''ਕੋਈ ਵੀ ਮੈਨੂੰ ਕੰਮ 'ਤੇ ਰੱਖਣ ਨੂੰ ਤਿਆਰ ਨਹੀਂ ਸੀ। ਮੈਂ ਪੂਰੀ ਸਾਵਧਾਨੀ ਵਰਤਦੀ, ਪਰ ਫਿਰ ਵੀ ਉਹ ਮੈਨੂੰ ਆਪਣੇ ਘਰਾਂ ਵਿੱਚ ਦਾਖ਼ਲ ਨਾ ਹੋਣ ਦਿੰਦੇ,'' ਮਹਾਰਾਸ਼ਟਰ ਦੇ ਲਾਤੂਰ ਸ਼ਹਿਰ ਦੀ ਇੱਕ ਘਰੇਲੂ ਨੌਕਰ, 68 ਸਾਲਾ ਜਾਹੇਦਾਬੀ ਸੱਯਦ ਕਹਿੰਦੀ ਹਨ। ''ਮੈਂ ਇਹ ਕੱਪੜਾ (ਕੱਪੜੇ ਦਾ ਮਾਸਕ) ਕਦੇ ਨਹੀਂ ਲਾਹਿਆ ਅਤੇ ਦੂਰੀ ਬਣਾਈ ਰੱਖਣ ਜਿਹੇ ਸਾਰੇ ਨਿਯਮਾਂ ਦਾ ਪਾਲਣ ਕੀਤਾ।''

ਅਪ੍ਰੈਲ 2020 ਵਿੱਚ, ਕੋਵਿਡ-19 ਤਾਲਾਬੰਦੀ ਦੌਰਾਨ, ਜਾਹੇਦਾਬੀ ਜਿਨ੍ਹਾਂ ਪੰਜ ਪਰਿਵਾਰਾਂ ਵਾਸਤੇ ਕੰਮ ਕਰਦੀ ਸਨ, ਉਨ੍ਹਾਂ ਵਿੱਚੋਂ ਚਾਰਾਂ ਨੇ ਉਹਨੂੰ ਚਲੇ ਜਾਣ ਲਈ ਕਹਿ ਦਿੱਤਾ। ''ਮੇਰੇ ਕੋਲ਼ ਸਿਰਫ਼ ਇੱਕੋ ਪਰਿਵਾਰ ਹੀ ਬਚਿਆ ਅਤੇ ਉਨ੍ਹਾਂ ਨੇ ਮੇਰੇ 'ਤੇ ਸਾਰੇ ਕੰਮ ਦਾ ਬੋਝ ਪਾ ਦਿੱਤਾ।''

ਜਾਹੇਦਾਬੀ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬਤੌਰ ਘਰੇਲੂ ਨੌਕਰ ਕੰਮ ਕਰਦੀ ਰਹੀ ਹਨ- ਜਿਸ ਪੂਰੇ ਸਮੇਂ ਵਿੱਚ ਉਨ੍ਹਾਂ ਨੇ ਜਿਹੜੇ ਘਰਾਂ ਲਈ ਭਾਂਡੇ ਮਾਂਜਣ ਅਤੇ ਫ਼ਰਸ਼ ਸਾਫ਼ ਕਰਨ ਦਾ ਕੰਮ ਕੀਤਾ, ਉਨ੍ਹਾਂ ਨੇ ਹੀ ਪਿਛਲੇ ਸਾਲ ਉਨ੍ਹਾਂ (ਜਾਹੇਦਾਬੀ) ਲਈ ਆਪਣੇ ਘਰਾਂ ਦੇ ਬੂਹੇ ਬੰਦ ਕਰ ਦਿੱਤੇ। ਉਨ੍ਹਾਂ ਦਾ ਕਹਿਣਾ ਹੈ ਕਿ ਇੰਝ ਜਾਪਦਾ ਹੈ ਜਿਵੇਂ ਉਹਦੇ ਮਾਲਕ ਮਾਰਚ 2020 ਵਿੱਚ ਦਿੱਲੀ ਦੀ ਇੱਕ ਮਸਜਿਦ ਵਿੱਚ ਤਬਲੀਗੀ ਜਮਾਤ ਦੀ ਧਾਰਮਿਕ ਮੰਡਲੀ ਵਿਵਾਦ ਤੋਂ ਪ੍ਰਭਾਵਤ ਹੋਏ ਸਨ, ਜੋ ਕੋਵਿਡ-19 ਦਾ ਹੌਟਸਪਾਟ ਬਣ ਗਿਆ ਸੀ। ''ਲੋਕਾਂ ਨੂੰ ਮੁਸਲਮਾਨਾਂ ਤੋਂ ਦੂਰ ਰਹਿਣ ਦੀਆਂ ਜੋ ਗੱਲਾਂ ਫੈਲਾਈਆਂ ਜਾ ਰਹੀਆਂ ਸਨ, ਉਹ ਜੰਗਲ ਦੀ ਅੱਗ ਵਾਂਗ ਫੈਲ ਗਈਆਂ,'' ਉਹ ਚੇਤੇ ਕਰਦੀ ਹਨ। ''ਮੇਰੇ ਜੁਆਈ ਨੇ ਕਿਹਾ ਕਿ ਉਹਦੀ ਨੌਕਰੀ ਵੀ ਜਮਾਤ ਦੇ ਕਾਰਨ ਚਲੀ ਗਈ ਹੈ। ਪਰ ਮੇਰਾ ਤਾਂ ਉਨ੍ਹਾਂ ਨਾਲ਼ ਕੀ ਲੈਣਾ-ਦੇਣਾ?''

ਜਾਹੇਦਾਬੀ ਦੀ ਆਮਦਨੀ 5000 ਰੁਪਏ ਤੋਂ ਘੱਟ ਕੇ 1000 ਰੁਪਏ ਪ੍ਰਤੀ ਮਹੀਨਾ ਹੋ ਗਈ। ''ਜਿਨ੍ਹਾਂ ਪਰਿਵਾਰਾਂ ਨੇ ਮੈਨੂੰ ਕੰਮ ਛੱਡਣ ਲਈ ਕਿਹਾ ਸੀ, ਕੀ ਉਹ ਮੈਨੂੰ ਕਦੇ ਵਾਪਸ ਬੁਲਾਉਣਗੇ?'' ਉਹ ਪੁੱਛਦੀ ਹਨ। ''ਮੈਂ ਇੰਨੇ ਸਾਲ ਤੱਕ ਉਨ੍ਹਾਂ ਲਈ ਕੰਮ ਕੀਤਾ ਅਤੇ ਫਿਰ ਕੀ... ਅਚਾਨਕ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਔਰਤਾਂ ਨੂੰ ਕੰਮ 'ਤੇ ਰੱਖ ਲਿਆ।''

ਬੀਤੇ ਪੂਰੇ ਸਾਲ ਵਿੱਚ ਸ਼ਾਇਦ ਹੀ ਉਨ੍ਹਾਂ ਦੀ ਹਾਲਤ ਬਦਲੀ ਹੋਵੇ। ''ਇਹ ਤਾਂ ਹੋਰ ਬੇਕਾਰ (ਬਦ ਤੋਂ ਬਦਤਰ) ਹੋ ਗਈ ਹੈ,'' ਜਾਹੇਦਾਬੀ ਕਹਿੰਦੀ ਹਨ। ਮਾਰਚ 2021 ਵਿੱਚ, ਉਹ ਤਿੰਨ ਘਰਾਂ ਵਿੱਚ ਕੰਮ ਕਰਕੇ ਮਹੀਨੇ ਦਾ 3000 ਰੁਪਿਆ ਕਮਾ ਰਹੀ ਸਨ। ਪਰ ਉਨ੍ਹਾਂ ਦਾ ਦੋ ਮਾਲਕਾਂ ਨੇ ਅਪ੍ਰੈਲ ਵਿੱਚ ਉਨ੍ਹਾਂ ਨੇ ਚਲੇ ਜਾਣ ਲਈ ਕਹਿ ਦਿੱਤਾ, ਜਦੋਂ ਕੋਵਿਡ-19 ਦੀ ਦੂਸਰੀ ਲਹਿਰ ਪੂਰੇ ਮਹਾਰਾਸ਼ਟਰ ਵਿੱਚ ਫੈਲਣ ਲੱਗੀ ਸੀ।''ਉਨ੍ਹਾਂ ਨੇ ਕਿਹਾ ਕਿ ਮੈਂ ਝੁੱਗੀ ਵਿੱਚ ਰਹਿੰਦੀ ਹਾਂ ਅਤੇ ਉੱਥੇ ਅਸੀਂ ਨਿਯਮਾਂ (ਸਰੁੱਖਿਆ ਪ੍ਰੋਟੋਕਾਲ) ਦਾ ਪਾਲਣ ਨਹੀਂ ਕਰਦੇ।''

ਇਸਲਈ, ਹੁਣ ਉਹ ਆਪਣੇ ਇਕਲੌਤੇ ਮਾਲਕ ਪਾਸੋਂ ਸਿਰਫ਼ 700 ਬਦਲੇ ਕੰਮ ਕਰੇਗੀ ਜਦੋਂ ਤੱਕ ਕਿ ਉਨ੍ਹਾਂ ਨੂੰ ਹੋਰ ਕੰਮ ਨਹੀਂ ਮਿਲ਼ ਜਾਂਦਾ।

PHOTO • Ira Deulgaonkar

ਜਾਹੇਦਾਬੀ ਸੱਯਦ 30 ਸਾਲ ਤੋਂ ਵੱਧ ਸਮੇਂ ਤੋਂ ਘਰੇਲੂ ਨੌਕਰ ਦੇ ਰੂਪ ਵਿੱਚ ਕੰਮ ਕਰ ਰਹੀ ਹਨ

ਲਾਤੂਰ ਦੇ ਵਿੱਠਲ ਨਗਰ ਦੇ ਗੁਆਂਢ ਵਿੱਚ ਰਹਿਣ ਵਾਲ਼ੀ ਵਿਧਵਾ, ਜਾਹੇਦਾਬੀ ਪਿਛਲੇ ਇੱਕ ਸਾਲ ਵਿੱਚ ਸਥਿਰ ਆਮਦਨੀ ਦੇ ਬਗੈਰ ਆਪਣੇ ਗੁਜਾਰਾ ਚਲਾਉਣ ਲਈ ਸੰਘਰਸ਼ ਕਰ ਰਹੀ ਹਨ। ਉਨ੍ਹਾਂ ਦਾ ਘਰ, ਜੋ ਉਨ੍ਹਾਂ ਦੇ ਪਤੀ ਦੇ ਨਾਮ 'ਤੇ ਹੈ, ਰਸੋਈ ਤੇ ਇੱਕ ਕਮਰਾ ਹੀ ਹੈ। ਇਸ ਵਿੱਚ ਨਾ ਬਿਜਲੀ ਹੈ ਅਤੇ ਨਾ ਹੀ ਗੁਸਲਖਾਨਾ। ਉਨ੍ਹਾਂ ਦੇ ਪਤੀ ਸੱਯਦ ਦੀ 15 ਸਾਲ ਪਹਿਲਾਂ ਇੱਕ ਬੀਮਾਰੀ ਕਰਕੇ ਮੌਤ ਹੋ ਗਈ ਸੀ। ''ਮੇਰੇ ਤਿੰਨੋਂ ਬੇਟੇ ਅਤੇ ਇੱਕ ਧੀ ਸੀ। ਮੇਰੇ ਦੋ ਬੇਟਿਆਂ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ। ਸਭ ਤੋਂ ਛੋਟਾ ਬੇਟਾ ਨਿਰਮਾਣ ਥਾਵਾਂ 'ਤੇ ਕੰਮ ਕਰਦਾ ਹੈ। 2012 ਵਿੱਚ ਵਿਆਹ ਤੋਂ ਬਾਅਦ ਮੁੰਬਈ ਚਲਾ ਗਿਆ ਸੀ, ਉਦੋਂ ਤੋਂ ਮੇਰੀ ਉਸ ਨਾਲ਼ ਮੁਲਾਕਾਤ ਹੀ ਨਹੀਂ ਹੋਈ।'' ਉਨ੍ਹਾਂ ਦੀ ਧੀ, ਸੁਲਤਾਨਾ, ਆਪਣੇ ਪਤੀ ਅਤੇ ਬੱਚਿਆਂ ਦੇ ਨਾਲ਼ ਵਿੱਠਲ ਨਗਰ ਦੇ ਕੋਲ਼ ਰਹਿੰਦੀ ਹੈ।

''ਅਸੀਂ ਕਿੱਥੇ ਰਹਿੰਦੇ ਹਾਂ, ਅਸੀਂ ਕਿਹੜੇ ਭਾਈਚਾਰੇ ਨਾਲ਼ ਸਬੰਧ ਰੱਖਦੇ ਹਾਂ, ਸਾਰਾ ਕੁਝ ਇੱਕ ਸਮੱਸਿਆ ਬਣ ਗਈ ਹੈ। ਕੈਸੇ ਕਮਾਨਾ ? ਔਰ ਕਯਾ ਖਾਨਾ ? (ਮੈਂ ਕੀ ਕਮਾਵਾਂ ਅਤੇ ਕੀ ਖਾਵਾਂ?) ਇਹ ਬੀਮਾਰੀ ਬੜਾ ਵਿਤਕਰਾ ਕਰਨ ਵਾਲ਼ੀ ਹੈ,'' ਜਾਹੇਦਾਬੀ ਕਹਿੰਦੀ ਹਨ।

ਮਹਾਂਮਾਰੀ ਜਾਹੇਦਾਬੀ ਵਰਗੀਆਂ ਬਜ਼ੁਰਗ ਔਰਤਾਂ ਲਈ ਔਖੀ ਰਹੀ ਹੈ, ਜੋ ਆਪਣੀ ਹਿੰਮਤ ਨਾਲ਼ ਜਿਓਂ ਰਹੀਆਂ ਹਨ ਅਤੇ ਇਸ ਤੋਂ ਵੀ ਵੱਧ ਔਖੀ ਗੌਸੀਆ ਇਨਾਮਦਾਰ ਵਰਗੀਆਂ ਵਿਧਵਾਵਾਂ ਲਈ ਰਹੀ ਹੈ, ਜਿਨ੍ਹਾਂ ਦੇ 6 ਤੋਂ 13 ਸਾਲ ਦੀ ਉਮਰ ਦੇ ਪੰਜ ਬੱਚੇ, ਉਨ੍ਹਾਂ 'ਤੇ ਨਿਰਭਰ ਹਨ।

ਇਸ ਸਾਲ ਅੱਧ ਮਾਰਚ ਤੋਂ ਬਾਦ ਤੋਂ, 30 ਸਾਲਾ ਗੌਸੀਆ, ਚਿਵਾਰੀ ਪਿੰਡ, ਓਸਮਾਨਾਬਾਦ ਜਿਲ੍ਹੇ ਵਿੱਚ ਇੱਕ ਖੇਤ ਮਜ਼ਦੂਰ ਨੂੰ, ਕੋਵਿਡ-19 ਦੀ ਦੂਸਰੀ ਲਹਿਰ ਨੂੰ ਰੋਕਣ ਲਈ ਲਾਗੂ ਪ੍ਰਤੀਬੰਧਾ ਦੇ ਕਾਰਨ ਲੋੜੀਂਦਾ ਕੰਮ ਨਹੀਂ ਮਿਲ ਰਿਹਾ।

ਮਾਰਚ 2020 ਤੋਂ ਪਹਿਲਾਂ, ਗੌਸੀਆ ਖੇਤੀ ਕਾਰਜ ਕਰਕੇ ਹਰ ਦਿਨ 150 ਰੁਪਏ ਕਮਾਉਂਦੀ ਸਨ। ਪਰ ਤਾਲਾਬੰਦੀ ਦੌਰਾਨ, ਓਸਮਾਨਾਬਾਦ ਦੇ ਤੁਲਜਾਪੁਰ ਤਾਲੁਕਾ ਵਿੱਚ ਚਿਵਾਰੀ ਅਤੇ ਓਮਰਗਾ ਖੇਤ ਮਾਲਕਾਂ ਨੇ ਉਨ੍ਹਾਂ ਨੂੰ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਬੁਲਾਇਆ। ''ਇਸ ਬੀਮਾਰੀ (ਕੋਵਿਡ-19) ਨੇ ਸਾਨੂੰ ਕਈ ਦਿਨਾਂ ਤੱਕ ਭੁੱਖੇ ਰੱਖਿਆ। ਮੈਨੂੰ ਆਪਣੇ ਬੱਚਿਆਂ ਦੀ ਚਿੰਤਾ ਸੀ। ਅਸੀਂ ਸਿਰਫ਼ 150 ਰੁਪਏ ਨਾਲ਼ ਪੂਰਾ ਹਫ਼ਤਾ ਕਿਵੇਂ ਕੱਟ ਸਕਦੇ ਸਾਂ?'' ਉਹ ਪੁੱਛਦੀ ਹਨ। ਇੱਕ ਸਥਾਨਕ ਐੱਨਜੀਓ ਦੁਆਰਾ ਭੇਜੇ ਗਏ ਰਾਸ਼ਨ ਨੇ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਤਾਲਾਬੰਦੀ ਪ੍ਰਤੀਬੰਧਾ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਵੀ, ਗੌਸੀਆ ਇੱਕ ਹਫ਼ਤੇ ਵਿੱਚ ਸਿਰਫ਼ 200 ਰੁਪਏ ਦੇ ਕਰੀਬ ਹੀ ਕਮਾ ਸਕਦੀ ਸਨ। ਉਹ ਦੱਸਦੀ ਹਨ ਕਿ ਉਨ੍ਹਾਂ ਦੇ ਪਿੰਡ ਦੇ ਹੋਰਨਾਂ ਲੋਕਾਂ ਨੂੰ ਕੰਮ ਜ਼ਿਆਦਾ ਮਿਲ਼ ਰਿਹਾ ਸੀ। ''ਮੇਰੇ ਪਰਿਵਾਰ ਦੀ ਹਰ ਔਰਤ ਨੂੰ ਕੰਮ ਮਿਲ਼ਣਾ ਮੁਸ਼ਕਲ ਸੀ। ਪਰ ਜੂਨ-ਜੁਲਾਈ (2020) ਤੋਂ, ਮੇਰੀ ਮਾਂ ਦੇ ਗੁਆਂਢੀ ਵਿੱਚ ਰਹਿਣ ਵਾਲ਼ੀਆਂ ਕੁਝ ਔਰਤਾਂ ਨੂੰ ਹਫ਼ਤੇ ਵਿੱਚ ਘੱਟ ਤੋਂ ਘੱਟ ਤਿੰਨ ਵਾਰ ਕੰਮ ਮਿਲ਼ਣ ਲੱਗਾ ਸੀ। ਸਾਨੂੰ ਕਿਉਂ ਨਹੀਂ ਮਿਲਿਆ ਜਦੋਂ ਕਿ ਅਸੀਂ ਵੀ ਓਨੀ ਹੀ ਮਿਹਨਤ ਕਰਦੇ ਹਾਂ?'' ਕੁਝ ਪੈਸੇ ਕਮਾਉਣ ਲਈ, ਗੌਸੀਆ ਨੇ ਇੱਕ ਸਿਲਾਈ ਮਸ਼ੀਨ ਕਿਰਾਏ 'ਤੇ ਲਈ ਅਤੇ  ਬਲਾਊਜ਼ ਅਤੇ ਸਾੜੀ ਦੇ ਫਾਲ ਦੀ ਸਿਲਾਈ ਸ਼ੁਰੂ ਕੀਤੀ।

ਗੌਸੀਆ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ। ਉਨ੍ਹਾਂ ਦੇ ਪਤੀ ਦੀ ਪੰਜ ਸਾਲ ਪਹਿਲਾਂ ਇੱਕ ਬੀਮਾਰੀ ਨਾਲ਼ ਮੌਤ ਹੋ ਗਈ ਸੀ। ਉਨ੍ਹਾਂ ਸਹੁਰੇ ਪਰਿਵਾਰ ਨੇ ਆਪਣੇ ਬੇਟੇ ਦੀ ਮੌਤ ਲਈ ਗੌਸੀਆ ਨੂੰ ਜਿੰਮੇਦਾਰ ਠਹਿਰਾਇਆ ਅਤੇ ਆਪਣੇ ਬੱਚਿਆਂ ਸਣੇ ਘਰ ਛੱਡਣ ਲਈ ਮਜ਼ਬੂਰ ਕਰ ਦਿੱਤਾ। ਗੌਸੀਆ ਅਤੇ ਉਨ੍ਹਾਂ ਦੇ ਬੱਚਾਂ ਨੂੰ ਚਿਵਾਰੀ ਵਿੱਚ ਪਰਿਵਾਰਕ ਸੰਪੱਤੀ ਵਿੱਚੋਂ ਉਨ੍ਹਾਂ ਦੇ ਪਤੀ ਦੇ ਬਣਦੇ ਹਿੱਸੇ ਵਿੱਚੋਂ ਵਾਂਝਾ ਰੱਖਿਆ। ਉਹ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਈ, ਜੋ ਕਿ ਚਿਵਾਰੀ ਵਿੱਚ ਹੀ ਹੈ। ਪਰ ਉਨ੍ਹਾਂ ਦਾ ਭਰਾ ਇੰਨੇ ਵੱਡੇ ਟੱਬਰ ਦਾ ਖਰਚਾ ਨਹੀਂ ਚੁੱਕ ਸਕਦਾ ਸੀ। ਇਸਲਈ ਉਹ ਉੱਥੋਂ ਨਿਕਲ਼ ਕੇ ਪਿੰਡ ਦੇ ਬਾਹਰੀ ਇਲਾਕੇ ਵਿੱਚ ਆਪਣੇ ਮਾਂ-ਪਿਓ ਦੀ ਜ਼ਮੀਨ ਦੇ ਇੱਕ ਟੁਕੜੇ 'ਤੇ ਬਣੀ ਝੌਂਪੜੀ ਵਿੱਚ ਰਹਿਣ ਲੱਗੀ।

''ਇੱਥੇ ਬਹੁਤ ਹੀ ਘੱਟ ਘਰ ਹਨ,'' ਗੌਸੀਆ ਦੱਸਦੀ ਹਨ। ''ਰਾਤ ਵੇਲ਼ੇ, ਮੇਰੇ ਨਾਲ਼ ਵਾਲ਼ੇ ਘਰ ਦੇ ਸ਼ਰਾਬੀ ਬੰਦੇ ਮੈਨੂੰ ਤੰਗ ਕਰਿਆ ਕਰਦੇ ਸਨ। ਉਹ ਅਸਰ ਮੇਰੇ ਘਰ ਵੜ੍ਹ ਜਾਂਦੇ ਅਤੇ ਮੇਰਾ ਸਰੀਰਕ ਸ਼ੋਸ਼ਣ ਕਰਦੇ। ਕੁਝ ਮਹੀਨਿਆਂ ਤੱਕ ਇਹ ਸਭ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਸੀ ਪਰ ਮੇਰੇ ਕੋਲ਼ ਹੋਰ ਕੋਈ ਵਿਕਲਪ ਹੀ ਨਹੀਂ ਸੀ।'' ਇਹ ਜ਼ਬਰ ਉਦੋਂ ਬੰਦ ਹੋਇਆ ਜਦੋਂ ਕੁਝ ਸਿਹਤ ਕਰਮੀਆਂ ਨੇ ਉਨ੍ਹਾਂ ਦੀ ਮਦਦ ਲਈ ਦਖਲ ਦੇਣਾ ਸ਼ੁਰੂ ਕੀਤਾ।

PHOTO • Javed Sheikh

ਚਿਵਾਰੀ ਵਿੱਚ ਗੌਸੀਆ ਇਨਾਮਦਾਰ ਅਤੇ ਉਨ੍ਹਾਂ ਦੇ ਬੱਚੇ। ਉਹ ਬਤੌਰ ਖੇਤ ਮਜ਼ਦੂਰ ਕੰਮ ਕਰਦੀ ਹਨ ਅਤੇ ਬਲਾਊਜਾਂ ਦੀ ਸਿਲਾਈ ਕਰਦੀ ਹਨ

ਗੌਸੀਆ ਦੇ ਲਈ ਅਜੇ ਵੀ ਆਪਣੀਆਂ ਲੋੜਾਂ ਪੂਰੀਆਂ ਕਰਨਾ ਮੁਸ਼ਕਲ ਹੈ। ''ਮੇਰੇ ਕੋਲ਼ ਸਿਲਾਈ ਦਾ ਕਾਫੀ ਕੰਮ ਨਹੀਂ ਹੁੰਦਾ- ਦੋ ਹਫ਼ਤਿਆਂ ਵਿੱਚ ਕੋਈ ਇੱਕ ਗਾਹਕ ਆਉਂਦਾ ਹੈ। ਕੋਵਿਡ ਕਰਕੇ ਔਰਤਾਂ ਕੁਝ ਵੀ ਸਿਲਾਉਣ ਨਹੀਂ ਆਉਂਦੀਆਂ। ਇਹ ਦੋਬਾਰਾ ਕਿਸੇ ਮਾੜੇ ਸੁਪਨੇ ਵਾਂਗ ਹੈ,'' ਉਹ ਕਹਿੰਦੀ ਹਨ। ''ਕੀ ਅਸੀਂ ਕਰੋਨਾ ਅਤੇ ਬੇਰੁਜ਼ਗਾਰੀ ਦੇ ਇਸ ਡਰ ਵਿੱਚ ਸਦਾ ਲਈ ਫੱਸ ਜਾਵਾਂਗੇ?''

ਅਪ੍ਰੈਲ 2020 ਵਿੱਚ, ਅਜੂਬੀ ਲਦਾਫ਼ ਦੇ ਸਹੁਰੇ ਪਰਿਵਾਰ ਵਾਲ਼ਿਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਚਾਰ ਬੱਚਿਆਂ ਸਮੇਤ ਘਰੋਂ ਬੇਦਖਲ਼ ਕਰ ਦਿੱਤਾ। ਇਹ ਉਨ੍ਹਾਂ ਦੇ ਪਤੀ, ਇਮਾਮ ਲੱਦਾਫ਼ ਦੇ ਮੌਤ ਤੋਂ ਇੱਕ ਦਿਨ ਬਾਅਦ ਹੋਇਆ। ''ਅਸੀਂ ਓਮਰਗਾ ਵਿੱਚ ਇਮਾਨ ਦੇ ਮਾਤਾ-ਪਿਤਾ ਅਤੇ ਵੱਡੇ ਭਰਾ ਦੇ ਪਰਿਵਾਰ ਦੇ ਨਾਲ਼ ਸਾਂਝੇ ਪਰਿਵਾਰ ਵਿੱਚ ਰਹਿੰਦੇ ਸਾਂ,'' ਉਹ ਕਹਿੰਦੀ ਹਨ।

ਦਿਹਾੜੀ-ਦੱਪਾ ਕਰਨ ਵਾਲ਼ੇ ਇਮਾਮ, ਆਪਣੀ ਮੌਤ ਤੋਂ ਪਹਿਲਾਂ ਕੁਝ ਮਹੀਨਿਆਂ ਤੱਕ ਬੀਮਾਰ ਸਨ। ਸ਼ਰਾਬ ਦੀ ਲਤ ਕਰਕੇ ਉਨ੍ਹਾਂ ਦੀ ਕਿਡਨੀ ਖਰਾਬ ਹੋ ਗਈ ਸੀ। ਇਸਲਈ ਪਿਛਲੇ ਸਾਲ ਫਰਵਰੀ ਵਿੱਚ, 38 ਸਾਲਾ ਅਜੂਬੀ ਨੇ ਉਨ੍ਹਾਂ ਨੂੰ ਓਮਰਗਾ ਸ਼ਹਿਰ ਵਿੱਚ ਛੱਡ ਦਿੱਤਾ ਅਤੇ ਕੰਮ ਦੀ ਭਾਲ਼ ਵਿੱਚ ਆਪਣੇ ਬੱਚਿਆਂ ਦੇ ਨਾਲ਼ ਪੂਨੇ ਚਲੀ ਗਈ।

ਉਨ੍ਹਾਂ ਨੂੰ ਘਰੇਲੂ ਸਹਾਇਕ ਦੇ ਰੂਪ ਵਿੱਚ ਕੰਮ ਮਿਲ਼ ਗਿਆ, ਜਿਸ ਵਾਸਤੇ ਉਨ੍ਹਾਂ ਨੂੰ ਪ੍ਰਤੀ ਮਹੀਨਾ 5,000 ਰੁਪਏ ਮਿਲ਼ਦੇ ਸਨ। ਪਰ ਜਦੋਂ ਕੋਵਿਡ-19 ਤਾਲਾਬੰਦੀ ਸ਼ੁਰੂ ਹੋਈ ਤਾਂ ਉਨ੍ਹਾਂ ਨੇ 10 ਤੋਂ 14 ਸਾਲ ਦੀ ਉਮਰ ਦੇ ਆਪਣੇ ਬੱਚਿਆਂ ਦੇ ਨਾਲ਼ ਸ਼ਹਿਰ ਛੱਡਣ ਦਾ ਫੈਸਲਾ ਕੀਤਾ ਅਤੇ ਤੁਲਜਾਪੁਰ ਤਾਲੁਕਾ ਦੇ ਨਲਦੁਰਗ ਪਿੰਡ ਚਲੀ ਗਈ, ਜਿੱਥੇ ਉਨ੍ਹਾਂ ਦੇ ਮਾਪੇ ਰਹਿੰਦੇ ਹਨ। ਉਨ੍ਹਾਂ ਨੂੰ ਉੱਥੇ ਕੁਝ ਕੰਮ ਮਿਲ਼ਣ ਦੀ ਉਮੀਦ ਸੀ। ''ਅਸੀਂ ਪਿਛਲੇ ਵਰ੍ਹੇ 27 ਮਾਰਚ ਨੂੰ ਪੂਨੇ ਤੋਂ ਤੁਰਨਾ ਸ਼ੁਰੂ ਕੀਤਾ ਅਤੇ ਨਲਦੁਰਗ ਪਹੁੰਚਣ ਲਈ ਕਰੀਬ 12 ਦਿਨਾਂ ਤੱਕ ਪੈਦਲ ਤੁਰੇ,'' ਅਜੂਬੀ ਕਹਿੰਦੀ ਹਨ। ਇਹ ਦੂਰੀ ਲਗਭਗ 300 ਕਿਲੋਮੀਟਰ ਹੈ। ''ਯਾਤਰਾ ਦੌਰਾਨ ਅਸੀਂ ਮੁਸ਼ਕਲ ਨਾਲ਼ ਵਧੀਆ ਭੋਜਨ ਖਾਧਾ ਹੋਵੇਗਾ।''

ਪਰ ਜਦੋਂ ਉਹ ਨਲਦੁਰਗ ਪਹੁੰਚੇ, ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਮਾਮ ਗੰਭੀਰ ਰੂਪ ਨਾਲ਼ ਬੀਮਾਰ ਹਨ। ਇਸਲਈ ਅਜੂਬੀ ਅਤੇ ਉਨ੍ਹਾਂ ਦੇ ਬੱਚਿਆਂ ਨੇ ਫੌਰਾਨ ਓਮਰਗਾ ਵੱਲ ਤੁਰਨਾ ਸ਼ੁਰੂ ਕੀਤਾ, ਜੋ ਨਲਦੁਰਗ ਤੋਂ 40 ਕਿਲੋਮੀਟਰ ਦੂਰ ਹੈ। ''ਸਾਡੇ ਪਹੁੰਚਣ ਤੋਂ ਬਾਅਦ, ਓਸੇ ਸ਼ਾਮ ਨੂੰ ਇਮਾਮ ਦੀ ਮੌਤ ਹੋ ਗਈ,'' ਉਹ ਦੱਸਦੀ ਹਨ।

12 ਅਪ੍ਰੈਲ ਨੂੰ, ਆਪਣੇ ਗੁਆਂਢੀਆਂ ਦੀ ਮਦਦ ਨਾਲ਼, ਇਮਾਮ ਦੇ ਮਾਪੇ ਅਤ ਭਰਾ ਨੇ ਅਜੂਬੀ ਅਤੇ ਉਨ੍ਹਾਂ ਦੇ ਬੱਚਾਂ ਨੂੰ ਉੱਥੋਂ ਚਲੇ ਜਾਣ ਲਈ ਮਜ਼ਬੂਰ ਕੀਤਾ। ਉਨ੍ਹਾਂ ਦੇ ਸਹੁਰਾ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਦੀ ਸਿਹਤ ਲਈ ਖ਼ਤਰਾ ਹਨ ਕਿਉਂਕਿ ਉਹ ਪੂਨੇ ਤੋਂ ਆਏ ਸਨ। ''ਅਸੀਂ ਉਸੇ ਰਾਤ ਇੱਕ ਸਥਾਨਕ ਦਰਗਾਹ ਵਿੱਚ ਪਨਾਹ ਲਈ ਅਤੇ ਫਿਰ ਨਲਦੁਰਗ ਵਾਪਸ ਚਲੇ ਗਏ,'' ਅਜੂਬੀ ਦੱਸਦੀ ਹਨ।

ਉਨ੍ਹਾਂ ਦੇ ਮਾਪੇ ਅਜੂਬੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਨ ਦੀ ਹਾਲਤ ਵਿੱਚ ਨਹੀਂ ਸਨ। ਅਜੂਬੀ ਦੀ ਮਾਂ ਨਜਬੁੰਨਬੀ ਦਵਲਸਾਬ ਕਹਿੰਦੀ ਹਨ,''ਉਹਦੇ ਪਿਤਾ ਅਤੇ ਮੈਂ ਦਿਹਾੜੀ ਮਜ਼ਦੂਰ ਹਾਂ। ਸਾਨੂੰ ਮੁਸ਼ਕਲ ਹੀ ਕੰਮ ਮਿਲ਼ਦਾ ਹੈ। ਅਸੀਂ ਜੋ ਪੈਸਾ ਕਮਾਉਂਦੇ ਹਾਂ, ਉਹ ਸਾਡੇ ਦੋਵਾਂ ਲਈ ਹੀ ਕਾਫੀ ਨਹੀਂ ਹੁੰਦਾ। ਅਸੀਂ ਮਜ਼ਬੂਰ ਸਾਂ।''

PHOTO • Narayan Goswami

ਆਪਣੇ ਚਾਰ ਬੱਚਿਆਂ ਵਿੱਚੋਂ ਦੋ ਦੇ ਨਾਲ਼ ਅਜੂਬੀ ਲਦਾਫ, ਓਮਰਗਾ ਵਿੱਚ ਆਪਣੇ ਕਿਰਾਏ ਦੇ ਕਮਰੇ ਦੇ ਸਾਹਮਣੇ

''ਮੈਂ ਆਪਣੇ ਮਾਪਿਆਂ 'ਤੇ ਆਪਣੇ ਪੰਜਾਂ ਦਾ ਬੋਝ ਨਹੀਂ ਪਾ ਸਕਦੀ ਸਾਂ,'' ਅਜੂਬੀ ਦੱਸਦੀ ਹਨ। ਇਸਲਈ ਉਹ ਨਵੰਬਰ ਵਿੱਚ ਵਾਪਸ ਓਮਰਗਾ ਸ਼ਹਿਰ ਚਲੀ ਗਈ। ''ਮੈਂ ਇੱਕ ਕਮਰਾ ਕਿਰਾਏ 'ਤੇ ਲਿਆ, ਜਿਹਦਾ  ਮੈਨੂੰ 700 ਰੁਪਏ ਕਿਰਾਇਆ ਦੇਣਾ ਪੈਂਦਾ ਹੈ। ਮੈਂ ਹੁਣ ਭਾਂਡੇ ਮਾਂਜਦੀ ਤੇ ਕੱਪੜੇ ਧੌਂਦੀ ਹਾਂ ਅਤੇ ਹਰ ਮਹੀਨੇ 3,000 ਰੁਪਏ ਕਮਾਉਂਦੀ ਹਾਂ।''

ਸਹੁਰੇ ਪਰਿਵਾਰ ਦੁਆਰਾ ਜ਼ਬਰਦਸਤੀ ਘਰੋਂ ਕੱਢੇ ਜਾਣ ਦੇ ਬਾਅਦ, ਸਥਾਨਕ ਅਖ਼ਬਾਰਾਂ ਨੇ ਅਜੂਬੀ ਦੀ ਕਹਾਣੀ ਨੂੰ ਕਵਰ ਕੀਤਾ ਸੀ। ''ਮੈਂ ਬੋਲਣ ਦੀ ਹਾਲਤ ਵਿੱਚ ਨਹੀਂ ਸਾਂ। ਮੈਂ ਦੱਸ ਨਹੀਂ ਸਕਦੀ ਕਿ ਇਹ ਕਿੰਨਾ ਦਿਲ-ਕੰਬਾਊ ਸੀ,'' ਉਹ ਕਹਿੰਦੀ ਹਨ। ''ਸਰਕਾਰੀ ਅਧਿਕਾਰੀ ਅਤੇ ਸਿਆਸਤਦਾਨ ਨਲਦੁਰਗ ਵਿੱਚ ਮੇਰੀ ਮਾਂ ਦੇ ਘਰੇ ਮੈਨੂੰ ਮਿਲ਼ਣ ਆਏ ਅਤੇ ਮਾਇਕ ਮਦਦ ਦਾ ਵਾਅਦਾ ਕੀਤਾ। ਪਰ ਮੈਨੂੰ ਹਾਲੇ ਤੱਕ ਕੁਝ ਵੀ ਨਹੀਂ ਮਿਲ਼ਿਆ।''

ਨਾ ਤਾਂ ਅਜੂਬੀ ਕੋਲ਼ ਰਾਸ਼ਨ ਕਾਰਡ ਹੈ ਤੇ ਨਾ ਹੀ ਗੌਸੀਆ ਕੋਲ਼। ਉਨ੍ਹਾਂ ਕੋਲ਼ ਕੇਂਦਰ ਸਰਕਾਰ ਦੇ ਵਿੱਤੀ ਸਮਾਵੇਸ਼ਨ ਪ੍ਰੋਗਰਾਮ, ਜਨ ਧਨ ਯੋਜਨਾ ਤਹਿਤ ਬੈਂਕ ਖਾਤਾ ਨਹੀਂ ਹੈ। ਜਨ ਧਨ ਬੈਂਕ ਖਾਤਾ ਹੋਣ 'ਤੇ ਉਨ੍ਹਾਂ ਨੂੰ ਵੀ ਤਾਲਾਬੰਦੀ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ (ਅਪ੍ਰੈਲ-ਜੂਨ 2020 ਤੱਕ) 500 ਰੁਪਏ ਪ੍ਰਤੀ ਮਹੀਨਾ ਮਿਲ਼ਣੇ ਸਨ। ''ਮੈਂ ਬੈਂਕ ਜਾ ਕੇ ਇੰਨਾ ਸਮਾਂ ਨਹੀਂ ਬਿਤਾ ਸਕਦੀ ਹਾਂ,'' ਜਾਹੇਦਾਬੀ ਕਹਿੰਦੀ ਹਨ, ਇਹ ਦੱਸਦਿਆਂ ਕਿ ਉਹ ਉੱਥੇ ਮਦਦ ਮਿਲ਼ਣ ਨੂੰ ਲੈ ਕੇ ਭਰੋਸੇ ਵਿੱਚ ਹਨ। ਬੈਂਕ ਉਨ੍ਹਾਂ ਦੇ ਘਰੋਂ ਤਿੰਨ ਕਿਲੋਮੀਟਰ ਦੂਰ ਹੈ।

ਗੌਸੀਆ ਮਹਾਂਰਾਸ਼ਟਰ ਸਰਕਾਰ ਦੀ ਸੰਜੈ ਗਾਂਧੀ ਨਿਰਾਧਾਰ ਪੈਨਸ਼ਨ ਯੋਜਨਾ ਦੇ ਲਾਭਪਾਤਰੀ ਹਨ, ਜਿਹਦੇ ਜ਼ਰੀਏ ਵਿਧਵਾ, ਇਕੱਲੀ ਮਹਿਲਾ ਅਤੇ ਅਨਾਥਾਂ ਨੂੰ ਵਿੱਤੀ ਸਹਾਇਤਾ ਮਿਲ਼ਦੀ ਹੈ। ਪੈਨਸ਼ਨ ਦੇ ਰੂਪ ਵਿੱਚ ਉਨ੍ਹਾਂ ਨੂੰ ਪ੍ਰਤੀ ਮਹੀਨੇ 900 ਰੁਪਏ ਮਿਲ਼ਦੇ ਹਨ ਪਰ ਸਿਰਫ਼ ਪੈਸੇ ਆਉਣ 'ਤੇ ਹੀ- ਉਨ੍ਹਾਂ ਨੂੰ ਜਨਵਰੀ ਤੋਂ ਅਗਸਤ 2020 ਤੱਕ ਪੈਨਸ਼ਨ ਨਹੀਂ ਮਿਲ਼ੀ ਸੀ, ਫਿਰ ਫਰਵਰੀ 2021 ਵਿੱਚ ਮਿਲ਼ੀ।

ਸਮਾਜਿਕ ਬਾਈਕਾਰ ਅਤੇ ਵਿੱਤੀ ਸਹਾਇਤਾ ਦੀ ਘਾਟ, ਜਾਹੇਦਾਬੀ ਅਤੇ ਉਨ੍ਹਾਂ ਜਿਹੀਆਂ ਹੋਰ ਇਕੱਲੀਆਂ ਔਰਤਾਂ ਵਾਸਤੇ ਇੱਕ ਚੁਣੌਤੀ ਹੈ। ''ਉਨ੍ਹਾਂ ਨੂੰ ਜ਼ਮੀਨ ਅਤੇ ਘਰੋਂ ਵਾਂਝਾ ਕਰ ਦਿੱਤਾ ਗਿਆ ਅਤੇ ਆਪਣੇ ਬੱਚਾਂ ਦੀ ਸਿੱਖਿਆ ਅਤੇ ਉਨ੍ਹਾਂ ਦਾ ਢਿੱਡ ਭਰਨਾ ਉਨ੍ਹਾਂ ਲਈ ਕਿਸੇ ਬੋਝ ਤੋਂ ਘੱਟ ਨਹੀਂ। ਉਨ੍ਹਾਂ ਦੇ ਕੋਲ਼ ਕੋਈ ਬੱਚਤ ਪੂੰਜੀ ਨਹੀਂ ਹੈ। ਤਾਲਾਬੰਦੀ ਦੌਰਾਨ ਬੇਰੁਜ਼ਗਾਰੀ ਦੇ ਕਾਰਨ ਅਜਿਹੇ ਪਰਿਵਾਰਾਂ ਵਿੱਚ ਭੁਖਮਰੀ ਪੈਦਾ ਹੋ ਗਈ,'' ਕਹਿੰਦੇ ਹਨ, ਡਾ. ਸ਼ਸ਼ੀਕਾਂਤ ਅਹੰਕਾਰੀ ਕਹਿੰਦੇ ਹਨ ਜੋ ਓਸਮਾਨਾਬਾਦ ਜਿਲ੍ਹੇ ਦੇ ਅੰਦੁਰ ਵਿੱਚ ਸਥਿਤ ਐੱਚਏਐੱਲਓ (HALO) ਮੈਡੀਕਲ ਫਾਊਂਡੇਸ਼ਨ ਦੇ ਚੇਅਰਪਰਸਨ ਹਨ। ਇਹ ਸੰਗਠਨ ਗ੍ਰਾਮੀਣ ਸਿਹਤ ਸੇਵਾ ਨੂੰ ਮਜ਼ਬੂਤ ਕਰਨ ਈ ਕੰਮ ਕਰਦਾ ਹੈ ਅਤੇ ਮਰਾਠਵਾੜਾ ਵਿੱਚ ਇਕੱਲੀਆਂ ਔਰਤਾਂ ਨੂੰ ਕਿੱਤਾ-ਮੁਖੀ ਸਿਖਲਾਈ ਪ੍ਰਦਾਨ ਕਰਦਾ ਹੈ।

ਕੋਵਿਡ-19 ਦੀ ਨਵੀਂ ਲਹਿਰ ਔਰਤਾਂ ਦੇ ਸੰਘਰਸ਼ ਨੂੰ ਤੇਜ਼ ਕਰ ਰਹੀ ਹੈ। ''ਜਦੋਂ ਤੋਂ ਮੇਰਾ ਵਿਆਹ ਹੋਇਆ ਹੈ, ਕਮਾਉਣ ਅਤੇ ਬੱਚਿਆਂ ਨੂੰ ਖੁਆਉਣ ਲਈ ਹਰ ਦਿਨ ਇੱਕ ਸੰਘਰਸ਼ ਸੀ। ਮਹਾਂਮਾਰੀ ਮੇਰੇ ਜੀਵਨ ਦਾ ਸਭ ਤੋਂ ਮਾੜਾ ਕਾਲ ਰਿਹਾ ਹੈ,'' ਜਾਹੇਦਾਬੀ ਕਹਿੰਦੀ ਹਨ। ਅਤੇ ਤਾਲਾਬੰਦੀ ਨੇ ਇਹਨੂੰ ਹੋਰ ਵੀ ਮਾੜਾ ਬਣਾ ਦਿੱਤਾ ਹੈ, ਗੌਸੀਆ ਕਹਿੰਦੀ ਹਨ। ''ਬੀਮਾਰੀ ਤਾਂ ਸ਼ਾਇਦ ਜਾਨ ਨਹੀਂ ਲਵੇਗੀ ਪਰ ਸਗੋਂ ਤਾਲਾਬੰਦੀ ਦੌਰਾਨ ਸਾਡਾ ਸੰਘਰਸ਼ ਜ਼ਰੂਰ ਸਾਨੂੰ ਮਾਰ ਮੁਕਾਵੇਗਾ।

ਤਰਜਮਾ: ਕਮਲਜੀਤ ਕੌਰ

Ira Deulgaonkar

Ira Deulgaonkar is a 2020 PARI intern; she is in the second year of a Bachelor’s degree course in Economics at the Symbiosis School of Economics, Pune.

Other stories by Ira Deulgaonkar
Translator : Kamaljit Kaur

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur