''ਤੁਸੀਂ ਬੜੀ ਜਲਦੀ ਇੱਥੇ ਆ ਗਏ। ਐਤਵਾਰ ਨੂੰ, ਉਹ ਸ਼ਾਮੀਂ 4 ਵਜੇ ਤੋਂ ਪਹਿਲਾਂ ਨਹੀਂ ਆਉਂਦੇ। ਮੈਂ ਇੱਥੇ ਇਸ ਸਮੇਂ ਇਸਲਈ ਆਈ ਹਾਂ ਕਿਉਂਕਿ ਮੈਂ ਹਰਮੋਨੀਅਮ ਵਜਾਉਣਾ ਸਿੱਖ ਰਹੀ ਹਾਂ,'' ਬਿਊਟੀ ਕਹਿੰਦੀ ਹਨ।

'ਇੱਥੇ' ਚਤੁਰਭੁਜ ਸਥਾਨ, ਜੋ ਬਿਹਾਰ ਦੇ ਮੁਜ਼ੱਫਰਪੁਰ ਜਿਲ੍ਹੇ ਦੇ ਮੁਸਾਹਰੀ ਬਲਾਕ ਵਿੱਚ ਇੱਕ ਕਾਫੀ ਪੁਰਾਣਾ ਕੋਠਾ ਹੈ। 'ਇਸ ਵਾਰ' ਅਜੇ ਸਵੇਰ ਦੇ 10 ਹੀ ਵੱਜੇ ਸਨ, ਜਦੋਂ ਉਹ ਅਤੇ ਮੈਂ ਮਿਲ਼ੇ 'ਉਹ' ਉਨ੍ਹਾਂ ਦੇ ਅਜਿਹੇ ਗਾਹਕ ਹਨ ਜੋ ਸ਼ਾਮੀਂ ਆਉਂਦੇ ਹਨ। ਅਤੇ 19 ਸਾਲਾ ਬਿਊਟੀ- ਜਿਨ੍ਹਾਂ ਦਾ ਪੇਸ਼ੇ ਵਿੱਚ ਇਹੀ ਨਾਮ ਚੱਲਦਾ ਹੈ-ਇੱਕ ਸੈਕਸ ਵਰਕਰ, ਪਿਛਲੇ ਪੰਜ ਸਾਲਾਂ ਤੋਂ ਇਸੇ ਪੇਸ਼ੇ ਵਿੱਚ ਹਨ। ਉਹ ਤਿੰਨ ਮਹੀਨਿਆਂ ਦੀ ਗਰਭਵਤੀ ਵੀ ਹਨ।

ਉਹ ਇਸ ਹਾਲਤ ਵਿੱਚ ਵੀ ਕੰਮ ਕਰ ਰਹੀ ਹਨ। ਉਹ ਹਰਮੋਨੀਅਮ ਵਜਾਉਣਾ ਵੀ ਸਿੱਖ ਰਹੀ ਹਨ ਕਿਉਂਕਿ ''ਅੰਮੀ (ਉਨ੍ਹਾਂ ਦੀ ਮਾਂ) ਕਹਿੰਦੀ ਹਨ ਕਿ ਸੰਗੀਤ ਦਾ ਮੇਰੇ ਬੱਚੇ ਦੀ ਸਿਹਤ 'ਤੇ ਬਹੁਤ ਚੰਗਾ ਅਸਰ ਪਵੇਗਾ।''

ਗੱਲਾਂ ਕਰਨ ਵੇਲੇ ਵੀ ਉਨ੍ਹਾਂ ਦੀਆਂ ਉਂਗਲਾਂ ਹਰਮੋਨੀਅਮ ਦੇ ਬਟਨਾਂ 'ਤੇ ਘੁੰਮਦੀਆਂ ਰਹੀਆਂ, ਬਿਊਟੀ ਅੱਗੇ ਕਹਿੰਦੇ ਹਨ,''ਇਹ ਮੇਰਾ ਦੂਜਾ ਬੱਚਾ ਹੋਵੇਗਾ। ਮੇਰਾ ਪਹਿਲਾ ਬੱਚਾ ਮੇਰਾ 2 ਸਾਲਾਂ ਦੇ ਬੇਟਾ ਹੈ।''

ਜਿਸ ਕਮਰੇ ਵਿੱਚ ਅਸੀਂ ਮਿਲ਼ੇ- ਉਹਦੀ ਅੱਧੀ ਥਾਂ ਤਾਂ ਫ਼ਰਸ 'ਤੇ ਵਿਛੇ ਗੱਦਿਆਂ ਨੇ ਘੇਰੀ ਹੋਈ ਸੀ, ਜਿਹਦੀ ਪਿਛਲੀ ਕੰਧ 'ਤੇ 6x4 ਫੁੱਟ ਲੰਬਾ ਸ਼ੀਸ਼ਾ ਲੱਗਿਆ ਹੋਇਆ ਹੈ। ਕਮਰਾ ਸ਼ਾਇਦ ਆਪਣੇ-ਆਪ ਵਿੱਚ 15x25 ਫੁੱਟ ਹੋਣਾ ਹੈ। ਗੱਦਿਆਂ ਨੂੰ ਗੱਦੀਆਂ ਅਤੇ ਗੋਲ਼ ਸਿਰਹਾਣਿਆਂ ਨਾਲ਼ ਸਜਾਇਆ ਗਿਆ ਹੈ ਜਿਨ੍ਹਾਂ 'ਤੇ ਗਾਹਕ ਬਹਿ ਕੇ ਜਾਂ ਲੇਟ ਕੇ ਕੁੜੀਆਂ ਨੂੰ ਮੁਜਰਾ ਕਰਦਿਆਂ ਦੇਖਦੇ ਹਨ, ਇੱਕ ਅਜਿਹਾ ਨਾਚ ਜੋ ਪੂਰਵ-ਬਸਤੀਵਾਦੀ ਭਾਰਤ ਵਿੱਚ ਉਭਰਿਆ ਮੰਨਿਆ ਜਾਂਦਾ ਹੈ। ਚਤਰਭੁਜ ਸਥਾਨ ਦਾ ਵਜੂਦ ਵੀ ਮੁਗਲ ਕਾਲ਼ ਦੇ ਸਮੇਂ ਦਾ ਮੰਨਿਆ ਜਾਂਦਾ ਹੈ। ਕੋਠੇ 'ਤੇ ਮੌਜੂਦ ਸਾਰੀਆਂ ਕੁੜੀਆਂ ਅਤੇ ਔਰਤਾਂ ਲਈ ਮੁਜਰੇ ਦਾ ਜਾਣਕਾਰ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਬਿਊਟੀ ਵੀ ਨਿਸ਼ਚਤ ਤੌਰ 'ਤੇ ਕਰਦੀ ਹਨ।

PHOTO • Jigyasa Mishra

ਕੋਠੇ ' ਤੇ ਮੌਜੂਦ ਸਾਰੀਆਂ ਕੁੜੀਆਂ ਅਤੇ ਔਰਤਾਂ ਲਈ ਮੁਜਰੇ ਦਾ ਜਾਣਕਾਰ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ ; ਬਿਊਟੀ ਹਰਮੋਨੀਅਮ ਵਜਾਉਣਾ ਵੀ ਸਿੱਖ ਰਹੀ ਹਨ

ਕੋਠੇ ਤੱਕ ਜਾਣ ਵਾਲ਼ਾ ਰਾਹ ਮੁਜ਼ੱਫਰਪੁਰ ਮੇਨ ਮਾਰਕਿਟ ਵਿੱਚੋਂ ਦੀ ਹੋ ਕੇ ਜਾਂਦਾ ਹੈ। ਦੁਕਾਨਦਾਰ ਅਤੇ ਰਿਕਸ਼ਾ ਚਾਲਕ ਦਿਸ਼ਾ ਸਮਝਾਉਣ ਵਿੱਚ ਮਦਦ ਕਰਦੇ ਹਨ, ਹਰ ਕੋਈ ਜਾਣਦਾ ਹੈ ਕਿ ਕੋਠਾ ਕਿੱਥੇ ਸਥਿਤ ਹੈ। ਚਤੁਰਭੁਜ ਸਥਾਨ ਪਰਿਸਰ ਵਿੱਚ ਸੜਕ ਦੇ ਦੋਵੀਂ ਪਾਸੀਂ ਇੱਕੋ ਜਿਹੇ ਦਿੱਸਣ ਵਾਲ਼ੇ 2 ਤੋਂ 3 ਮੰਜਲਾ ਘਰ ਹਨ। ਵੱਖੋ-ਵੱਖ ਉਮਰ ਦੀਆਂ ਔਰਤਾਂ ਘਰਾਂ ਦੇ ਬਾਹਰ ਖੜ੍ਹੀਆਂ ਹੋ ਜਾਂਦੀਆਂ, ਕੁਝ ਕੁ ਕੁਰਸੀਆਂ 'ਤੇ ਬਹਿ ਕੇ ਆਪਣੇ ਗਾਹਕਾਂ ਨੂੰ ਉਡੀਕਦੀਆਂ ਹਨ। ਭੜਕੀਲੇ ਅਤੇ ਭੀੜੇ ਕੱਪੜੇ ਪਾਈ, ਗੂੜ੍ਹਾ ਮੇਕਅਪ ਕਰੀ ਪੂਰਾ ਸਜ-ਸੰਵਰ ਕੇ ਹਰੇਕ ਰਾਹਗੀਰ 'ਤੇ ਘੋਖਵੀਂ ਨਜ਼ਰ ਰੱਖਦੀਆਂ ਹਨ।

ਹਾਲਾਂਕਿ, ਬਿਊਟੀ ਦੱਸਦੀ ਹਨ, ਕਿ ਜਿੰਨੀਆਂ ਔਰਤਾਂ ਅਸੀਂ ਉਸ ਦਿਨ ਇੱਥੇ ਦੇਖੀਆਂ ਉਹ ਕੋਠੇ 'ਤੇ ਮੌਜੂਦ ਸੈਕਸ ਵਰਕਰਾਂ ਦੀ ਕੁੱਲ ਗਿਣਦੀ ਦਾ ਸਿਰਫ਼ 5 ਫੀਸਦ ਹੀ ਹਨ। ''ਦੇਖੋ, ਬਾਕੀਆਂ ਲੋਕਾਂ ਵਾਂਗ, ਅਸੀਂ ਵੀ ਪੂਰੇ ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ ਲੈਂਦੀਆਂ ਹਾਂ। ਭਾਵੇਂ ਸਾਡੇ ਲਈ, ਇਹ ਛੁੱਟੀ ਸਿਰਫ਼ ਅੱਧੇ ਦਿਨ ਦੀ ਹੀ ਰਹਿੰਦੀ ਹੈ। ਛੁੱਟੀ ਵਾਲ਼ੇ ਦਿਨ ਵੀ ਅਸੀਂ ਸ਼ਾਮ ਦੇ 4-5 ਵਜੇ ਕੰਮ ਲਈ ਆਉਂਦੀਆਂ ਹਾਂ ਅਤੇ ਰਾਤ ਦੇ 9 ਵਜੇ ਤੱਕ ਇੱਥੇ ਹੀ ਰਹਿੰਦੀਆਂ ਹਾਂ। ਬਾਕੀ ਆਮ ਦਿਨੀਂ ਸਾਡਾ ਕੰਮ ਸਵੇਰੇ 9 ਵਜੇ ਤੋਂ ਲੈ ਕੇ ਰਾਤੀਂ 9 ਵਜੇ ਤੱਕ ਹੁੰਦਾ ਹੈ।''

*****

ਸਾਰੇ ਚਤਰਭੁਜ ਸਥਾਨ ਵਿੱਚ ਸੈਕਸ ਵਰਕਰਾਂ ਦੀ ਗਿਣਤੀ ਦਰਸਾਉਂਦੇ ਕੋਈ ਅਧਿਕਾਰਤ ਅੰਕੜੇ ਤਾਂ ਨਹੀਂ ਹਨ ਪਰ ਇੱਕ ਕਿਲੋਮੀਟਰ ਤੋਂ ਵੱਧ ਦੂਰੀ ਵਿੱਚ ਫੈਲੇ ਇਸ ਇਲਾਕੇ ਵਿੱਚ ਇਹ ਸੰਖਿਆ 2,500 ਤੋਂ ਉੱਪਰ ਹੋ ਸਕਦੀ ਹੈ । ਬਿਊਟੀ ਅਤੇ ਹੋਰ, ਜਿਨ੍ਹਾਂ ਨਾਲ਼ ਮੈਂ ਗੱਲ ਕੀਤੀ ਦਾ ਕਹਿਣਾ ਹੈ ਗਲ਼ੀ ਦੇ ਜਿਹੜੇ ਹਿੱਸੇ ਵਿੱਚ ਅਸੀਂ ਖੜ੍ਹੇ ਹਾਂ ਇੱਥੇ ਹੀ ਇਸ ਪੇਸ਼ੇ ਨਾਲ਼ ਜੁੜੀਆਂ ਤਕਰੀਬਨ 200 ਔਰਤਾਂ ਰਹਿੰਦੀਆਂ ਹਨ। ਇੰਨੇ ਹਿੱਸੇ ਵਿੱਚ ਇਸ ਪੇਸ਼ੇ ਲਈ ਕੰਮ ਕਰਨ ਵਾਲ਼ੀਆਂ ਕਰੀਬ 50 ਔਰਤਾਂ ਕਿਸੇ ਹੋਰ ਥਾਂ ਤੋਂ ਆਉਂਦੀਆਂ ਹਨ। ਬਿਊਟੀ ਉਨ੍ਹਾਂ 'ਬਾਹਰੋਂ ਆਉਣ ਵਾਲ਼ੀਆਂ' ਦੇ ਸਮੂਹ 'ਚੋਂ ਹਨ, ਜੋ ਮੁਜ਼ੱਫਰਪੁਰ ਸ਼ਹਿਰ ਵਿੱਚ ਕਿਤੇ ਹੋਰ ਰਹਿੰਦੀਆਂ ਹਨ।

ਉਹ ਅਤੇ ਹੋਰ ਕੁੜੀਆਂ ਸਾਨੂੰ ਦੱਸਦੀਆਂ ਹਨ ਕਿ ਚਤੁਰਭੁਜ ਸਥਾਨ ਵਿੱਚ ਬਹੁਤੇਰੇ ਘਰ, ਉਨ੍ਹਾਂ ਔਰਤਾਂ ਦੁਆਰਾ ਖਰੀਦ ਲਏ ਗਏ ਹਨ ਜੋ ਤਿੰਨ ਪੀੜ੍ਹੀਆਂ ਤੋਂ ਇਸੇ ਦੇਹ-ਵਪਾਰ ਵਿੱਚ ਹਨ। ''ਬੱਸ ਇਸੇ ਤਰ੍ਹਾਂ ਇੱਥੇ ਇਹ ਸਾਰਾ ਕੰਮ ਚੱਲਦਾ ਹੈ। ਉਨ੍ਹਾਂ ਵਿੱਚੋਂ ਬਾਕੀਆਂ ਨੇ ਪੁਰਾਣੇ ਮਾਲਕਾਂ ਤੋਂ ਇਹ ਘਰ ਕਿਰਾਏ 'ਤੇ ਲਏ ਹੋਏ ਹਨ ਅਤੇ ਸਾਡੇ ਵਾਂਗ ਇੱਥੇ ਸਿਰਫ਼ ਕੰਮ ਕਰਨ ਹੀ ਆਉਂਦੀਆਂ ਹਨ,'' 31 ਸਾਲਾ ਅਮੀਰਾ ਕਹਿੰਦੀ ਹਨ। ''ਸਾਡੇ ਲਈ ਤਾਂ ਇਹੀ ਸਾਡਾ ਘਰ ਹੈ। ਬਾਹਰੋਂ ਆਉਣ ਵਾਲ਼ੀਆਂ ਔਰਤਾਂ ਜਾਂ ਬਸਤੀਆਂ ਵਿੱਚੋਂ ਆਉਂਦੀਆਂ ਹਨ ਜਾਂ ਰਿਕਸ਼ਾ-ਚਾਲਕ ਜਾਂ ਘਰੇਲੂ ਨੌਕਰ ਪਰਿਵਾਰਾਂ ਨਾਲ਼ ਸਬੰਧ ਰੱਖਦੀਆਂ ਹਨ। ਕਈ ਤਾਂ ਇੱਥੇ (ਤਸਕਰੀ ਜਾਂ ਅਗਵਾ) ਕਰਕੇ ਵੀ ਲਿਆਂਦੀਆਂ ਗਈਆਂ ਹਨ,'' ਉਹ ਅੱਗੇ ਦੱਸਦੀ ਹਨ।

ਯੂਨੀਵਰਸਿਟੀ ਗਰਾਂਟ ਕਮਿਸ਼ਨ ਵੱਲੋਂ ਛਾਪੇ ਇੱਕ ਸੋਧ ਪੱਤਰ ਅਨੁਸਾਰ, ਅਪਹਰਣ, ਗ਼ਰੀਬੀ ਜਾਂ ਪਹਿਲਾਂ ਤੋਂ ਇਸੇ ਪੇਸ਼ੇ ਦਾ ਹਿੱਸਾ ਰਹੇ ਪਰਿਵਾਰ ਵਿੱਚ ਪੈਦਾ ਹੋਣ ਕਾਰਨ ਔਰਤਾਂ ਵੇਸ਼ਵਾਗਮਨੀ ਵਿੱਚ ਸ਼ਾਮਲ ਹੋ ਜਾਂਦੀਆਂ ਹਨ। ਇਹ ਖੋਜ ਪੱਤਰ ਇਹ ਵੀ ਕਹਿੰਦਾ ਹੈ ਕਿ ਪੁਰਸ਼ਾਂ ਵੱਲੋਂ ਔਰਤਾਂ ਦਾ ਸਮਾਜਿਕ ਅਤੇ ਆਰਥਿਕ ਉਤਪੀੜਨ ਕਰਨਾ ਵੀ ਇਹਦੀ ਸਭ ਤੋਂ ਵੱਡੀ ਵਜ੍ਹਾ ਹੈ।

PHOTO • Jigyasa Mishra
PHOTO • Jigyasa Mishra

ਚਤੁਰਭੁਜ ਸਥਾਨ ਵਿਚਲੇ ਬਹੁਤੇਰੇ ਘਰ ਉਨ੍ਹਾਂ ਔਰਤਾਂ ਵੱਲੋਂ ਖਰੀਦੇ ਗਏ ਹਨ ਜੋ ਪੀੜ੍ਹੀਆਂ ਤੋਂ ਇਸੇ ਪੇਸ਼ੇ ਵਿੱਚ ਹਨ ; ਕੁਝ ਕੁ ਸੈਕਸ ਵਰਕਰ ਇੱਥੇ ਹੀ ਰਹਿੰਦੀਆਂ ਹਨ, ਬਿਊਟੀ ਵਾਂਗਰ ਸ਼ਹਿਰ ਦੀਆਂ ਹੋਰਨਾਂ ਥਾਵਾਂ ਤੋਂ ਆਉਂਦੀਆਂ ਹਨ

ਕੀ ਬਿਊਟੀ ਦੇ ਮਾਪੇ ਉਨ੍ਹਾਂ ਦੇ ਕੰਮ ਬਾਰੇ ਜਾਣਦੇ ਹਨ?

"ਹਾਂ, ਬਿਲਕੁਲ, ਹਰੇਕ ਕੋਈ ਜਾਣਦਾ ਹੈ। ਮੈਂ ਮੇਰੀ ਮਾਂ ਕਾਰਨ ਹੀ ਇਸ ਗਰਭ ਨਾਲ਼ ਅੱਗੇ ਵੱਧ ਰਹੀ ਹਾਂ," ਉਹ ਕਹਿੰਦੀ ਹਨ। "ਮੈਂ ਮਾਂ ਕੋਲ਼ੋਂ ਗਰਭਪਾਤ ਕਰਾਉਣ ਦੀ ਆਗਿਆ ਮੰਗੀ। ਬਗ਼ੈਰ ਪਿਤਾ ਦੇ ਬੱਚੇ ਨੂੰ ਜਨਮ ਦੇਣਾ ਅਤੇ ਉਹਨੂੰ ਪਾਲਣਾ ਕੋਈ ਸੁਖਾਲਾ ਕੰਮ ਨਹੀਂ, ਪਰ ਉਹ ਕਹਿੰਦੀ ਹਨ ਕਿ ਸਾਡੇ ਧਰਮ ਵਿੱਚ ਪਾਪ (ਗਰਭਪਾਤ) ਦੀ ਕੋਈ ਥਾਂ ਨਹੀਂ।"

ਇੱਥੇ ਕਈ ਕੁੜੀਆਂ ਅਜਿਹੀਆਂ ਵੀ ਹਨ ਜੋ ਉਮਰ ਵਿੱਚ ਬਿਊਟੀ ਨਾਲ਼ੋਂ ਛੋਟੀਆਂ ਹਨ, ਜੋ ਗਰਭਵਤੀ ਹਨ ਜਾਂ ਜਿਨ੍ਹਾਂ ਦੇ ਬੱਚੇ ਵੀ ਹਨ।

ਕਈ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅੱਲ੍ਹੜ ਉਮਰ ਦੇ ਗਰਭਧਾਰਨ ਨੂੰ ਘੱਟ ਕਰਨਾ, ਸੰਯੁਕਤ ਰਾਸ਼ਟਰ ਦੇ ਨਿਰੰਤਰ ਵਿਕਾਸ ਲੱਛਣਾਂ ਵਿੱਚ ਸ਼ਾਮਲ ਯੌਨ ਅਤੇ ਪ੍ਰਜਨਨ ਸਿਹਤ ਸਬੰਧੀ ਉਦੇਸ਼ਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਖ਼ਾਸ ਕਰਕੇ ਐੱਸਡੀਜੀਐੱਸ 3 ਅਤੇ 5 ਸ਼ਾਮਲ ਹਨ, ਜੋ 'ਚੰਗੀ ਸਿਹਤ ਅਤੇ ਕਲਿਆਣ' ਅਤੇ 'ਲਿੰਗ ਸਮਾਨਤਾ' ਹਨ। ਉਮੀਦ ਹੈ ਕਿ 2025 ਤੱਕ ਇਹ ਟੀਚੇ ਹਾਸਲ ਕਰ ਲਏ ਜਾਣਗੇ, ਜੋ ਅੱਜ ਨਾਲ਼ੋਂ ਸਿਰਫ਼ 40 ਮਹੀਨੇ ਦੂਰ ਹੈ। ਪਰ ਜ਼ਮੀਨੀ ਪੱਧਰ 'ਤੇ ਹਕੀਕਤ ਖ਼ਤਰਨਾਕ ਹੈ।

ਐੱਚਆਈਵੀ/ਏਡਸ ਸਬੰਧੀ ਸੰਯੁਕਤ ਰਾਸ਼ਟਰ ਪ੍ਰੋਗਰਾਮ ਦੁਆਰਾ ਪ੍ਰਕਾਸ਼ਤ 2016 ਦੇ ਪ੍ਰਮੁੱਖ ਜਨਸੰਖਿਆ ਐਟਲਸ ਮੁਤਾਬਕ, ਭਾਰਤ ਵਿੱਚ ਕਰੀਬ 657,800 ਔਰਤਾਂ ਵੇਸ਼ਵਾਗਮਨੀ ਵਿੱਚ ਸ਼ਾਮਲ ਹਨ। ਹਾਲਾਂਕਿ, ਅਗਸਤ 2020 ਵਿੱਚ ਇੱਕ ਹੋਰ ਹਾਲੀਆ ਪ੍ਰਵਾਨਗੀ ਵਿੱਚ , ਜਿਸ ਵਿੱਚ ਨੈਸ਼ਨਲ ਨੈਟਵਰਕ ਆਫ਼ ਸੈਕਸ ਵਰਕਸ ਵੱਲੋਂ ਰਾਸ਼ਟਰੀ ਮਾਨਵ-ਅਧਿਕਾਰ ਕਮਿਸ਼ਨ ਨੂੰ ਦੱਸਿਆ ਗਿਆ ਹੈ ਕਿ ਦਕੀਆਨੂਸੀ (ਪਿਛਾਂਹਖੜੀ) ਅੰਦਾਜ਼ੇ ਮੁਤਾਬਕ ਦੇਸ਼ ਅੰਦਰ ਸੈਕਸ ਵਰਕਰ ਔਰਤਾਂ ਦੀ ਗਿਣਤੀ 12 ਲੱਖ ਅੱਪੜ ਜਾਵੇਗੀ। ਇਨ੍ਹਾਂ ਵਿੱਚੋਂ ਤਕਰੀਬਨ 6.8 ਲੱਖ ਔਰਤਾਂ (ਯੂਐਨਏਡਸ/UNAIDS ਦੁਆਰਾ ਵਰਤੇ ਗਏ ਅੰਕੜੇ) ਪੰਜੀਕ੍ਰਿਤ ਹਨ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਕੁਝ ਸੇਵਾਵਾਂ ਪ੍ਰਾਪਤ ਕਰਦੀਆਂ ਹਨ। 1997 ਵਿੱਚ ਸਥਾਪਤ, NNSW, ਭਾਰਤ ਵਿੱਚ ਔਰਤਾਂ, ਟ੍ਰਾਂਸਜੈਂਡਰ ਅਤੇ ਪੁਰਸ਼ ਸੈਕਸ ਵਰਕਰਾਂ ਦੇ ਅਧਿਕਾਰਾਂ ਨੂੰ ਹੱਲ੍ਹਾਸ਼ੇਰੀ ਦੇਣ ਵਾਲ਼ੇ ਸੰਗਠਨਾਂ ਦਾ ਇੱਕ ਰਾਸ਼ਟਰੀ ਨੈੱਟਵਰਕ ਹੈ

PHOTO • Jigyasa Mishra
PHOTO • Jigyasa Mishra

ਹਰੇਕ ਘਰ ਅੰਦਰ ਇੱਕ ਬਾਹਰੀ ਕਮਰਾ ਹੈ ਜਿਸ ਅੰਦਰ ਵੱਡੇ-ਵੱਡੇ ਗੱਦੇ ਰੱਖੇ ਗਏ ਹਨ ਜਿਨ੍ਹਾਂ ' ਤੇ ਬਹਿ ਕੇ ਗਾਹਕ ਮੁਜਰਾ ਦੇਖਦੇ ਹਨ ; ਇੱਕ ਹੋਰ ਕਮਰਾ (ਸੱਜੇ) ਦੋਸਤਾਨਾ ਨਾਚ ਕੀਤਾ ਜਾਂਦਾ ਹੈ

ਸਾਡੇ ਆਪਸ ਵਿੱਚ ਗੱਲਾਂ ਕਰਨ ਦੌਰਾਨ ਬਿਊਟੀ ਦੀ ਉਮਰ ਦਾ ਇੱਕ ਮੁੰਡਾ ਉਸੇ ਕਮਰੇ ਵਿੱਚ ਅੰਦਰ ਆਇਆ, ਉਹਨੇ ਸਾਡੀਆਂ ਗੱਲਾਂ ਸੁਣੀਆਂ ਅਤੇ ਸਾਡੇ ਨਾਲ਼ ਹੀ ਬਹਿ ਗਿਆ। ''ਮੈਂ ਰਾਹੁਲ ਹਾਂ। ਮੈਂ ਬਚਪਨ ਤੋਂ ਹੀ ਇੱਥੇ ਕੰਮ ਕਰ ਰਿਹਾ ਹਾਂ। ਮੈਂ ਬਿਊਟੀ ਅਤੇ ਹੋਰਨਾਂ ਕੁੜੀਆਂ ਲਈ ਗਾਹਕ ਲਿਆਉਣ ਵਿੱਚ ਮਦਦ ਕਰਦਾ ਹਾਂ,'' ਉਹ ਕਹਿੰਦਾ ਹੈ। ਫਿਰ ਉਹ ਸ਼ਾਂਤ ਹੋ ਗਿਆ ਅਤੇ ਉਹਨੇ ਆਪਣੇ ਬਾਰੇ ਹੋਰ ਕੋਈ ਗੱਲ ਨਾ ਕੀਤੀ ਅਤੇ ਮੈਂ ਅਤੇ ਬਿਊਟੀ ਨੇ ਆਪਣੀ ਗੱਲਬਾਤ ਜਾਰੀ ਰੱਖੀ।

''ਮੈਂ, ਮੇਰਾ ਬੇਟਾ, ਮੇਰੇ ਮਾਪੇ ਅਏ ਮੇਰੇ ਦੋ ਵੱਡੇ ਭਰਾ ਇੱਕੋ ਘਰ ਵਿੱਚ ਰਹਿੰਦੇ ਹਾਂ। ਮੈਂ ਪੰਜਵੀਂ ਤੱਕ ਸਕੂਲ ਗਈ ਹਾਂ, ਉਸ ਤੋਂ ਬਾਅਦ ਨਹੀਂ। ਮੈਨੂੰ ਸਕੂਲ ਜਾਣਾ ਪਸੰਦ ਨਹੀਂ ਆਇਆ। ਮੇਰੇ ਪਿਤਾ ਦਾ ਸ਼ਹਿਰ ਵਿੱਚ ਇੱਕ ਡਿੱਬਾ (ਸਿਗਰੇਟਾਂ, ਮਾਚਸਾਂ, ਚਾਹ, ਪਾਨ ਅਤੇ ਹੋਰ ਚੀਜ਼ਾਂ ਦਾ ਇੱਕ ਖੋਖਾ) ਹੈ। ਬੱਸ ਇੰਨਾ ਹੀ। ਮੈਂ ਵਿਆਹੀ ਨਹੀਂ ਹਾਂ,'' ਬਿਊਟੀ ਕਹਿੰਦੀ ਹਨ।

''ਮੇਰੇ ਪਹਿਲੇ ਬੱਚੇ ਦਾ ਪਿਤਾ ਜਿਹਨੂੰ ਮੈਂ ਪਿਆਰ ਕਰਦੀ ਹਾਂ। ਉਹ ਵੀ ਮੈਨੂੰ ਪਿਆਰ ਕਰਦਾ ਹੈ। ਘੱਟੋ-ਘੱਟ ਉਹ ਇਹ ਗੱਲ ਕਬੂਲਤਾ ਤਾਂ ਹੈ।'' ਇੰਨਾ ਕਹਿ ਬਿਊਟੀ ਦੰਦ ਕੱਢ ਕੇ ਹੱਸਦੀ ਹਨ। ''ਉਹ ਮੇਰਾ ਪੱਕਾ ਗਾਹਕ ਹੈ।'' ਇੱਥੇ ਕਈ ਔਰਤਾਂ ਪੱਕੇ/ਲੰਬੇ ਸਮੇਂ ਤੋਂ ਆਉਣ ਵਾਲ਼਼ੇ ਗਾਹਕ ਲਈ ਅੰਗਰੇਜ਼ੀ ਸ਼ਬਦ 'ਪਰਮਾਨੈਂਟ' ਦਾ ਇਸਤੇਮਾਲ ਕਰਦੀਆਂ ਹਨ। ਕਦੇ-ਕਦੇ ਉਹ ਉਨ੍ਹਾਂ ਨੂੰ 'ਪਾਰਟਨਰ' ਵੀ ਕਹਿੰਦੀਆਂ ਹਨ। ''ਮੇਰਾ ਪਹਿਲਾ ਬੱਚਾ ਅਸਾਂ ਸੋਚਿਆ ਨਹੀਂ ਸੀ। ਨਾ ਹੀ ਇਸ ਗਰਭ ਬਾਰੇ ਹੀ ਕੁਝ ਸੋਚਿਆ ਸੀ। ਪਰ ਹਰ ਵਾਰੀ ਮੈਂ ਗਰਭ ਨੂੰ ਜਾਰੀ ਰੱਖਿਆ ਕਿਉਂਕਿ ਉਹਨੇ ਮੈਨੂੰ ਇੰਝ ਕਰਨ ਨੂੰ ਕਿਹਾ। ਉਹਨੇ ਕਿਹਾ ਕਿ ਉਹਨੇ ਬੱਚੇ ਦੇ ਸਾਰੇ ਖਰਚੇ ਝੱਲੇ ਹਨ ਅਤੇ ਆਪਣੇ ਵਾਅਦੇ ਨੂੰ ਪੂਰਿਆ ਕੀਤਾ।  ਇੱਥੋਂ ਤੱਕ ਕਿ ਇਸ ਵਾਰੀ ਵੀ ਉਹ ਦਵਾਈ-ਦਾਰੂ ਦੇ ਸਾਰੇ ਖਰਚੇ ਚੁੱਕ ਰਿਹਾ ਹੈ,'' ਉਹ ਕਹਿੰਦੀ ਹਨ, ਆਪਣੀ ਅਵਾਜ਼ ਵਿੱਚ ਤਸੱਲੀ ਦਾ ਭਾਵ ਲਿਆਉਂਦਿਆਂ।

ਬਿਊਟੀ ਵਾਂਗਰ, ਭਾਰਤ ਵਿੱਚ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 ਧਿਆਨ ਦਵਾਉਂਦਾ ਹੈ ਕਿ 15-19 ਉਮਰ ਵਰਗ ਦੀਆਂ 8 ਫੀਸਦ ਔਰਤਾਂ ਬੱਚੇ ਜੰਮਣ ਲੱਗਦੀਆਂ ਹਨ। ਇਸੇ ਉਮਰ ਵਰਗ ਦੀਆਂ ਕਰੀਬ 5 ਫੀਸਦ ਔਰਤਾਂ ਨੇ ਇੱਕ ਬੱਚਾ ਤਾਂ ਜ਼ਰੂਰ ਜੰਮਿਆ ਹੀ ਹੈ ਅਤੇ 3 ਫੀਸਦ ਔਰਤਾਂ ਪਹਿਲੀ ਵਾਰ ਗਰਭਵਤੀ ਹੋਈਆਂ।

ਇੱਥੇ ਕੁਝ ਕੁ ਸੈਕਸ ਵਰਕਰਾਂ ਗਰਭਨਿਰੋਧਕ ਦੇ ਕਿਸੇ ਵੀ ਰੂਪ ਤੋਂ ਪਰਹੇਜ਼ ਕਰਦੀਆਂ ਹਨ ਜਦੋਂ ਉਹ ਆਪਣੇ 'ਪਰਮਾਨੈਂਟ' ਗਾਹਕਾਂ ਨਾਲ਼ ਹੁੰਦੀਆਂ ਹਨ, ਰਾਹੁਲ ਕਹਿੰਦੇ ਹਨ। ਗਰਭ ਠਹਿਰ ਜਾਣ 'ਤੇ, ਉਹ ਗਰਭਪਾਤ ਕਰਵਾ ਲੈਂਦੀਆਂ- ਜਾਂ ਬਿਊਟੀ ਵਾਂਗ, ਬੱਚਾ ਜੰਮਦੀਆਂ ਹਨ। ਇਹ ਸਾਰਾ ਕੁਝ ਉਨ੍ਹਾਂ ਪੁਰਸ਼ਾਂ ਨੂੰ ਖ਼ੁਸ਼ ਕਰਨ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਨਾਲ਼ ਉਨ੍ਹਾਂ ਦਾ ਰਿਸ਼ਤਾ ਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਰਿਸ਼ਤਾ ਲੰਬੇ ਸਮੇਂ ਤੱਕ ਬਣਿਆ ਰਹੇ।

PHOTO • Jigyasa Mishra

ਬਿਊਟੀ ਆਪਣੇ ' ਪਰਮਾਨੈਂਟ ' ਗਾਹਕ ਨਾਲ਼ ਗੱਲ ਕਰਦੀ ਹਨ : ' ਮੇਰਾ ਪਹਿਲਾ ਬੱਚਾ ਸੋਚਿਆ ਨਹੀਂ । ਨਾ ਹੀ ਇਸ ਗਰਭ ਬਾਰੇ ਹੀ ਸੋਚਿਆ ਗਿਆ... ਪਰ ਮੈਂ ਇਸ ਬੱਚੇ ਨੂੰ ਜਨਮ ਦੇਣਾ ਹੈ ਕਿਉਂਕਿ ਉਹਨੇ ਮੈਨੂੰ ਇੰਝ ਕਰਨ ਲਈ ਕਿਹਾ ਹੈ '

''ਬਹੁਤੇਰੇ ਗਾਹਕ ਕੰਡੋਮ ਦੀ ਵਰਤੋਂ ਨਹੀਂ ਕਰਦੇ,'' ਰਾਹੁਲ ਕਹਿੰਦੇ ਹਨ। ''ਫਿਰ ਸਾਨੂੰ (ਦਲਾਲਾਂ) ਇਹ ਲਿਆਉਣ ਲਈ  ਦੁਕਾਨ ਵੱਲ ਭੱਜਣਾ ਪੈਂਦਾ ਹੈ। ਪਰ ਅਜਿਹੇ ਮੌਕਿਆਂ 'ਤੇ ਕੁੜੀਆਂ ਆਪਣੇ ਪਰਮਾਨੈਂਟ ਪਾਰਟਨਰਾਂ ਨਾਲ਼ ਬਿਨਾਂ ਪਰਹੇਜ ਦੇ ਚਲੀਆਂ ਜਾਂਦੀਆਂ ਹਨ। ਉਸ ਮੌਕੇ, ਅਸੀਂ ਕੋਈ ਦਖ਼ਲ ਨਹੀਂ ਦਿੰਦੇ।''

ਔਕਸਫੋਰਡ ਯੂਨਵੀਰਸਿਟੀ ਪ੍ਰੈੱਸ ਦੁਆਰਾ ਪ੍ਰਕਾਸ਼ਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੂਰੇ ਦੇਸ਼ ਅੰਦਰ ਪੁਰਸ਼ਾਂ ਦੁਆਰਾ ਬੱਚਾ ਜੰਮਣ ਰੋਕੂ ਵਿਧੀਆਂ ਦੀ ਵਰਤੋਂ ਬਹੁਤ ਹੀ ਸੀਮਤ ਹੈ। 2015-2016 ਵਿੱਚ ਪੁਰਸ਼ ਨਸਬੰਦੀ ਅਤੇ ਕੰਡੋਮ ਦੀ ਵਰਤੋਂ ਕੁੱਲ ਮਿਲ਼ਾ ਕੇ ਸਿਰਫ਼ 6 ਫੀਸਦ ਦੱਸੀ ਗਈ ਸੀ ਅਤੇ ਜੋ 1990 ਦੇ ਦਹਾਕੇ ਦੇ ਅੱਧ ਤੋਂ ਹੀ ਸਥਿਰ ਬਣੀ ਰਹੀ। 2015-2016 ਵਿੱਚ ਔਰਤਾਂ ਵਿੱਚ ਗਰਭਨਿਰੋਧਕ ਦੀ ਵਰਤੋਂ ਬਿਹਾਰ ਅੰਦਰ 23 ਫੀਸਦੀ ਅਤੇ ਆਂਧਰਾ ਪ੍ਰਦੇਸ ਵਿੱਚ 70 ਫੀਸਦੀ ਦੱਸੀ ਗਈ।

''ਅਸੀਂ ਪਿਛਲੇ ਚਾਰ ਸਾਲਾਂ ਤੋਂ ਆਪਸ ਵਿੱਚ ਪਿਆਰ ਕਰਦੇ ਹਾਂ,'' ਆਪਣੇ ਪਾਰਟਨਰ ਬਾਰੇ ਬਿਊਟੀ ਕਹਿੰਦੀ ਹਨ। ''ਪਰ ਆਪਣੇ ਪਰਿਵਾਰਕ ਦਬਾਅ ਹੇਠ ਆ ਕੇ ਉਹਨੇ ਵਿਆਹ ਕਰ ਲਿਆ। ਉਹਨੇ ਇਹ ਮੇਰੀ ਆਗਿਆ ਦੇ ਨਾਲ਼ ਕੀਤਾ। ਮੈਂ ਸਹਿਮਤ ਹੋ ਗਈ। ਮੈਂ ਸਹਿਮਤ ਕਿਉਂ ਨਾ ਹੁੰਦੀ? ਮੈਂ ਵਿਆਹਯੋਗ ਔਰਤ ਨਹੀਂ ਹਾਂ ਅਤੇ ਉਹਨੇ ਵੀ ਕਦੇ ਇਹ ਨਹੀਂ ਕਿਹਾ ਕਿ ਉਹ ਮੇਰੇ ਨਾਲ਼ ਵਿਆਹ ਕਰੇਗਾ। ਜਿੰਨਾ ਚਿਰ ਮੇਰੇ ਬੱਚੇ ਵਧੀਆ ਜ਼ਿੰਦਗੀ ਜਿਊਂਦੇ ਹਨ, ਮੈਨੂੰ ਹਰ ਗੱਲ ਮਨਜ਼ੂਰ ਹੈ।

''ਹਰ ਤਿੰਨ ਮਹੀਨਿਆਂ ਬਾਅਦ ਮੇਰੀ ਜਾਂਚ ਹੁੰਦੀ ਹੈ। ਮੈਂ ਸਰਕਾਰੀ ਹਸਪਤਾਲ ਜਾਣੋਂ ਬੱਚਦੀ ਹਾਂ ਅਤੇ ਨਿੱਜੀ ਕਲੀਨਿਕ ਜਾਂਦੀ ਹਾਂ। ਹਾਲੀਆ, ਮੇਰੇ ਗਰਭਵਤੀ ਹੋਣ ਤੋਂ ਬਾਅਦ ਮੇਰੇ ਜ਼ਰੂਰੀ ਟੈਸਟ (ਐੱਚਆਈਵੀ) ਹੋਏ ਅਤੇ ਹਰ ਚੀਜ਼ ਸਹੀ ਨਿਕਲ਼ੀ। ਸਰਕਾਰੀ ਹਸਪਤਾਲ ਵਿੱਚ, ਉਹ ਸਾਡੇ ਨਾਲ਼ ਵੱਖਰੀ ਤਰ੍ਹਾਂ ਪੇਸ਼ ਆਉਂਦੇ ਹਨ। ਉਹ ਸਾਡੇ ਵੱਲ ਅਪਮਾਨਜਨਕ ਤਰੀਕੇ ਨਾਲ਼ ਦੇਖਦੇ ਅਤੇ ਗੱਲ ਕਰਦੇ ਹਨ,'' ਬਿਊਟੀ ਕਹਿੰਦੀ ਹਨ।

*****

ਰਾਹੁਲ ਇੱਕ ਵਿਅਕਤੀ ਨਾਲ਼ ਗੱਲ ਕਰਨ ਗਿਆ। ''ਮੈਂ ਮਾਲਕ ਮਕਾਨ ਨੂੰ ਇਸ ਮਹੀਨੇ ਦਾ ਕਿਰਾਇਆ ਦੇਣ ਲਈ ਥੋੜ੍ਹੀ ਹੋਰ ਮੋਹਲਤ ਦੇਣ ਲਈ ਕਿਹਾ। ਉਹ ਪਹਿਲਾਂ ਹੀ ਕਿਰਾਏ ਪੁੱਛ ਰਿਹਾ ਸੀ,'' ਵਾਪਸ ਮੁੜਦਿਆਂ ਉਹਨੇ ਦੱਸਿਆ। ''ਅਸੀਂ 15,000 ਰੁਪਏ ਮਹੀਨੇ ਦੇ ਕਿਰਾਏ ਵਿੱਚ ਇਹ ਥਾਂ ਲਈ ਹੈ।'' ਚਤੁਰਭੁਜ ਸਥਾਨ ਵਿਚਲੇ ਬਹੁਤੇਰੇ ਘਰ, ਜਿਵੇਂ ਕਿ ਰਾਹੁਲ ਦੱਸਦੇ ਹਨ, ਪੁਰਾਣੀਆਂ ਅਤੇ ਬਜ਼ੁਰਗ ਹੋ ਚੁੱਕੀਆਂ ਸੈਕਸ ਵਰਕਰਾਂ ਦੁਆਰਾ ਹੀ ਖਰੀਦੇ ਗਏ ਹਨ।

PHOTO • Jigyasa Mishra
PHOTO • Jigyasa Mishra

ਇੱਥੇ ਜੁਆਨ ਔਰਤਾਂ ਪੁਰਾਣੀ ਪੀੜ੍ਹੀ ਪਾਸੋਂ ਮੁਜਰਾ ਸਿੱਖਦੀਆਂ ਹਨ ; ਅੰਦਰਲੇ ਛੋਟੇ ਕਮਰੇ (ਸੱਜੇ) ਨੂੰ ਬੈੱਡਰੂਮ ਵਜੋਂ ਲਿਆ ਵਰਤਿਆ ਜਾਂਦਾ ਹੈ

ਉਨ੍ਹਾਂ ਵਿੱਚੋਂ ਬਹੁਤੇਰੀਆਂ ਹੁਣ ਇਸ ਪੇਸ਼ੇ ਵਿੱਚ ਨਹੀਂ ਹਨ ਅਤੇ ਉਨ੍ਹਾਂ ਨੇ ਆਪਣੀਆਂ ਥਾਵਾਂ ਦਲਾਲਾਂ ਜਾਂ ਜੁਆਨ ਸੈਕਸ ਵਰਕਰਾਂ ਨੂੰ ਕਿਰਾਏ 'ਤੇ ਦਿੱਤੀਆਂ ਹੋਈਆਂ ਹਨ। ਕਦੇ-ਕਦਾਈਂ, ਉਨ੍ਹਾਂ ਦਾ ਪੂਰਾ ਸਮੂਹ ਕਿਰਾਏ 'ਤੇ ਰਹਿੰਦਾ ਹੈ। ਉਹ ਹੇਠਲੀ ਮੰਜ਼ਲ (ਗਰਾਉਂਡ ਫਲੋਰ) ਕਿਰਾਏ 'ਤੇ ਦਿੰਦੇ ਹਨ ਅਤੇ ਆਪ ਪਹਿਲੀ ਜਾਂ ਦੂਸਰੀ ਮੰਜ਼ਲ 'ਤੇ ਰਹਿੰਦੇ ਹਨ। ''ਉਨ੍ਹਾਂ ਵਿੱਚੋਂ ਕਈਆਂ ਨੇ ਭਾਵੇਂ ਆਪਣਾ ਕੰਮ ਅਗਲੇਰੀ ਪੀੜ੍ਹੀ, ਆਪਣੀਆਂ ਧੀਆਂ, ਭਤੀਜੀਆਂ ਜਾਂ ਪੋਤੀਆਂ ਨੂੰ ਸੌਂਪ ਦਿੱਤਾ ਹੈ ਪਰ ਖ਼ੁਦ ਅਜੇ ਵੀ ਇੱਥੇ ਹੀ ਰਹਿੰਦੀਆਂ ਹਨ,'' ਰਾਹੁਲ ਕਹਿੰਦੇ ਹਨ।

ਐੱਨਐੱਨਐੱਸਡਬਲਿਊ ਮੁਤਾਬਕ, ਸੈਕਸ ਵਰਕਰਾਂ ਦਾ ਇੱਕ ਵੱਡਾ ਹਿੱਸਾ (ਪੁਰਸ਼, ਔਰਤਾਂ ਅਤੇ ਟ੍ਰਾਂਸਜੈਂਡਰ) ਘਰ ਰਹਿ ਕੇ ਹੀ ਕੰਮ ਕਰਦਾ ਹੈ ਅਤੇ ਆਪਣੇ ਗਾਹਕਾਂ ਨੂੰ ਮੋਬਾਇਲ ਫ਼ੋਨਾਂ ਜ਼ਰੀਏ, ਸੁਤੰਤਰ ਤਰੀਕੇ ਨਾਲ਼ ਜਾਂ ਦਲਾਲਾਂ ਦੁਆਰਾ ਲੱਭਦੇ ਹਨ। ਚਤੁਰਭੁਜ ਸਥਾਨ ਵਿੱਚ ਬਹੁਤੇਰੇ (ਸੈਕਸ ਵਰਕਰ) ਘਰ ਰਹਿ ਕੇ ਕੰਮ ਕਰਨ ਦੀ ਸ਼੍ਰੇਣੀ 'ਚੋਂ ਹਨ।

ਇੱਥੇ ਮੌਜੂਦ ਸਾਰੇ ਘਰ ਇੱਕੋ ਜਿਹੇ ਹਨ। ਮੁੱਖ ਗੇਟਾਂ 'ਤੇ ਲੋਹੇ ਦੀਆਂ ਗਰਿਲਾਂ ਅਤੇ ਲੱਕੜ ਦੀਆਂ ਨੇਮ-ਪਲੇਟਾਂ ਲੱਗੀਆਂ ਹਨ। ਜਿਨ੍ਹਾਂ 'ਤੇ ਘਰ ਦੇ ਮਾਲਕ ਜਾਂ ਉਸ ਘਰ (ਕਿਸੇ ਖਾਸ ਘਰ) ਵਿੱਚ ਧੰਦਾ ਕਰਨ ਵਾਲ਼ੀ ਮੁੱਖ ਔਰਤ ਦਾ ਨਾਮ ਲਿਖਿਆ ਹੁੰਦਾ ਹੈ। ਨਾਵਾਂ ਦੇ ਨਾਲ਼ ਖ਼ਾਸੀਅਤ (ਅਹੁਦਾ) ਵੀ ਲਿਖਿਆ ਜਾਂਦਾ ਹੈ- ਜਿਵੇਂ ਨਰਤਕੀ ਇਵਾਮ ਗਾਇਕਾ (ਨਾਚੀ ਅਤੇ ਗਾਇਕਾ)। ਹੇਠਾਂ ਉਨ੍ਹਾਂ ਦੀ ਪੇਸ਼ਕਾਰੀ ਦਾ ਸਮਾਂ ਲਿਖਿਆ ਜਾਂਦਾ ਹੈ- ਜਿਆਦਾਤਰ ਇਹ ਸਵੇਰੇ 9 ਤੋਂ ਰਾਤੀਂ 9 ਵਜੇ ਤੱਕ ਹੁੰਦਾ ਹੈ। ਕਈ ਤਖ਼ਤੀਆਂ 'ਤੇ ਸਮਾਂ ਸਵੇਰੇ 11 ਤੋਂ ਰਾਤੀਂ 11 ਤੱਕ ਲਿਖਿਆ ਹੁੰਦਾ ਹੈ'- ਬਹੁਤ ਘੱਟ ਜਣੇ ਹੀ ਰਾਤੀਂ 11 ਵਜੇ ਤੱਕ ਕੰਮ ਕਰਦੇ ਹਨ।'

ਇੱਕੋ ਜਿਹੇ ਲੱਗਣ ਵਾਲ਼ੇ ਇਨ੍ਹਾਂ ਘਰਾਂ ਵਿੱਚ ਇੱਕ ਮੰਜਲ 'ਤੇ 2-3 ਕਮਰੇ ਹੁੰਦੇ ਹਨ। ਬਿਊਟੀ ਦੇ ਘਰ ਵਾਂਗ, ਹਰੇਕ ਨੇ ਆਪਣੇ ਵੱਡੇ ਕਮਰੇ ਵਿੱਚ ਬਹੁਤੇਰੀ ਥਾਂ 'ਤੇ ਗੱਦੇ ਵਿਛਾਏ ਹੁੰਦੇ ਹਨ ਅਤੇ ਉਨ੍ਹਾਂ ਦੇ ਪਿੱਛੇ ਕੰਧ 'ਤੇ ਵੱਡਾ ਸਾਰਾ ਸ਼ੀਸ਼ਾ ਲਟਕਦਾ ਰਹਿੰਦਾ ਹੈ। ਬਾਕੀ ਬਚੀ ਥਾਂ 'ਤੇ ਮੁਜਰਾ ਪੇਸ਼ ਕੀਤਾ ਜਾਂਦਾ ਹੈ-ਇਹ ਖ਼ਾਸ ਕਮਰਾ ਗਾਉਣ-ਨੱਚਣ ਦੀ ਪੇਸ਼ਕਾਰੀ ਲਈ ਤਿਆਰ ਕੀਤਾ ਜਾਂਦਾ ਹੈ। ਇੱਥੇ ਜੁਆਨ ਔਰਤਾਂ ਪੁਰਾਣੀ ਪੀੜ੍ਹੀ ਦੀਆਂ ਪੇਸ਼ੇਵਰ ਔਰਤਾਂ ਪਾਸੋਂ ਮੁਜਰਾ ਸਿੱਖਦੀਆਂ ਹਨ, ਕਈ ਵਾਰੀਂ ਸਿਰਫ਼ ਦੇਖ ਕੇ ਜਾਂ ਹਦਾਇਤਾਂ ਦੁਆਰਾ ਹੀ ਸਿੱਖ ਲੈਂਦੀਆਂ ਹਨ। ਇੱਕ ਛੋਟਾ ਕਮਰਾ ਜੋ ਸ਼ਾਇਦ 10x12 ਫੁੱਟ ਦਾ ਹੁੰਦਾ ਹੈ, ਬਤੌਰ ਬੈੱਡਰੂਮ ਵਰਤਿਆ ਜਾਂਦਾ ਹੈ ਅਤੇ ਛੋਟੀ ਜਿਹੀ ਰਸੋਈ ਹੁੰਦੀ ਹੈ।

''ਸਾਡੇ ਕੋਲ਼ ਕਈ ਬਜ਼ੁਰਗ ਗਾਹਕ ਵੀ ਹਨ ਜੋ ਮੁਜਰੇ ਦੀ ਇੱਕੋ ਪੇਸ਼ਕਾਰੀ ਬਦਲੇ 80,000 ਰੁਪਏ ਤੋਂ ਵੱਧ ਪੈਸੇ ਖਰਚਦੇ ਹਨ। ''ਉਹ ਪੂਰਾ ਪੈਸਾ ਜਾਂ ਜਿੰਨਾ ਵੀ ਮਿਲ਼ਦਾ ਹੈ, ਸਾਡੇ ਲਈ ਕੰਮ ਕਰਦੇ ਤਿੰਨ ਉਸਤਾਦਾਂ (ਨਿਪੁੰਨ ਸੰਗੀਤਕਾਰਾਂ) ਵਿੱਚ ਵੰਡਿਆ ਜਾਂਦਾ ਹੈ- ਜਿਨ੍ਹਾਂ ਵਿੱਚ ਤਬਲਾ-ਵਾਦਕ, ਸਰੰਗੀ-ਵਾਦਕ ਅਤੇ ਹਰਮੋਨੀਅਮ-ਵਾਦਕ- ਨ੍ਰਿਤਕੀ ਅਤੇ ਦਲਾਲ ਸ਼ਾਮਲ ਰਹਿੰਦੇ ਹਨ।'' ਪਰ ਇਹੋ ਜਿਹੀ ਮੋਟੀ ਕਮਾਈ, ਜੋ ਵਧੀਆ ਮੌਕਿਆਂ ਵੇਲੇ ਵੀ ਦੁਰਲੱਭ ਰਹਿੰਦੀ ਹੈ, ਅੱਜ ਸਿਰਫ਼ ਇੱਕ ਯਾਦ ਬਣ ਗਈ ਹੈ।

PHOTO • Jigyasa Mishra

ਚਤੁਰਭੁਜ ਸਥਾਨ ਵਿੱਚ ਇੱਕ ਕੋਠੇ ਦਾ ਪ੍ਰਵੇਸ਼ ਦੁਆਰ

ਕੀ ਇਸ ਮਾੜੇ ਸਮੇਂ ਦੌਰਾਨ ਬਿਊਟੀ ਦੀ ਕਮਾਈ ਕਾਫ਼ੀ ਹੈ? 'ਕਿਸਮਤ ਵਾਲ਼ੇ ਦਿਨੀਂ ਤਾਂ ਹੁੰਦੀ ਹੈ ਪਰ ਅਕਸਰ ਨਹੀਂ। ਪਿਛਲਾ ਸਾਲ ਤਾਂ ਸਾਡੇ ਲਈ ਭਿਆਨਕ ਰਿਹਾ। ਇੱਥੋਂ ਤੱਕ ਕਿ ਸਾਡੇ ਸਦਾ ਆਉਣ ਵਾਲੇ ਗਾਹਕਾਂ ਨੇ ਵੀ ਸਾਡੇ ਕੋਲ਼ ਆਉਣਾ ਬੰਦ ਕਰ ਦਿੱਤਾ ਅਤੇ ਜੋ ਆਉਂਦੇ ਵੀ ਰਹੇ, ਉਹ ਬਹੁਤ ਘੱਟ ਪੈਸਾ ਦਿੰਦੇ।'

ਕੀ ਇਸ ਮਾੜੇ ਸਮੇਂ ਦੌਰਾਨ ਬਿਊਟੀ ਦੀ ਕਮਾਈ ਕਾਫ਼ੀ ਹੈ?

''ਕਿਸਮਤ ਵਾਲ਼ੇ ਦਿਨੀਂ ਤਾਂ ਹੁੰਦੀ ਹੈ ਪਰ ਅਕਸਰ ਨਹੀਂ। ਪਿਛਲਾ ਸਾਲ ਸਾਡੇ ਲਈ ਭਿਆਨਕ ਰਿਹਾ,'' ਉਹ ਕਹਿੰਦੀ ਹਨ। ਇੱਥੋਂ ਤੱਕ ਕਿ ਸਾਡੇ ਸਦਾ ਆਉਣ ਵਾਲੇ ਗਾਹਕਾਂ ਨੇ ਵੀ ਸਾਡੇ ਕੋਲ਼ ਆਉਣਾ ਬੰਦ ਕਰ ਦਿੱਤਾ ਅਤੇ ਜੋ ਆਉਂਦੇ ਵੀ ਰਹੇ, ਉਹ ਆਮ ਦਿਨਾਂ ਨਾਲ਼ੋਂ ਬਹੁਤ ਘੱਟ ਪੈਸਾ ਦਿੰਦੇ।' ਹਾਲਾਂਕਿ, ਸਾਡੇ ਕੋਲ਼ ਉਹ ਪੈਸਾ ਲੈਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਹੈ, ਜੋ ਵੀ ਪੈਸਾ ਉਹ ਦਿੰਦੇ ਹਨ ਉਹ ਕੋਵਿਡ ਦਾ ਖ਼ਤਰਾ ਮੁੱਲ ਲੈਣ ਦੇ ਬਦਲੇ ਕੁਝ ਵੀ ਨਾ ਹੁੰਦਾ। ਇਹ ਗੱਲ ਸਮਝਦਿਆਂ ਹੋਇਆਂ ਵੀ ਕਿ ਕੋਈ ਗਾਹਕ ਇੰਨੇ ਭੀੜ-ਭੜੱਕੇ ਵਾਲ਼ੀ ਥਾਂ 'ਤੇ ਆਪਣੇ ਨਾਲ਼ ਕਰੋਨਾ ਵਾਇਰਸ ਲੈ ਆਇਆ ਤਾਂ ਹਰੇਕ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਜਾਵੇਗੀ।"

ਬਿਊਟੀ ਦੱਸਦੀ ਹਨ ਕਿ ਭਾਰਤ ਅੰਦਰ ਕਰੋਨਾ ਦੀ ਦੂਸਰੀ ਲਹਿਰ ਫੁੱਟਣ ਤੋਂ ਪਹਿਲਾਂ ਉਹ ਮਹੀਨੇ ਦੇ 25,000 ਤੋਂ 30,000 ਰੁਪਏ ਬਣਾ ਲਿਆ ਕਰਦੀ ਸਨ ਪਰ ਹੁਣ ਇਹ ਕਮਾਈ ਸਿਰਫ਼ 5,000 ਰਹਿ ਗਈ ਹੈ। ਦੂਸਰੀ ਲਹਿਰ ਦੀ ਤਾਲਾਬੰਦੀ ਨੇ ਉਨ੍ਹਾਂ ਅਤੇ ਹੋਰਨਾਂ ਸੈਕਸ ਵਰਕਰਾਂ ਦੀ ਜ਼ਿੰਦਗੀ ਨੂੰ ਬਦ ਤੋਂ ਬਦਤਰ ਬਣਾ ਛੱਡਿਆ ਹੈ। ਹੋਰ ਤਾਂ ਹੋਰ ਵਾਇਰਸ ਦੇ ਖਤਰੇ ਦਾ ਸਹਿਮ ਵੀ ਬਣਿਆ ਰਹਿੰਦਾ ਹੈ।

*****

ਚਤੁਰਭੁਜ ਸਥਾਨ ਦੀਆਂ ਔਰਤਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਲਾਹਾ ਚੁੱਕਣ ਵਿੱਚ ਵੀ ਅਯੋਗ ਹਨ, ਜੋ ਪਿਛਲੇ ਸਾਲ ਮਾਰਚ ਮਹੀਨੇ ਵਿੱਚ ਕੇਂਦਰ ਸਰਕਾਰ ਦੁਆਰਾ ਐਲਾਨੀ ਗਈ। ਉਸ ਪੈਕੇਜ ਮੁਤਾਬਕ, ਦੇਸ਼ ਦੀਆਂ 20 ਕਰੋੜ ਗ਼ਰੀਬ ਔਰਤਾਂ ਨੂੰ ਤਿੰਨ ਮਹੀਨੇ ਲਗਾਤਾਰ 500 ਰੁਪਏ ਮਿਲ਼ੇ ਸਨ। ਪਰ ਉਹਦੇ ਵਾਸਤੇ ਉਨ੍ਹਾਂ ਦਾ ਜਨ ਧਨ ਖਾਤਾਧਾਰਕ ਹੋਣਾ ਲਾਜ਼ਮੀ ਸੀ। ਪਰ ਇਸ ਪੂਰੇ ਕੋਠੇ ਵਿੱਚ ਜਿੰਨੀਆਂ ਔਰਤਾਂ ਨਾਲ਼ ਮੈਂ ਗੱਲ ਕੀਤੀ ਉਨ੍ਹਾਂ ਵਿੱਚੋਂ ਇੱਕ ਔਰਤ ਕੋਲ਼ ਵੀ ਜਨ-ਧਨ ਖਾਤਾ ਨਹੀਂ ਸੀ। ਕਿਸੇ ਵੀ ਹਾਲਤ ਵਿੱਚ, ਜਿਵੇਂ ਕਿ ਬਿਊਟੀ ਪੁੱਛਦੀ ਹਨ: "ਮੈਡਮ, ਅਸੀਂ ਉਸ 500 ਰੁਪਏ ਨਾਲ਼ ਕਰ ਵੀ ਕੀ ਸਕਦੀਆਂ ਸਾਂ?"

ਐੱਨਐੱਨਐੱਸਡਬਲਿਊ ਦੱਸਦਾ ਹੈ ਕਿ ਆਪਣੇ ਪਛਾਣ ਪੱਤਰ ਜਿਵੇਂ ਕਿ ਵੋਟਰ, ਅਧਾਰ ਅਤੇ ਰਾਸ਼ਨ ਕਾਰਡ ਜਾਂ ਜਾਤੀ ਸਰਟੀਫਿਕੇਟ ਬਣਾਉਣ ਵੇਲ਼ੇ ਵੀ ਸੈਕਸ ਵਰਕਰ ਨਿਰੰਤਰ ਦਿੱਕਤਾਂ ਦਾ ਸਾਹਮਣਾ ਕਰਦੀਆਂ ਹਨ । ਕਈ ਔਰਤਾਂ ਜੋ ਵਿਆਹੀਆਂ ਨਹੀਂ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ, ਉਹ ਆਪਣਾ ਰਿਹਾਇਸ਼ੀ ਸਬੂਤ ਵਿਖਾਉਣ ਵਿੱਚ ਅਯੋਗ ਰਹਿੰਦੀਆਂ ਹਨ ਜਾਂ ਉਹ ਜਾਤੀ ਸਰਟੀਫਿਕੇਟ ਲੈਣ ਲਈ ਲੋੜੀਂਦੇ ਦਸਤਾਵੇਜ ਨਹੀਂ ਦਿਖਾ ਪਾਉਂਦੀਆਂ। ਉਨ੍ਹਾਂ ਨੂੰ ਰਾਜ ਸਰਕਾਰਾਂ ਵੱਲੋਂ ਰਾਸ਼ਨ ਦਾ ਰਾਹਤ ਪੈਕੇਜ ਦੇਣ ਤੋਂ ਮਨ੍ਹਾਂ ਕਰ ਦਿੱਤਾ ਜਾਂਦਾ ਹੈ।

PHOTO • Jigyasa Mishra

ਬਿਊਟੀ ਐਤਵਾਰ ਸਵੇਰ ਤੋਂ ਹੀ ਗਾਹਕ ਦੇਖਣ ਲੱਗਦੀ ਹਨ ; ਉਹ ਤਿੰਨ-ਮਹੀਨਿਆਂ ਦੀ ਗਰਭਵਤੀ ਹਨ ਅਤੇ ਅਜੇ ਵੀ ਕੰਮ ਕਰ ਰਹੀ ਹਨ

"ਜਦੋਂ ਦਿੱਲੀ ਜਿਹੇ ਰਾਜਧਾਨੀ ਸ਼ਹਿਰ ਵਿੱਚ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ਼ਦੀ ਤਾਂ ਤੁਸੀਂ ਦੇਸ਼ ਦੇ ਗ੍ਰਾਮੀਣ ਹਿੱਸਿਆਂ ਦੀ ਹਾਲਤ ਬਾਰੇ ਤਾਂ ਕਲਪਨਾ ਕਰ ਸਕਦੇ ਹੋ ਜਿੱਥੇ ਨੀਤੀਆਂ ਅਤੇ ਫਾਇਦੇ ਜਾਂ ਤਾਂ ਲੇਟ ਪਹੁੰਚਦੇ ਹਨ ਜਾਂ ਤਾਂ ਪਹੁੰਚਦੇ ਹੀ ਨਹੀਂ," ਕੁਸੁਮ ਕਹਿੰਦੀ ਹਨ, ਜੋ ਨਵੀਂ-ਦਿੱਲੀ ਅਧਾਰਤ ਆਲ ਇੰਡੀਆ ਨੈੱਟਵਰ ਆਫ਼ ਸੈਕਸ ਵਰਕਰ ਦੀ ਪ੍ਰਧਾਨ ਹਨ। ਕਈ ਸੈਕਸ ਵਰਕਰਾਂ ਤਾਂ ਅਜਿਹੀਆਂ ਹਨ ਜੋ ਇਸ ਮਹਾਂਮਾਰੀ ਤੋਂ ਬਚਣ ਵਾਸਤੇ ਇੱਕ ਤੋਂ ਬਾਅਦ ਦੂਸਰਾ ਕਰਜ਼ਾ ਲੈ ਰਹੀਆਂ ਹਨ।

ਬਿਊਟੀ ਆਪਣੇ ਹਰਮੋਨੀਅਮ ਦੇ ਸ਼ੈਸਨ ਨੂੰ ਖ਼ਤਮ ਕਰਦੀ ਹੋਈ: "ਨੌਜਵਾਨ ਉਮਰ ਦੇ ਗਾਹਕ ਮੁਜਰਾ ਦੇਖਣਾ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਸਿੱਧੇ ਹੀ ਬੈੱਡਰੂਮ ਵਿੱਚ ਜਾਇਆ ਜਾਵੇ। ਅਸੀਂ ਉਨ੍ਹਾਂ ਨੂੰ ਦੱਸਦੇ ਹਾਂ ਕਿ ਨਾਚ (ਜੋ ਅਕਸਰ ਅੱਧੇ ਘੰਟੇ ਤੋਂ 1 ਘੰਟੇ ਤੱਕ ਦਾ ਹੁੰਦਾ ਹੈ) ਦੇਖਣਾ ਜ਼ਰੂਰੀ ਹੈ ਭਾਵੇਂ ਥੋੜ੍ਹਾ ਜਿਹਾ ਹੀ ਦੇਖਣ। ਜੇਕਰ ਕੋਈ ਨਹੀਂ ਦੇਖੇਗਾ ਤਾਂ ਅਸੀਂ ਆਪਣੀ ਟੀਮ ਅਤੇ ਘਰ ਦਾ ਕਿਰਾਇਆ ਕਿਵੇਂ ਦਿਆਂਗੇ?  ਅਸੀਂ ਅਜਿਹੇ ਮੁੰਡਿਆਂ ਕੋਲ਼ੋਂ ਘੱਟ ਤੋਂ ਘੱਟ ਪ੍ਰਤੀ ਵਿਅਕਤੀ 1,000 ਰੁਪਏ ਲੈਂਦੇ ਹਾਂ।" ਸੈਕਸ ਲਈ ਵੱਖਰੇ ਪੈਸੇ ਲੱਗਦੇ ਹਨ, ਉਹ ਦੱਸਦੀ ਹਨ। "ਇਹ ਕੀਮਤ ਘੰਟਿਆਂ ਦੇ ਅਧਾਰ 'ਤੇ ਲਈ ਜਾਂਦੀ ਹੈ। ਇਹ ਕੀਮਤ ਗਾਹਕ ਤੋਂ ਗਾਹਕ ਵੱਖਰੀ ਹੁੰਦੀ ਹੈ। "

ਸਵੇਰ ਦੇ 11:40 ਵੱਜੇ ਹਨ ਅਤੇ ਬਿਊਟੀ ਆਪਣਾ ਹਰਮੋਨੀਅਮ ਪਰ੍ਹਾਂ ਰੱਖਦੀ ਹਨ ਅਤੇ ਆਪਣਾ ਝੋਲ਼ਾ ਖੋਲ੍ਹ ਕੇ ਉਹਦੇ ਵਿੱਚੋਂ ਟਿਫ਼ਨ ਬਾਹਰ ਕੱਢਦੀ ਹਨ ਜਿਸ ਵਿੱਚ ਉਨ੍ਹਾਂ ਦੀ ਮਾਂ ਵੱਲੋਂ ਬਣਾਏ ਆਲੂ ਦੇ ਪਰਾਠੇ ਹਨ। ''ਮੈਂ ਆਪਣੀ ਦਵਾਈ (ਮਲਟੀ-ਵਿਟਾਮਿਨ ਅਤੇ ਫੌਲਿਕ ਐਸਿਡ) ਲੈਣੀ ਹੈ, ਇਸਲਈ ਬਿਹਤਰ ਹੈ ਕਿ ਮੈਂ ਨਾਸ਼ਤਾ ਕਰ ਲਵਾਂ,'' ਉਹ ਕਹਿੰਦੀ ਹਨ। ''ਜਦੋਂ ਮੈਂ ਕੰਮ ਲਈ ਨਿਕਲ਼ਦੀ ਹਾਂ ਤਾਂ ਮੇਰੀ ਮਾਂ ਹਰ ਰੋਜ਼ ਇੰਝ ਹੀ ਕਰਦੀ ਹਨ।''

''ਮੈਨੂੰ ਅੱਜ ਸ਼ਾਮੀਂ ਕਿਸੇ ਗਾਹਕ ਦੇ ਆਉਣ ਦੀ ਉਮੀਦ ਹੈ,'' ਤਿੰਨ-ਮਹੀਨਿਆਂ ਦੀ ਗਰਭਵਤੀ ਬਿਊਟੀ ਕਹਿੰਦੀ ਹਨ। ''ਹਾਲਾਂਕਿ ਕਿ ਐਤਵਾਰ ਦੀ ਸ਼ਾਮੀਂ ਇੱਕ ਅਮੀਰ ਗਾਹਕ ਫਸਾਉਣਾ ਇੰਨਾ ਸੌਖਾ ਨਹੀਂ। ਮੁਕਾਬਲਾ ਕਾਫ਼ੀ ਸਖ਼ਤ ਹੈ।"

ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਜਿਗਿਆਸਾ ਮਿਸ਼ਰਾ ਠਾਕੁਰ ਫੈਮਿਲੀ ਫਾਉਂਡੇਸ਼ਨ ਵੱਲੋਂ ਸੁਤੰਤਰ ਪੱਤਰਕਾਰਿਤਾ ਗਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ ਸਬੰਧੀ ' ਰਿਪੋਰਟਿੰਗ ਕਰਦੇ ਹਨ। ਠਾਕੁਰ ਫੈਮਿਲੀ ਫਾਉਂਡੇਸ਼ਨ ਦਾ ਰਿਪੋਰਟਿੰਗ ਦੀ ਇਸ ਸੰਪਾਦਕੀ ' ਤੇ ਕੋਈ ਨਿਯੰਤਰਣ ਨਹੀਂ ਹੈ।

ਤਰਜਮਾ: ਕਮਲਜੀਤ ਕੌਰ

Jigyasa Mishra

Jigyasa Mishra is an independent journalist based in Chitrakoot, Uttar Pradesh.

Other stories by Jigyasa Mishra
Illustration : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur