਸ਼ਟਰਗਾਨ ਅਤੇ ਪ੍ਰਾਰਥਨਾ ਨਾਲ਼ ਹੁੰਦੀ ਸੀ। ਘਰੇ ਉਹਦੇ ਟਾਈਮ-ਟੇਬਲ ਵਿੱਚ ਘਰ ਦੇ ਕੰਮਾਂ ਦੇ ਨਾਲ਼ ਨਾਲ਼ ' ਸਵੈ-ਸਿੱਖਿਅਤ ' ਸਿਲਾਈ ' ਪਾਠ ' ਸਿੱਖਣੇ ਸ਼ਾਮਲ ਹਨ

ਸ਼ਰਮੀਲਾ ਨੇ ਜਦੋਂ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਮਰਾਠੀ ਉਹਦੇ ਵਾਸਤੇ ਨਵੀਂ ਭਾਸ਼ਾ ਸੀ। ਉਹਦਾ ਤਾਅਲੁਕ ਪਾਵਰਾ ਭਾਈਚਾਰੇ ਨਾਲ਼ ਹੈ ਅਤੇ ਘਰੇ ਪਾਵਰੀ ਬੋਲੀ ਜਾਂਦੀ ਹੈ। ਮੇਰੀ ਕਾਪੀ ਅੰਦਰ ਝਰੀਟੇ ਮਰਾਠੀ ਅਲਫ਼ਾਜ਼ਾਂ ਨੂੰ ਦੇਖ ਕੇ ਉਹ ਵਰਣਮਾਲਾ ਚੇਤੇ ਕਰਦੀ ਹੈ ਜੋ ਉਹਨੂੰ ਕਦੇ ਸਿੱਖੀ ਸੀ ਪਰ ਜੋ ਦੱਸ ਸਾਰਾ ਕੁਝ ਹਿੰਦੀ ਵਿੱਚ ਹੀ ਰਹੀ ਸੀ,''ਮੈਨੂੰ ਹੁਣ ਸਾਰੇ ਅੱਖਰ ਚੇਤੇ ਨਹੀਂ...''

ਉਹਨੇ ਸਕੂਲ ਵਿੱਚ ਬਾਮੁਸ਼ਕਲ 10 ਮਹੀਨੇ ਬਿਤਾਏ। ਉਹ ਪਹਿਲੀ ਸ਼੍ਰੇਣੀ ਵਿੱਚ ਪੜ੍ਹ ਰਹੀ ਸੀ, ਜਦੋਂ ਸਕੂਲ ਬੰਦ ਹੋ ਗਿਆ ਤਾਂ ਸਕੂਲ ਅੰਦਰ ਪੜ੍ਹਦੇ ਅਕਰਾਣੀ ਤਾਲੁਕਾ (ਜਿੱਥੇ ਉਹਦੇ ਪਿੰਡ ਹੈ) ਦੇ 476 ਬੱਚਿਆਂ ਨੂੰ ਘਰੋ-ਘਰੀ ਭੇਜ ਦਿੱਤਾ ਗਿਆ। ''ਮੈਂ ਨਹੀਂ ਜਾਣਦੀ ਕਿ ਦੋਬਾਰਾ ਸਕੂਲ ਕਦੋਂ ਸ਼ੁਰੂ ਹੋਣਗੇ,'' ਉਹ ਕਹਿੰਦੀ ਹੈ।

ਸਕੂਲ ਵਿੱਚ ਉਹਦੇ ਦਿਨ ਦੀ ਸ਼ੁਰੂਆਤ ਰਾਸ਼ਟਰਗਾਨ ਅਤੇ ਸਵੇਰ ਦੀ ਪ੍ਰਾਰਥਨਾ ਨਾਲ਼ ਹੋਇਆ ਕਰਦਾਕ ਸੀ। ਘਰੇ ਉਹਦਾ ਦਿਨ ਕਾਫ਼ੀ ਵੱਖਰੇ ਤਰੀਕੇ ਨਾਲ਼ ਬੀਤਦਾ ਹੈ: ''ਪਹਿਲਾਂ ਮੈਂ ਘਰ ਨੇੜਲੇ ਬੋਰਵੈੱਲ ਤੋਂ ਪਾਣੀ ਲਿਆਉਂਦੀ ਹਾਂ। ਫਿਰ ਰਿੰਕੂ (ਇੱਕ ਸਾਲ ਦੀ ਭੈਣ) ਨੂੰ ਸਾਂਭਦੀ ਹਾਂ ਜਿੰਨਾ ਚਿਰ ਮਾਂ ਖਾਣਾ ਬਣਾਉਂਦੀ ਹਨ। ਰਿੰਕੂ ਨਾਲ਼ ਮੈਂ ਇੱਧਰ-ਉੱਧਰ ਘੁੰਮਦੀ ਹਾਂ ਅਤੇ ਉਹਨੂੰ ਚੀਜ਼ਾਂ ਵਿਖਾਉਂਦੀ ਰਹਿੰਦੀ ਹਾਂ।'' ਜਦੋਂ ਵੀ ਉਹਦੇ ਮਾਪੇ ਮਸ਼ੀਨ ਤੋਂ ਦੂਰ ਕਿਸੇ ਹੋਰ ਕੰਮੀਂ ਰੁੱਝੇ ਹੁੰਦੇ ਹਨ, ਤਦ ਉਹ ਸਿਲਾਈ ਦੇ ਆਪਣੇ 'ਸਵੈ-ਸਿੱਖਿਆ' ਸਬਕ 'ਤੇ ਅਮਲ ਸ਼ੁਰੂ ਕਰ ਦਿੰਦੀ ਹੈ।

ਸ਼ਰਮੀਲਾ ਦੇ ਚਾਰ ਭੈਣ-ਭਰਾ ਹਨ ਅਤੇ ਉਹ ਉਨ੍ਹਾਂ ਸਾਰਿਆਂ ਵਿੱਚੋਂ ਵੱਡੀ ਹੈ। ਉਹਦਾ ਭਰਾ ਰਾਜੇਸ਼ ਪੰਜ ਸਾਲ ਦਾ, ਭੈਣ ਉਰਮਿਲਾ ਤਿੰਨ ਸਾਲ ਦੀ ਅਤੇ ਰਿੰਕੂ ਇੱਕ ਸਾਲ ਦੀ ਹੈ। ਸ਼ਰਮੀਲਾ ਦੇ 28 ਸਾਲਾ ਪਿਤਾ ਰਾਕੇਸ਼ ਕਹਿੰਦੇ ਹਨ,''ਉਹ ਕਵਿਤਾ ਪਾਠ ਕਰ ਲੈਂਦੀ ਹੁੰਦੀ ਸੀ, ਮਰਾਠੀ ਵਿੱਚ ਕੁਝ ਕੁਝ ਲਿਖ ਲਿਆ ਕਰਦੀ ਸੀ।'' ਉਹ ਹੁਣ ਆਪਣੇ ਦੂਸਰੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਫ਼ਿਕਰਮੰਦ ਹਨ- ਜਿੱਥੇ ਰਾਜੇਸ਼ ਅਤੇ ਉਰਮਿਲਾ ਨੂੰ 6 ਸਾਲ ਦੀ ਉਮਰੇ ਹੀ ਸਕੂਲ ਪਾਇਆ ਜਾ ਸਕਦਾ ਹੈ। ''ਜੇ ਉਹ ਖ਼ੁਦ ਪੜ੍ਹ-ਲਿਖ ਸਕਦੀ ਹੁੰਦੀ ਤਾਂ ਆਪਣੇ ਛੋਟੇ ਭੈਣ ਅਤੇ ਭਰਾ ਨੂੰ ਹੀ ਪੜ੍ਹਾ ਸਕਦੀ ਸੀ,'' ਉਹ ਕਹਿੰਦੇ ਹਨ। '' ਦੋ ਸਾਲ ਮੇਂ ਬੱਚੇ ਕੀ ਜਿੰਦਗੀ ਕਾ ਖੇਲ ਬਨ ਗਯਾ ਹੈ। (ਇਨ੍ਹਾਂ ਦੋ ਸਾਲਾਂ ਵਿੱਚ ਮੇਰੇ ਬੱਚੇ ਦੀ ਜ਼ਿੰਦਗੀ ਇੱਕ ਖੇਡ ਬਣ ਕੇ ਰਹਿ ਗਈ ਹੈ),'' ਉਹ ਆਪਣੀ ਧੀ ਨੂੰ ਇੰਝ ਬੜੇ ਸਲੀਕੇ ਨਾਲ਼ ਸਿਲਾਈ ਮਸ਼ੀਨ ਚਲਾਉਂਦੇ ਦੇਖ ਅੱਗੇ ਕਹਿੰਦੇ ਹਨ।

PHOTO • Jyoti Shinoli
PHOTO • Jyoti Shinoli

ਸਹਿਪਾਠੀ, ਗੁਆਂਢੀ ਅਤੇ ਸਹੇਲੀਆਂ ਸੁਨੀਤਾ (ਹਰੇ ਕੱਪੜੇ ਪਾਈ) ਅਤੇ ਸ਼ਰਮੀਲਾ (ਨੀਲੇ ਕੱਪੜੇ ਪਾਈ) 18 ਮਹੀਨੇ ਤੋਂ ਵੱਧ ਸਮੇਂ ਤੋਂ ਸਕੂਲ ਨਹੀਂ ਗਈਆਂ

ਸ਼ਰਮੀਲਾ ਦੇ ਮਾਂ, 25 ਸਾਲਾ ਸਰਲਾ ਕਹਿੰਦੀ ਹਨ,''ਅਸੀਂ ਆਪਣੀ ਬੱਚੀ ਨੂੰ ਪੜ੍ਹਾ-ਲਿਖਾ ਕੇ ਅਫ਼ਸਰ ਬਣਾਉਣਾ ਚਾਹੁੰਦੇ ਸਾਂ ਨਾ ਕਿ ਸਾਡੇ ਵਾਂਗਰ ਦਰਜੀ। ਜੇ ਤੁਸੀਂ ਪੜ੍ਹ-ਲਿਖ ਨਹੀਂ ਪਾਉਂਦੇ ਤਾਂ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ।''

ਸਰਲਾ ਅਤੇ ਰਾਕੇਸ਼ ਰਲ਼-ਮਿਲ਼ ਕੇ ਸਿਲਾਈ ਦੇ ਕੰਮ ਤੋਂ ਮਹੀਨੇ ਦੇ 5,000-6,000 ਰੁਪਏ ਹੀ ਕਮਾਉਂਦੇ ਹਨ। ਕੁਝ ਸਾਲ ਤੱਕ, ਰਾਕੇਸ਼ ਅਤੇ ਸਰਲਾ ਖ਼ੇਤਾਂ ਵਿੱਚ ਮਜ਼ਦੂਰੀ ਕਰਨ ਖਾਤਰ ਗੁਜਰਾਤ ਜਾਂ ਮੱਧ ਪ੍ਰਦੇਸ਼ ਪ੍ਰਵਾਸ ਕਰਿਆ ਕਰਦੇ ਸਨ। ਰਾਕੇਸ਼ ਕਹਿੰਦੇ ਹਨ,''ਸ਼ਰਮੀਲਾ ਦੇ ਪੈਦਾ ਹੋਣ ਤੋਂ ਬਾਅਦ ਅਸੀਂ ਉਹ ਕੰਮ (ਪਲਾਇਨ) ਛੱਡ ਦਿੱਤਾ ਕਿਉਂਕਿ ਉਹ ਅਕਸਰ ਬੀਮਾਰ ਹੋ ਜਾਇਆ ਕਰਦੀ (ਪ੍ਰਵਾਸ ਦੌਰਾਨ ਜਦੋਂ ਜਦੋਂ ਵੀ ਅਸੀਂ ਉਹਨੂੰ ਨਾਲ਼ ਲੈ ਕੇ ਗਏ),'' ਉਹ ਕਹਿੰਦੇ ਹਨ,''ਇੰਝ ਇਸਲਈ ਵੀ ਕੀਤਾ ਕਿਉਂਕਿ ਅਸੀਂ ਉਹਨੂੰ ਸਕੂਲ ਭੇਜਣਾ ਚਾਹੁੰਦੇ ਸਾਂ।''

ਜੁਆਨੀ ਦੇ ਸ਼ੁਰੂ ਵਿੱਚ ਹੀ ਉਨ੍ਹਾਂ ਨੇ ਇਸੇ ਪਿੰਡ ਵਿੱਚ ਰਹਿਣ ਵਾਲ਼ੇ ਆਪਣੇ ਚਾਚਾ (ਜਿਨ੍ਹਾਂ ਦੀ 2019 ਵਿੱਚ ਮੌਤ ਹੋ ਗਈ) ਗ਼ੁਲਾਬ ਪਾਸੋਂ ਸਿਲਾਈ  ਦਾ ਕੰਮ ਸਿੱਖਿਆ ਸੀ। ਉਨ੍ਹਾਂ ਦੀ ਮਦਦ ਨਾਲ਼ ਹੀ ਰਾਕੇਸ਼ ਨੇ ਸਿਲਾਈ ਮਸ਼ੀਨਾਂ ਖਰੀਦੀਆਂ ਅਤੇ ਸਰਲਾ ਨੂੰ ਵੀ ਕੰਮ ਸਿਖਾਉਣਾ ਸ਼ੁਰੂ ਕੀਤਾ।

ਸਰਲਾ ਕਹਿੰਦੀ ਹਨ,''ਸਾਡੇ ਕੋਲ਼ ਕੋਈ ਪੈਲ਼ੀ ਨਹੀਂ ਸੀ ਇਸਲਈ ਅਸੀਂ ਸਾਲ 2012 ਵਿੱਚ 15,000 ਰੁਪਏ ਵਿੱਚ ਦੋ ਚੰਗੀ ਹਾਲਤ ਵਿੱਚ (ਪੁਰਾਣੀਆਂ) ਮਸ਼ੀਨਾਂ ਖਰੀਦੀਆਂ।'' ਇਸ ਕੰਮ ਵਾਸਤੇ ਉਨ੍ਹਾਂ ਨੇ ਖੇਤ ਮਜ਼ਦੂਰੀ ਕਰਕੇ ਜਮ੍ਹਾ ਕੀਤੇ ਪੈਸਿਆਂ ਦੇ ਨਾਲ਼ ਨਾਲ਼ ਰਾਕੇਸ਼ ਦੇ ਮਾਪਿਆਂ ਵੱਲੋਂ ਦਿੱਤੇ ਕੁਝ ਪੈਸੇ ਵੀ ਲਾ ਦਿੱਤੇ। ਉਨ੍ਹਾਂ ਦੀ ਮਦਦ ਵਾਸਤੇ, ਚਾਚਾ ਗੁ਼ਲਾਬ ਨੇ ਆਪਣੇ ਕੁਝ ਗਾਹਕਾਂ ਨੂੰ ਰਾਕੇਸ਼ ਅਤੇ ਸਰਲਾ ਕੋਲ਼ ਭੇਜਣਾ ਸ਼ੁਰੂ ਕਰ ਦਿੱਤਾ।

''ਸਾਡੇ ਕੋਲ਼ ਕੋਈ ਰਾਸ਼ਨ ਕਾਰਡ ਨਹੀਂ ਸੀ; ਇਸਲਈ ਰਾਸ਼ਨ ਖਰੀਦਣ ਲਈ 3,000-4,000 ਰੁਪਏ ਖਰਚ ਹੋ ਜਾਂਦੇ ਹਨ।'' ਸਰਲਾ ਲੋੜ ਦੇ ਸਮਾਨ ਦੀ ਇੱਕ ਸੂਚੀ ਬਣਾਉਂਦੀ ਹੈ- ਕਣਕ ਦਾ ਆਟਾ, ਚੌਲ, ਦਾਲ , ਲੂਣ, ਪੀਸੀ ਮਿਰਚ... ''ਮੇਰੇ ਬੱਚੇ ਆਪਣੀ ਵਧਣ-ਫੁੱਲਣ ਦੀ ਉਮਰ ਵਿੱਚ ਹਨ ਤਾਂ ਅਸੀਂ ਉਨ੍ਹਾਂ ਦੇ ਖਾਣ-ਪੀਣ (ਅਹਾਰ) ਨਾਲ਼ ਸਮਝੌਤਾ ਨਹੀਂ ਕਰ ਸਕਦੇ।''

PHOTO • Jyoti Shinoli
PHOTO • Jyoti Shinoli

ਰਾਕੇਸ਼ ਕਹਿੰਦੇ ਹਨ,'ਜੇ ਸ਼ਰਮੀਲਾ ਖ਼ੁਦ ਪੜ੍ਹ-ਲਿਖ ਪਾਉਂਦੀ ਤਾਂ ਆਪਣੇ ਛੋਟੇ ਭੈਣ-ਭਰਾ ਨੂੰ ਪੜ੍ਹਾ ਸਕਦੀ ਸੀ। ਇਨ੍ਹਾਂ ਦੋ ਸਾਲਾਂ ਨੇ ਮੇਰੇ ਬੱਚੇ ਦੀ ਜ਼ਿੰਦਗੀ ਖੇਡ ਬਣਾ ਦਿੱਤੀ ਹੈ

ਬੱਚਿਆਂ ਦੀ ਪੜ੍ਹਾਈ ਵਾਸਤੇ ਪੈਸੇ ਬਚਾਉਣ ਅਸੰਭਵ ਹੈ ਅਤੇ ਉਹ ਇਨ੍ਹਾਂ ਆਸ਼ਰਮ-ਸ਼ਾਲਾਵਾਂ ਪ੍ਰਤੀ ਦਿਲੋਂ ਸ਼ੁਕਰੀਆ ਅਦਾ ਕਰਦੇ ਹਨ। ਸਰਲਾ ਕਹਿੰਦੀ ਹਨ,''ਉੱਥੇ ਘੱਟੋ-ਘੱਟ ਬੱਚੇ ਪੜ੍ਹਦੇ ਤਾਂ ਹਨ ਅਤੇ ਉਨ੍ਹਾਂ ਨੂੰ ਖਾਣ ਨੂੰ ਵੀ ਮਿਲ਼ਦਾ ਹੈ।'' ਪਰ ਇਹ ਸਕੂਲ ਪਹਿਲੀ ਜਮਾਤ ਤੋਂ ਸਤਵੀਂ ਜਮਾਤ ਤੱਕ ਦੇ ਬੱਚਿਆਂ ਲਈ ਹਾਲੇ ਵੀ ਬੰਦ ਹਨ।

ਦੂਰ-ਦੁਰੇਡੇ ਦੇ ਇਲਾਕੇ ਵਿੱਚ ਸਥਿਤ ਅਕਰਾਣੀ ਤਾਲੁਕਾ ਵਿੱਚ, ਆਨਲਾਈ ਸਿੱਖਿਆ ਫ਼ਿਲਹਾਰ ਕਿਸੇ ਹੋਰ ਹੀ ਦੁਨੀਆ ਦੀ ਗੱਲ ਜਾਪਦੀ ਹੈ। ਆਸ਼ਰਮਸ਼ਾਲਾ ਦੇ ਅਧਿਆਪਕ ਉੱਥੋਂ ਦੇ 476 ਵਿਦਿਆਰਥੀਆਂ ਵਿੱਚੋਂ, ਸ਼ਰਮੀਲਾ ਸਣੇ 190 ਵਿਦਿਆਰਥੀਆਂ ਨਾਲ਼ ਰਾਬਤਾ ਹੀ ਨਹੀਂ ਕਰ ਸਕੇ ਅਤੇ ਇਹ ਵਿਦਿਆਰਥੀ ਰਸਮੀ ਪੜ੍ਹਾਈ ਤੋਂ ਪੂਰੀ ਤਰ੍ਹਾਂ ਦੂਰ ਹੋ ਗਏ।

ਨੰਦੁਰਬਾਰ ਦੇ ਵਾਸੀ ਅਤੇ ਆਸ਼ਰਮਸ਼ਾਲਾ ਦੇ ਅਧਿਆਪਕ 44 ਸਾਲਾ ਸੁਰੇਸ਼ ਕਹਿੰਦੇ ਹਨ,''90 ਫ਼ੀਸਦ ਤੋਂ ਵੱਧ ਮਾਪਿਆਂ ਕੋਲ਼ ਤਾਂ ਸਧਾਰਣ ਮੋਬਾਇਲ ਤੱਕ ਨਹੀਂ ਹਨ।'' ਸੁਰੇਸ਼, ਸਕੂਲ ਦੇ ਉਨ੍ਹਾਂ ਨੌ ਅਧਿਆਪਕਾਂ ਵਿੱਚੋਂ ਇੱਕ ਹਨ ਜੋ  ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਅਕਰਾਣੀ ਦੇ ਪਿੰਡਾਂ ਵਿੱਚ ਜਾਂਦੇ ਹਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ।

''ਅਸੀਂ ਇੱਥੇ ਤਿੰਨ ਦਿਨਾਂ (ਹਫ਼ਤੇ ਦੇ) ਲਈ ਆਉਂਦੇ ਹਾਂ, ਪਿੰਡ ਦੇ ਕਿਸੇ ਇੱਕ ਘਰ ਵਿੱਚ ਰਾਤਾਂ ਕੱਟਦੇ ਹਾਂ,'' ਸੁਰੇਸ਼ ਕਹਿੰਦੇ ਹਨ। ਜਦੋਂ ਵੀ ਅਧਿਆਪਕ ਪਿੰਡ ਆਉਂਦੇ ਹਨ ਤਾਂ 1-10ਵੀਂ ਦੇ ਸਿਰਫ਼ 10 ਤੋਂ 12 ਬੱਚੇ ਹੀ ਇਕੱਠੇ ਕਰ ਪਾਉਂਦੇ ਹਨ। ਉਹ ਕਹਿੰਦੇ ਹਨ,''ਕੋਈ ਬੱਚਾ ਪਹਿਲੀ ਜਮਾਤ ਦਾ ਹੋ ਸਕਦਾ ਹੈ ਅਤੇ ਕੋਈ ਸੱਤਵੀਂ ਦਾ। ਪਰ ਸਾਨੂੰ ਉਨ੍ਹਾਂ ਨੂੰ ਇਕੱਠਿਆਂ ਪੜ੍ਹਾਉਣਾ ਪੈਂਦਾ ਹੈ,'' ਉਹ ਕਹਿੰਦੇ ਹਨ।

ਉਨ੍ਹਾਂ ਦੇ ਅਧਿਆਪਕਾਂ ਦੀ ਇਹ ਟੀਮ ਸ਼ਰਮੀਲਾ ਤੀਕਰ ਨਹੀਂ ਪਹੁੰਚ ਪਾਈ ਹੈ। ਸੁਰੇਸ਼ ਕਹਿੰਦੇ ਹਨ,''ਕਈ ਬੱਚੇ ਬੀਹੜ ਅਤੇ ਬਹੁਤ ਅੰਦਰਲੇ ਪਿੰਡਾਂ ਵਿੱਚ ਰਹਿੰਦੇ ਹਨ ਅਤੇ ਉੱਥੇ ਫ਼ੋਨ ਦੀ ਕੁਨੈਕਟੀਵਿਟੀ ਵੀ ਨਹੀਂ ਹੁੰਦੀ ਜਾਂ ਉੱਥੋਂ ਤੱਕ ਅਪੜਨ ਵਾਸਤੇ ਸੜਕਾਂ ਹੀ ਨਹੀਂ ਹਨ। ਉਨ੍ਹਾਂ ਥਾਵਾਂ ਦਾ ਪਤਾ ਲਗਾਉਣਾ ਤੱਕ ਮੁਸ਼ਕਲ ਹੋ ਜਾਂਦਾ ਹੈ।''

PHOTO • Jyoti Shinoli
PHOTO • Jyoti Shinoli

ਦੂਰ-ਦੁਰੇਡੇ ਦੇ ਇਲਾਕੇ ਵਿੱਚ ਸਥਿਤ ਫਲਈ ਪਿੰਡ ਵਿੱਚ ਸਥਿਤ ਸ਼ਰਮੀਲਾ ਦੇ ਘਰ ਤੱਕ ਪਹੁੰਚਣਾ ਮੁਸ਼ਕਲ ਕੰਮ ਹੈ ; ਉੱਥੋਂ ਤੀਕਰ ਅਪੜਨ ਲਈ ਪਹਾੜ ਦੀ ਚੜਾਈ ਕਰਨੀ ਪੈਂਦੀ ਹੈ ਅਤੇ ਨਦੀ ਵੀ ਪਾਰ ਕਰਨੀ ਪੈਂਦੀ ਹੈ

ਫਲਈ ਪਿੰਡ ਵਿੱਚ ਸ਼ਰਮੀਲਾ ਦੇ ਘਰ ਤੀਕਰ ਪਹੁੰਚਣਾ ਮੁਸ਼ਕਲ ਕੰਮ ਹੈ। ਜੇ ਡਾਂਡੇ-ਮੀਂਡੇ (ਸਭ ਤੋਂ ਛੋਟੇ ਰਸਤੇ ਥਾਣੀਂ) ਵੀ ਜਾਇਆ ਜਾਵੇ ਤਾਂ ਵੀ ਪਹਿਲਾਂ ਪਹਾੜ ਚੜ੍ਹਨਾ ਹੀ ਪੈਂਦਾ ਹੈ ਅਤੇ ਬਾਅਦ ਵਿੱਚ ਨਦੀ ਵੀ ਆਉਂਦੀ ਹੀ ਹੈ। ਓਧਰ, ਦੂਜਾ ਰਸਤਾ ਇੱਕ ਚਿੱਕੜ ਭਰੀ ਸੜਕ ਹੈ ਅਤੇ ਓਧਰੋਂ ਸਮਾਂ ਵੀ ਵੱਧ ਲੱਗਦਾ ਹੈ। ਰਾਕੇਸ਼ ਕਹਿੰਦੇ ਹਨ,''ਸਾਡਾ ਘਰ ਕਾਫ਼ੀ ਅੰਦਰਲੇ ਹਿੱਸੇ ਵਿੱਚ ਜਾ ਕੇ ਆਉਂਦਾ ਹੈ। ਅਧਿਆਪਕ ਇਸ ਪਾਸੇ ਕਦੇ ਆਉਂਦੇ ਹੀ ਨਹੀਂ।''

ਇਹਦਾ ਮਤਲਬ ਇਹ ਹੈ ਕਿ ਸ਼ਰਮੀਲਾ ਜਿਹੇ ਸਾਰੇ ਵਿਦਿਆਰਥੀ, ਸਕੂਲ ਬੰਦ ਹੋਣ ਤੋਂ ਬਾਅਦ ਤੋਂ ਹੀ ਪੂਰੀ ਤਰ੍ਹਾਂ ਸਿੱਖਿਆ ਤੋਂ ਵਾਂਝੇ ਹਨ। ਜਨਵਰੀ 2021 ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਮਹਾਂਮਾਰੀ ਦੇ ਕਾਰਨ ਸਕੂਲ ਬੰਦ ਹੋਣ ਤੋਂ ਬਾਅਦ, 92 ਫ਼ੀਸਦ ਬੱਚੇ ਜ਼ਰੂਰ ਇੱਕ-ਅੱਧਾ ਹੁਨਰ ਤਾਂ ਗੁਆ ਹੀ ਚੁੱਕੇ ਹਨ- ਭਾਵੇਂ ਉਹ ਹੁਨਰ ਤਸਵੀਰ ਬਾਬਤ ਦੱਸਣਾ ਹੋਵੇ ਜਾਂ ਆਪੋ-ਆਪਣੇ ਤਜ਼ਰਬੇ ਬਾਰੇ ਬੋਲ ਕੇ ਦੱਸਣਾ ਹੋਵੇ; ਜਾਣੇ-ਪਛਾਣੇ ਅਲਫ਼ਾਜ ਪੜ੍ਹਨੇ ਹੋਣ; ਭਾਵੇਂ ਦੇਖ-ਸਮਝ ਕੇ ਪੜ੍ਹਨਾ ਹੋਵੇ; ਜਾਂ ਪਿਛਲੇ ਸਾਲਾਂ ਦੀ ਕਿਸੇ ਤਸਵੀਰ ਦੇ ਅਧਾਰ 'ਤੇ ਸਰਲ ਵਾਕ ਬਣਾਉਣਾ ਹੋਵੇ।

*****

''ਮੈਂ ਸਕੂਲ ਵਿੱਚ ਪੈਨਸਲ ਨਾਲ਼ ਆਪਣਾ ਨਾਮ ਲਿਖਣਾ ਸਿੱਖਿਆ,'' ਅੱਠ ਸਾਲਾ ਸੁਨੀਤਾ ਪਾਵਰਾ ਕਹਿੰਦੀ ਹਨ, ਜੋ ਸ਼ਰਮੀਲਾ ਦੀ ਗੁਆਂਢਣ ਅਤੇ ਸਹੇਲੀ ਹੈ ਅਤੇ ਉਹ ਸਕੂਲ ਬੰਦ ਹੋਣ ਤੋਂ ਪਹਿਲਾਂ ਪਹਿਲੀ ਜਮਾਤ ਵਿੱਚ ਪੜ੍ਹਦੀ ਸੀ।

''ਮੈਂ ਇਹ ਵਰਦੀ ਸਕੂਲੇ ਪਾਇਆ ਕਰਦੀ ਸਾਂ। ਹੁਣ ਮੈਂ ਇਹਨੂੰ ਘਰ ਵੀ ਪਾ ਲੈਂਦੀ ਹਾਂ,'' ਉਹ ਉਤਸ਼ਾਹ ਨਾਲ਼ ਕਹਿੰਦੀ ਹੈ ਅਤੇ ਕੱਚੇ ਘਰ ਦੇ ਬਾਹਰ ਟੰਗੇ ਕੱਪੜਿਆਂ ਵਿੱਚੋਂ ਆਪਣੀ ਵਰਦੀ ਵੱਲ ਇਸ਼ਾਰਾ ਕਰਦੀ ਹੈ। '' ਬਾਈ (ਅਧਿਆਪਕ) ਇੱਕ ਕਿਤਾਬ ਵਿੱਚੋਂ ਫਲ ਦੀ ਤਸਵੀਰ ਦਿਖਾਇਆ ਕਰਦੀ ਸੀ। ਕਿੰਨੇ ਰੰਗਦਾਰ ਫ਼ਲ ਹੁੰਦੇ ਸੀ। ਉਸ ਫਲ ਦਾ ਰੰਗ ਲਾਲ ਸੀ। ਮੈਨੂੰ ਉਹਦਾ ਨਾਮ ਨਹੀਂ ਪਤਾ।'' ਉਹ ਚੇਤੇ ਕਰਨ ਦੀ ਕਾਫ਼ੀ ਕੋਸ਼ਿਸ਼ ਕਰਦਿਆਂ ਕਹਿੰਦੀ ਹੈ। ਸਕੂਲ ਉਹਦੀਆਂ ਯਾਦਾਂ ਵਿੱਚ ਧੁੰਦਲਾ ਪੈਣ ਲੱਗਾ ਹੈ।

PHOTO • Jyoti Shinoli
PHOTO • Jyoti Shinoli

ਸੁਨੀਤਾ ਦੇ ਮਾਪੇ, ਮਾਤਾ ਗੀਤਾ ਅਤੇ ਪਿਤਾ ਭਾਕੀਰਾਮ ਕੰਮ ਦੀ ਭਾਲ਼ ਵਿੱਚ ਕਿਸੇ ਦੂਸਰੀ ਥਾਂ ਜਾਂਦੇ ਹਨ। ਉਹ ਕਹਿੰਦੇ ਹਨ, ' ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲ਼ ਲੈ ਜਾਵਾਂਗੇ ਤਾਂ ਉਹ ਸਾਡੇ ਵਾਂਗਰ ਅਨਪੜ੍ਹ ਰਹਿ ਜਾਣਗੇ '

ਸੁਨੀਤਾ ਹੁਣ ਆਪਣੀ ਕਾਪੀ ਵਿੱਚ ਨਾ ਕੁਝ ਲਿਖਦੀ ਹੈ ਅਤੇ ਨਾ ਹੀ ਕੋਈ ਤਸਵੀਰ ਝਰੀਟਦੀ ਹੈ। ਪਰ ਉਹ ਸ਼ਰਮੀਲਾ ਦੇ ਨਾਲ਼ ਖੇਡਦੀ ਜ਼ਰੂਰ ਰਹਿੰਦੀ ਹੈ, ਸ਼ਰਮੀਲਾ ਨਾਲ਼ ਸਟਾਪੂ ਖੇਡਣ ਦੀ ਤਿਆਰੀ ਵਿੱਚਆਪਣੇ ਘਰ ਦੇ ਬਾਹਰ ਲੁੱਕ ਦੀ ਸੜਕ 'ਤੇ ਚਿੱਟੇ ਪੱਥਰ ਨਾਲ਼ ਚੌਰਸ ਖਾਨੇ ਜਿਹੇ ਬਣਾਉਂਦੀ ਹੈ। ਉਹਦੇ ਤਿੰਨ ਭੈਣ-ਭਰਾ ਹਨ- ਦਿਲੀਪ (ਛੇ ਸਾਲ), ਅਮਿਤਾ (ਪੰਜ ਸਾਲ) ਅਤੇ ਦੀਪਕ (ਚਾਰ ਸਾਲ)। ਅੱਠ ਸਾਲਾ ਸੁਨੀਤਾ ਸਭ ਤੋਂ ਵੱਡੀ ਹੈ ਅਤੇ ਭੈਣ-ਭਰਾਵਾਂ ਵਿੱਚੋਂ ਸਕੂਲ ਜਾਣ ਵਾਲ਼ੀ ਇਕੱਲੀ ਹੈ। ਹਾਲਾਂਕਿ, ਉਹਦੇ ਮਾਪਿਆਂ ਨੂੰ ਦੂਜੇ ਬੱਚਿਆਂ ਦੇ ਸਕੂਲ ਜਾਣ ਦੀ ਵੀ ਉਮੀਦ ਹੈ।

ਉਹਦੇ ਮਾਪੇ ਗੀਤਾ ਅਤੇ ਭਾਕੀਰਾਮ ਮਾਨਸੂਨ ਦੌਰਾਨ ਇੱਕ ਏਕੜ ਦੀ ਸਿੱਧੀ ਢਾਲ਼ ਵਾਲ਼ੀ ਪੈਲ਼ੀ ਵਿੱਚ ਖੇਤੀ ਕਰਦੇ ਹਨ ਅਤੇ ਪਰਿਵਾਰ ਦੇ ਭੋਜਨ ਵਾਸਤੇ 2 ਤੋਂ 3 ਕੁਵਿੰਟਲ ਜਵਾਰ ਉਗਾ ਲੈਂਦੇ ਹਨ। 35 ਸਾਲਾ ਗੀਤਾ ਕਹਿੰਦੀ ਹੈ,''ਸਿਰਫ਼ ਇਹਦੇ ਆਸਰੇ ਗੁਜ਼ਾਰਾ ਕਰਨਾ ਮੁਸ਼ਕਲ ਹੈ। ਅਸੀਂ ਕੰਮ ਵਾਸਤੇ ਬਾਹਰ ਜਾਂਦੇ ਹਾਂ।''

ਹਰ ਸਾਲ ਅਕਤੂਬਰ ਵਿੱਚ ਫ਼ਸਲ ਵੱਢਣ ਤੋਂ ਬਾਅਦ ਉਹ ਗੁਜਰਾਤ ਚਲੇ ਜਾਂਦੇ ਹਨ ਅਤੇ ਨਰਮੇ ਦੇ ਖੇਤਾਂ ਵਿੱਚ 200 ਤੋਂ 300 ਰੁਪਏ ਦਿਹਾੜੀ ਦੇ ਹਿਸਾਬ ਨਾਲ਼ ਮਜ਼ਦੂਰੀ ਕਰਦੇ ਹਨ। ਇੰਝ ਉਹ ਹਰ ਸਾਲ ਅਪ੍ਰੈਲ ਤੋਂ ਮਈ ਤੀਕਰ ਕਰੀਬ 200 ਦਿਨ ਕੰਮ ਕਰ ਲੈਂਦੇ ਹਨ। 42 ਸਾਲਾ ਭਾਕੀਰਾਮ ਕਹਿੰਦੇ ਹਨ,''ਜੇ ਅਸੀਂ ਬੱਚਿਆਂ ਨੂੰ ਆਪਣੇ ਨਾਲ਼ ਲੈ ਜਾਈਏ ਤਾਂ ਉਹ ਸਾਡੇ ਵਾਂਗਰ ਅਨਪੜ੍ਹ ਰਹਿ ਜਾਣਗੇ। ਅਸੀਂ ਜਿੱਥੇ ਜਾਂਦੇ ਹਾਂ ਉੱਥੇ ਕੋਈ ਸਕੂਲ ਨਹੀਂ ਹੁੰਦਾ।''

'' ਆਸ਼ਰਮ-ਸ਼ਾਲਾਵਾਂ ਵਿੱਚ ਬੱਚੇ ਰਹਿਣ ਦੇ ਨਾਲ਼-ਨਾਲ਼ ਪੜ੍ਹਦੇ ਵੀ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਕੂਲਾਂ ਨੂੰ ਦੋਬਾਰਾ ਖੋਲ੍ਹੇ,'' ਗੀਤਾ ਕਹਿੰਦੀ ਹਨ।

PHOTO • Jyoti Shinoli
PHOTO • Jyoti Shinoli

' ਮੈਂ ਇਹ ਡ੍ਰੈਸ ਸਕੂਲ ਪਾਇਆ ਕਰਦੀ ਸਾਂ। ਹੁਣ ਮੈਂ ਘਰੇ ਪਾਉਣ ਲੱਗ ਪਈ ਹਾਂ, ' ਸੁਨੀਤਾ ਕਹਿੰਦੀ ਹੈ, ਸਕੂਲ ਉਹਦੀਆਂ ਯਾਦਾਂ ਵਿੱਚ ਧੁੰਦਲਾ ਪੈਣ ਲੱਗਿਆ ਹੈ

15 ਜੁਲਾਈ 2021 ਦੇ ਇੱਕ ਸਰਕਾਰੀ ਮਤੇ ਮੁਤਾਬਕ: ''ਰਾਜ ਦੇ ਸਰਕਾਰੀ ਸਹਾਇਤਾ ਪ੍ਰਾਪਤ, ਰਿਹਾਇਸ਼ੀ ਅਤੇ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਨੂੰ 2 ਅਗਸਤ 2021 ਤੋਂ ਜਮਾਤ 8ਵੀਂ ਤੋਂ 12ਵੀਂ ਤੱਕ ਸਿਰਫ਼ ਕੋਵਿਡ-ਮੁਕਤ ਇਲਾਕਿਆਂ ਵਿੱਚ ਹੀ ਖੋਲ੍ਹੇ ਜਾਣ ਦੀ ਆਗਿਆ ਦਿੱਤੀ ਗਈ ਹੈ।''

ਨੰਦੁਰਬਾਰ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ, ਗਣੇਸ਼ ਪਰਾਡਕੇ ਅਨੁਮਾਨ ਲਾਉਂਦੇ ਹੋਏ ਕਹਿੰਦੇ ਹਨ,''ਨੰਦੁਰਬਾਰ ਵਿੱਚ 22,000 ਵਿਦਿਆਰਥੀਆਂ ਲਈ ਕਰੀਬ 139 ਸਰਕਾਰੀ ਰਿਹਾਇਸ਼ੀ ਸਕੂਲ ਹਨ।'' ਇਨ੍ਹਾਂ ਸਕੂਲਾਂ ਵਿੱਚ ਪਹਾੜੀ ਅਤੇ ਜੰਗਲ ਨਾਲ਼ ਘਿਰੇ ਅਕਰਾਣੀ ਤਾਲੁਕਾ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਉਂਦੇ ਹਨ। ਉਹ ਅੱਗੇ ਕਹਿੰਦੇ ਹਨ,''ਕਈ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਨਹੀਂ ਰਹੀ ਅਤੇ ਜ਼ਿਆਦਾਤਰ ਕੁੜੀਆਂ ਦੇ ਵਿਆਹ ਵੀ ਹੋ ਚੁੱਕੇ ਹਨ।''

*****

ਸ਼ਰਮੀਲਾ ਦੇ ਘਰ ਤੋਂ ਕਰੀਬ 40 ਕਿਲੋਮੀਟਰ ਦੂਰ ਸਥਿਤ ਅਕਰਾਣੀ ਤਾਲੁਕਾ ਦੇ ਸਿੰਦੀਦਿਗਾਰ ਪਿੰਡ ਦੇ ਕੋਲ਼ 12 ਸਾਲਾ ਰਹੀਦਾਸ ਪਾਵਰਾ ਆਪਣੇ ਦੋ ਦੋਸਤਾਂ ਨਾਲ਼, 12 ਬੱਕਰੀਆਂ ਅਤੇ ਪੰਜ ਗਾਵਾਂ ਚਰਾ ਰਿਹਾ ਹੈ ਅਤੇ ਇਹ ਡੰਗਰ ਉਨ੍ਹਾਂ ਦੇ ਪਰਿਵਾਰਾਂ ਦੇ ਹਨ। ''ਅਸੀਂ ਕੁਝ ਸਮੇਂ ਲਈ ਰੁੱਕਦੇ ਹਾਂ। ਸਾਨੂੰ ਇਹ ਥਾਂ ਪਸੰਦ ਆਉਂਦੀ ਹੈ। ਇਸ ਥਾਵੇਂ ਖੜ੍ਹੇ ਹੋ ਕੇ ਤੁਸੀਂ ਪਹਾੜੀਆਂ, ਪਿੰਡ ਅਤੇ ਅਕਾਸ਼... ਭਾਵ ਹਰ ਚੀਜ਼ ਨੂੰ ਨਿਹਾਰ ਸਕਦੇ ਹੋ,'' ਰਹੀਦਾਸ ਕਹਿੰਦਾ ਹੈ, ਜੋ ਇੱਥੋਂ ਕਰੀਬ 150 ਕਿ.ਮੀ ਦੂਰ, ਨਵਾਪੁਰ ਤਾਲੁਕਾ ਵਿਖੇ ਪੈਂਦੇ ਕਾਈ ਡੀ.ਜੇ. ਕੋਕਣੀ ਆਦਿਵਾਸੀ ਛਾਤ੍ਰਾਲਯ ਸ਼੍ਰਾਵਣੀ ਵਿੱਚ ਪੜ੍ਹਦਾ ਹੁੰਦਾ ਸੀ- ਹਾਂ ਜੇਕਰ ਮਹਾਂਮਾਰੀ ਕਾਰਨ ਸਕੂਲ ਬੰਦ ਨਾ ਹੋਏ ਹੁੰਦੇ ਤਾਂ ਅੱਜ ਉਹ 6ਵੀਂ ਜਮਾਤ ਅੰਦਰ ਬਹਿ ਕੇ ਇਤਿਹਾਸ, ਗਣਿਤ ਜਾਂ ਭੂਗੋਲ ਜਿਹਾ ਕੋਈ ਵਿਸ਼ਾ ਪੜ੍ਹ ਰਿਹਾ ਹੁੰਦਾ।

ਰਹੀਦਾਸ ਦੇ ਪਿਤਾ 36 ਸਾਲਾ ਪਿਆਨੇ ਅਤੇ ਮਾਤਾ 32 ਸਾਲਾ ਸ਼ੀਲਾ, ਮਾਨਸੂਨ ਦੌਰਾਨ ਆਪਣੀ ਦੋ ਏਕੜ ਦੀ ਜ਼ਮੀਨ ਵਿੱਚ ਮੱਕੀ ਅਤੇ ਜਵਾਰ ਦੀ ਕਾਸ਼ਤ ਕਰਦੇ ਹਨ। ਰਹੀਦਾਸ ਕਹਿੰਦਾ ਹੈ,''ਮੇਰਾ ਵੱਡਾ ਭਰਾ ਰਾਮਦਾਸ ਖੇਤ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ।''

PHOTO • Jyoti Shinoli
PHOTO • Jyoti Shinoli

ਸਕੂਲ ਬੰਦ ਹੋਣ ਤੋਂ ਬਾਅਦ ਤੋਂ, ਰਹੀਦਾਸ ਪਾਵਰਾ ਅਤੇ ਉਹਦੇ ਬੇਲੀ ਹਰ ਦਿਨ ਡੰਗਰਾਂ ਨੂੰ ਚਰਾਉਣ ਲੈ ਜਾਂਦੇ ਹਨ। ਉਹ ਕਹਿੰਦਾ ਹੈ, ' ਮੇਰਾ ਹੁਣ ਦੋਬਾਰਾ ਸਕੂਲ ਜਾਣ ਦਾ ਮਨ ਨਹੀਂ ਕਰਦਾ'

ਸਲਾਨਾ ਵਾਢੀ ਤੋਂ ਬਾਅਦ ਪਾਇਨੇ, ਸ਼ੀਲਾ ਅਤੇ 19 ਸਾਲਾ ਰਾਮਦਾਸ (ਚੌਥੀ ਤੀਕਰ ਪੜ੍ਹਿਆ) ਕੰਮ ਵਾਸਤੇ ਗੁਜਰਾਤ ਚਲੇ ਜਾਂਦੇ ਹਨ। ਉਹ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਕਮਾਦ ਦੇ ਖੇਤਾਂ ਵਿੱਚ ਕੰਮ ਕਰਦੇ ਹਨ। ਉਹ ਦਸੰਬਰ ਤੋਂ ਮਈ ਤੀਕਰ 250 ਰੁਪਏ ਦਿਹਾੜੀ ਦੇ ਹਿਸਾਬ ਨਾਲ਼ ਕਰੀਬ 180 ਦਿਨ ਕੰਮ ਕਰਦੇ ਹਨ।''

''ਪਿਛਲ਼ੇ ਸਾਲ ਉਹ ਕਰੋਨਾ ਦੇ ਡਰੋਂ ਨਹੀਂ ਗਏ ਸਨ। ਪਰ ਇਸ ਸਾਲ ਮੈਂ ਵੀ ਉਨ੍ਹਾਂ ਦੇ ਨਾਲ਼ ਜਾ ਰਿਹਾ ਹਾਂ,'' ਰਹੀਦਾਸ ਕਹਿੰਦਾ ਹੈ। ਡੰਗਰ ਪਰਿਵਾਰ ਦੀ ਆਮਦਨੀ ਦਾ ਵਸੀਲਾ ਨਹੀਂ ਹਨ; ਬੱਕਰੀ ਦਾ ਦੁੱਧ ਘਰੇ ਹੀ ਇਸਤੇਮਾਲ ਹੋ ਜਾਂਦਾ ਹੈ। ਕਦੇ-ਕਦਾਈਂ ਉਹ ਬੱਕਰੀ ਨੂੰ ਉਹਦੇ ਸਾਈਜ ਦੇ ਹਿਸਾਬ ਨਾਲ਼ 5,000 ਅਤੇ 10,000 ਦੇ ਹਿਸਾਬ ਨਾਲ਼ ਸਥਾਨਕ ਕਸਾਈ ਨੂੰ ਵੇਚ ਦਿੰਦੇ ਹਨ। ਪਰ ਇੰਝ ਵਿਰਲੇ ਹੀ ਹੁੰਦਾ ਹੈ, ਬੱਸ ਹੱਥ ਤੰਗੀ ਦੀ ਹਾਲਤ ਵਿੱਚ ਕਰਨਾ ਪੈਂਦਾ ਹੈ।

ਡੰਗਰਾਂ ਨੂੰ ਚਰਾਉਣ ਵਾਲ਼ੇ ਤਿੰਨੋਂ ਦੋਸਤ ਇੱਕ ਹੀ ਸਕੂਲ ਅਤੇ ਜਮਾਤ ਵਿੱਚ ਪੜ੍ਹਦੇ ਹਨ। ''ਪਹਿਲਾਂ ਵੀ ਜਦੋਂ ਮੈਂ ਗਰਮੀ ਜਾਂ ਦੀਵਾਲੀ ਮੌਕੇ ਘਰ ਆਉਂਦਾ ਤਾਂ ਡੰਗਰਾਂ ਨੂੰ ਚਰਾਉਣ ਬਾਹਰ ਲੈ ਆਉਂਦਾ ਸਾਂ,'' ਰਹੀਦਾਸ ਕਹਿੰਦਾ ਹੈ। ''ਇਹ ਕੋਈ ਨਵੀਂ ਗੱਲ ਨਹੀਂ ਹੈ।''

ਨਵੀਂ ਗੱਲ ਹੈ ਉਹਦੇ ਮਨੋਬਲ ਦਾ ਡਿੱਗ ਜਾਣਾ। ''ਮੇਰੇ ਹੁਣ ਦੋਬਾਰਾ ਸਕੂਲ ਜਾਣ ਦਾ ਮਨ ਨਹੀਂ ਕਰਦਾ।'' ਸਕੂਲਾਂ ਦੇ ਦੋਬਾਰਾਂ ਖੁੱਲ੍ਹਣ ਦੀ ਇਹ ਖ਼ਬਰ ਉਨ੍ਹਾਂ ਨੂੰ ਉਤਸਾਹਤ ਨਹੀਂ ਕਰਦੀ। ਰਹੀਦਾਸ ਅੱਗੇ ਕਹਿੰਦਾ ਹੈ,''ਮੈਨੂੰ ਤਾਂ ਕੁਝ ਚੇਤਾ ਵੀ ਨਹੀਂ ਰਿਹਾ ਅਤੇ ਜੇ ਸਕੂਲ ਦੋਬਾਰਾ ਬੰਦ ਹੋ ਗਏ ਤਾਂ?''

ਤਰਜਮਾ: ਕਮਲਜੀਤ ਕੌਰ

Jyoti Shinoli is a Senior Reporter at the People’s Archive of Rural India; she has previously worked with news channels like ‘Mi Marathi’ and ‘Maharashtra1’.

Other stories by Jyoti Shinoli
Translator : Kamaljit Kaur

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur