"ਕੰਪਨੀ ਦੇ ਲੋਕ ਯਕੀਨਨ ਇੱਥੇ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਨਰਾਜ਼ ਹਨ। ਇਹਦੇ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ ਅਤੇ ਵਪਾਰ ਬੜਾ ਖ਼ਰਾਬ ਚੱਲ ਰਿਹਾ ਹੈ," ਕੁੰਡਲੀ ਉਦਯੋਗਿਕ ਖੇਤਰ ਵਿੱਚ ਇੱਕ ਘਰੇਲੂ ਉਪਕਰਣ ਬਣਾਉਣ ਵਾਲੇ ਕਾਰਖਾਨੇ ਵਿੱਚ ਸੁਰੱਖਿਆ ਨਿਗਰਾਨ ਵਜੋਂ ਕੰਮ ਕਰਨ ਵਾਲੇ, 22 ਸਾਲਾ ਨਿਜ਼ਾਮੂਦੀਨ ਅਲੀ ਕਹਿੰਦੇ ਹਨ। ਉਹ ਹਰਿਆਣਾ-ਦਿੱਲੀ ਸੀਮਾ 'ਤੇ ਸਥਿਤ ਸਿੰਘੂ ਵਿੱਚ ਡਟੇ  ਕਿਸਾਨਾਂ ਦੇ ਧਰਨਾ-ਸਥਲ ਤੋਂ ਕਰੀਬ ਛੇ ਕਿਲੋਮੀਟਰ ਦੂਰ ਰਹਿੰਦੇ ਹਨ। (ਕੁੰਡਲੀ ਇੱਕ ਪੁਰਾਣਾ ਪਿੰਡ ਹੈ, ਜੋ ਹੁਣ ਹਰਿਆਣਾ ਦੇ ਸੋਨੀਪਤ ਜਿਲ੍ਹੇ ਵਿੱਚ ਇੱਕ ਨਗਰਪਾਲਿਕਾ ਪਰਿਸ਼ਦ ਹੈ)।

ਵਿਘਨ ਦੇ ਕਾਰਨ, ਨਿਜ਼ਾਮੂਦਨੀ ਨੂੰ ਉਨ੍ਹਾਂ ਦੀ ਕੰਪਨੀ ਦੁਆਰਾ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਪੈਸਾ ਨਹੀਂ ਦਿੱਤਾ ਗਿਆ, ਪਰ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਹਮਾਇਤੀ ਬਣੇ ਹੋਏ ਹਨ। "ਮੇਰੀ ਫੈਕਟਰੀ ਇਸ ਸਮੇਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੀ ਹੈ, ਮੈਂ ਉਹਨੂੰ ਸਮਝਦਾ ਹਾਂ, ਇਸੇ ਦੇ ਕਾਰਨ ਮੇਰੀ ਤਨਖਾਹ ਪ੍ਰਭਾਵਤ ਹੋਈ ਹੈ। ਇਹਦੇ ਨਾਲ਼ ਹੀ, ਮੈਂ ਕਿਸਾਨਾਂ ਦਾ ਵੀ ਸਮਰਥਨ ਕਰਦਾ ਹਾਂ।" ਪਰ ਉਨ੍ਹਾਂ ਦੀ ਨਿਸ਼ਠਾ ਬਰਾਬਰ ਰੂਪ ਵਿੱਚ ਵੰਡੀ ਨਹੀਂ ਹੋਈ-"ਜੇਕਰ ਮੈਂ ਆਪਣੇ ਕਾਰਖਾਨੇ ਦਾ 20 ਪ੍ਰਤੀਸ਼ਤ ਸਮਰਥਨ ਕਰਦਾ ਹਾਂ, ਤਾਂ ਕਿਸਾਨਾਂ ਦਾ 80 ਪ੍ਰਤੀਸ਼ਤ ਸਮਰਥਨ ਕਰਦਾ ਹਾਂ।"

ਨਿਜ਼ਾਮੂਦੀਨ ਕੁਝ ਵਰ੍ਹੇ ਪਹਿਲਾਂ ਬਿਹਾਰ ਦੇ ਸੀਵਾਨ ਜਿਲ੍ਹੇ ਦੇ ਇੱਕ ਪਿੰਡ ਤੋਂ ਕੁੰਡਲੀ ਆਏ ਸਨ। ਸੀਵਾਨ ਵਿੱਚ ਉਨ੍ਹਾਂ ਦੇ ਕੋਲ਼ 6.5 ਵਿਘਾ ਜ਼ਮੀਨ (ਬਿਹਾਰ ਵਿੱਚ ਕਰੀਬ 4 ਏਕੜ) ਹੈ, ਜਿਸ 'ਤੇ ਉਨ੍ਹਾਂ ਦਾ ਪਰਿਵਾਰ ਕਣਕ, ਝੋਨਾ, ਅਰਹਰ, ਸਰ੍ਹੋਂ, ਮੂੰਗੀ ਦੀ ਦਾਲ ਅਤੇ ਤੰਬਾਕੂ ਦੀ ਖੇਤੀ ਕਰਦਾ ਹੈ। "ਇਹ ਕਿਸਾਨ ਹਨ ਜੋ ਰੋਜ਼ੀ-ਰੋਟੀ ਲਈ ਇਨ੍ਹਾਂ ਫ਼ਸਲਾਂ ਨੂੰ ਉਗਾਉਂਦੇ ਹਨ, ਸਰਕਾਰ ਜਾਂ ਅੰਬਾਨੀ ਅਤੇ ਅਡਾਨੀ ਨਹੀਂ। ਮੈਂ ਪੂਰੇ ਭਾਰਤ ਦੇ ਕਿਸਾਨਾਂ ਦਾ ਦਰਦ ਸਮਝਦਾ ਹਾਂ। ਜੇਕਰ ਇਹ ਨਵੇਂ ਕਨੂੰਨ ਪੂਰੀ ਤਰ੍ਹਾਂ ਲਾਗੂ ਹੋ ਗਏ, ਤਾਂ ਰਾਸ਼ਨ ਤੱਕ ਸਾਡੀ ਪਹੁੰਚ ਖ਼ਤਮ ਹੋ ਜਾਵੇਗੀ। ਸਕੂਲਾਂ ਵਿੱਚ ਮਿੱਡ-ਡੇ ਮੀਲ ਵੀ ਜਾਰੀ ਨਹੀਂ ਰਹਿ ਪਾਵੇਗਾ," ਉਹ ਕਹਿੰਦੇ ਹਨ।

"ਸਾਨੂੰ ਬਿਹਾਰ ਵਿੱਚ (ਕੁਝ ਸਾਲ ਪਹਿਲਾਂ) ਦੱਸਿਆ ਗਿਆ ਸੀ ਕਿ ਕਣਕ ਪ੍ਰਤੀ ਕਿਲੋ ਭਾਅ 25 ਰੁਪਏ ਮਿਲੇਗਾ। ਬਿਹਾਰ ਵਿੱਚ ਹਰੇਕ ਕਿਸਾਨ ਪਰਿਵਾਰ ਨੂੰ ਉਨ੍ਹਾਂ ਦੇ ਬੈਂਕ ਖਾਤੇ ਵਿੱਚ (ਪੀਐੱਮ-ਕਿਸਾਨ ਯੋਜਨਾ ਤਹਿਤ) 2,000 ਰੁਪਏ ਮਿਲ਼ਦੇ ਸਨ। ਪਰ ਬਾਅਦ ਵਿੱਚ 25 ਰੁਪਏ ਦੀ ਦਰ ਘੱਟ ਕੇ 7 ਰੁਪਏ ਪ੍ਰਤੀ ਕਿਲੋ ਹੋ ਗਈ। ਅਸੀਂ ਅੱਗੇ ਵੱਧਣਾ ਚਾਹੁੰਦੇ ਹਾਂ, ਪਰ ਸਰਕਾਰ ਸਪੱਸ਼ਟ ਰੂਪ ਨਾਲ਼ ਸਾਨੂੰ ਪਿਛਾਂਹ ਧੱਕ ਰਹੀ ਹੈ।"

PHOTO • Anustup Roy
PHOTO • Anustup Roy

ਖੱਬੇ : ਸਿੰਘੂ ਧਰਨਾ ਸਥਲ ਦੇ ਕੋਲ਼ ਸਥਿਤ ਇੱਕ ਕਾਰਖਾਨੇ ਵਿੱਚ ਸੁਰੱਖਿਆ ਨਿਗਰਾਨ ਦੇ ਰੂਪ ਵਿੱਚ ਕੰਮ ਕਰਨ ਵਾਲੇ ਨਿਜ਼ਾਮੂਦੀਨ ਅਲੀ ਨੂੰ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਤਨਖਾਹ ਨਹੀਂ ਮਿਲੀ ਹੈ, ਪਰ ਫਿਰ ਵੀ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਮਰਥਨ ਕਰਦੇ ਹਨ। ਸੱਜੇ : ਮਹਾਦੇਵ ਤਾਰਕ, ਜਿਨ੍ਹਾਂ ਦੀ ਸਿਗਰੇਟ ਅਤੇ ਚਾਹ ਦੀ ਦੁਕਾਨ ਤੋਂ ਹੋਣ ਵਾਲੀ ਆਮਦਨੀ ਘੱਟ ਕੇ ਅੱਧੀ ਰਹਿ ਗਈ ਹੈ, ਕਹਿੰਦੇ ਹਨ, ' ਜੇਕਰ ਕਿਸਾਨ ਇੱਥੇ ਰੁੱਕਦੇ ਹਨ, ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੈ '

ਸਿੰਘੂ ਵਿਖੇ ਨਿਜ਼ਾਮੂਦੀਨ ਅਲੀ ਅਤੇ ਹੋਰਨਾਂ ਲੋਕਾਂ- ਜੋ ਵਿਰੋਧ ਕਰਨ ਵਾਲੇ ਸਮੂਹਾਂ ਦਾ ਹਿੱਸਾ ਨਹੀਂ ਹਨ-ਨਾਲ਼ ਗੱਲ ਕਰਨ ਨਾਲ਼ ਉਸ ਤੋਂ ਐਨ ਅੱਡ ਤਸਵੀਰ ਸਾਹਮਣੇ ਆਉਂਦੀ ਹੈ, ਜੋ ਕੁਝ ਦਿਨਾਂ ਤੋਂ ਮੀਡਿਆ ਵਿੱਚ ਛਾਈ ਹੋਈ ਹੈ- ਕਿ ਪ੍ਰਦਰਸ਼ਨਕਾਰੀਆਂ ਦੇ ਨਾਲ਼ 'ਨਰਾਜ ਸਥਾਨਕ ਲੋਕਾਂ' ਦੀ ਝੜਪ ਹੋ ਰਹੀ ਹੈ।

ਧਰਨੇ ਦੀ ਥਾਂ ਤੋਂ ਕਰੀਬ, ਸਿੰਘੂ ਬਾਰਡਰ ਤੋਂ ਕਰੀਬ 3.6 ਕਿਲੋਮੀਟਰ ਦੂਰ, ਨਿਊ ਕੁੰਡਲੀ ਵਿੱਚ 45 ਸਾਲਾ ਮਹਾਦੇਵ ਤਾਰਕ ਇੱਕ ਛੋਟੀ ਜਿਹੀ ਦੁਕਾਨ 'ਤੇ ਸਿਗਰੇਟ ਅਤੇ ਚਾਹ ਵੇਚਦੇ ਹਨ। ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਤੋਂ ਉਨ੍ਹਾਂ ਦੀ ਦੈਨਿਕ ਕਮਾਈ ਕਾਫੀ ਘੱਟ ਗਈ ਹੈ। "ਮੈਂ ਇੱਕ ਦਿਨ ਵਿੱਚ 500 ਤੋਂ 600 ਰੁਪਏ ਕਮਾ ਲੈਂਦਾ ਸੀ," ਉਹ ਦੱਸਦੇ ਹਨ। "ਪਰ ਅੱਜਕੱਲ੍ਹ ਮੈਂ ਉਹਦਾ ਅੱਧਾ ਹੀ ਕਮਾ ਪਾਉਂਦਾ ਹਾਂ।" ਉਨ੍ਹਾਂ ਦੇ ਇਲਾਕੇ ਵਿੱਚ, ਕੁਝ ਦਿਨ ਪਹਿਲਾਂ 'ਸਥਾਨਕ ਲੋਕਾਂ' ਨੂੰ ਅੰਦੋਲਨਕਾਰੀ ਕਿਸਾਨਾਂ ਦੇ ਖਿਲਾਫ਼ ਨਾਅਰੇ ਲਗਾਉਂਦੇ ਅਤੇ ਬਾਰਡਰ ਨੂੰ ਖਾਲੀ ਕਰਨ ਦੀ ਮੰਗ ਕਰਦਿਆਂ ਦੇਖਿਆ ਗਿਆ ਸੀ।

ਪਰ ਮਹਾਦੇਵ ਅਜੇ ਵੀ ਕਿਸਾਨਾਂ ਦੀ ਹਮਾਇਤ ਕਰਦੇ ਹਨ।

"ਮੈਨੂੰ ਪੂਰਾ ਭਰੋਸਾ ਹੈ ਕਿ 'ਸਥਾਨਕ ਲੋਕ' ਜੋ ਕੁਝ ਦਿਨ ਪਹਿਲਾਂ ਆਏ ਸਨ ਅਤੇ ਕਿਸਾਨਾਂ ਦੇ ਨਾਲ਼ ਹੱਥੋ-ਪਾਈ ਕੀਤੀ ਸੀ, ਉਹ ਇਸ ਇਲਾਕੇ ਦੇ ਨਹੀਂ ਸਨ," ਮਹਾਦੇਵ ਕਹਿੰਦੇ ਹਨ। "ਜੇਕਰ ਕਿਸਾਨ ਇੱਥੇ ਰੁਕਦੇ ਹਨ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੈ। ਇਸ ਇਲਾਕੇ ਵਿੱਚ ਤੁਸੀਂ ਜਿੰਨੇ ਵੀ ਦੁਕਾਨਦਾਰਾਂ ਨੂੰ ਦੇਖ ਰਹੇ ਹੋ, ਉਹ ਸਾਰੇ ਕਿਸਾਨਾਂ ਦੀ ਹਮਾਇਤ ਕਰਦੇ ਹਨ। ਉਨ੍ਹਾਂ ਦੇ ਵਿਰੋਧ ਰਾਹੀਂ ਮੱਧ ਵਰਗ ਦੇ ਲੋਕਾਂ ਨੂੰ ਵੀ ਫਾਇਦਾ ਹੁੰਦਾ ਹੈ। ਪਰ ਕੁਝ ਲੋਕ ਇਸ ਸਰਲ ਤੱਥ ਨੂੰ ਸਮਝ ਨਹੀਂ ਰਹੇ ਹਨ।"

ਮਹਾਦੇਵ ਦੇ ਕੋਲ਼ ਇੱਕ ਹੋਰ ਛੋਟੀ ਜਿਹੀ ਦੁਕਾਨ ਚਲਾਉਣ ਵਾਲੀ ਔਰਤ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। "ਮੈਂ ਇੱਕ ਮੁਸਲਿਮ ਹਾਂ, ਮੈਂ ਤੁਹਾਨੂੰ ਆਪਣਾ ਨਾਂਅ ਨਹੀਂ ਦੱਸਣਾ ਚਾਹੁੰਦੀ ਅਤੇ ਨਾ ਹੀ ਮੈਂ ਇੱਥੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਗੱਲ ਕਰਨਾ ਚਾਹੁੰਦੀ ਹਾਂ," ਉਹ ਕਹਿੰਦੀ ਹਨ, ਜੋ ਆਪਣੇ ਚਿਹਰੇ 'ਤੇ ਢੱਕ ਲੈਂਦੀ ਹਨ ਅਤੇ ਫਿਰ ਮੁਸਕਰਾਉਂਦਿਆਂ ਕੋਲਡ ਡ੍ਰਿੰਕ, ਚਿਪਸ ਅਤੇ ਸਿਗਰੇਟ ਵੇਚਣ ਲਈ ਆਪਣੇ ਕਿਸਾਨ ਗ੍ਰਾਹਕਾਂ ਵੱਲ ਮੁੜ ਜਾਂਦੀ ਹਨ।

PHOTO • Anustup Roy
PHOTO • Anustup Roy

ਸਿੰਘੂ ਸਥਲ ਦੇ ਕੋਲ਼ ਇੱਕ ਪੈਟਰੋਲ ਪੰਪ ' ਤੇ ਕੰਮ ਕਰਨ ਵਾਲੇ ਰਾਮਦਾਰੀ ਸ਼ਰਮਾ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਲਈ ਉਨ੍ਹਾਂ ਦਾ ਸਮਰਥਨ ਦੇਸ਼ ਦੇ ਬੇਹਤਰ ਭਵਿੱਖ ਦੇ ਲਈ ਹੈ। ਸੱਜੇ : ਦੀਪਕ ਦੀਆਂ ਜ਼ੁਰਾਬਾਂ ਦੀ ਵਿਕਰੀ ' ਤੇ ਅਸਰ ਪਿਆ ਹੈ, ਪਰ ਉਹ ਕਹਿੰਦੇ ਹਨ, ' ਇਹ ਨਾ ਸੋਚੋ ਕਿ ਮੈਂ ਕਿਸਾਨਾਂ ਦੀ ਹਮਾਇਤ ਨਹੀਂ ਕਰੂੰਗਾ। ਉਨ੍ਹਾਂ ਦੀਆਂ ਸਮੱਸਿਆਵਾਂ ਮੇਰੇ ਨਾਲੋਂ ਕਿਤੇ ਜਿਆਦਾ ਵੱਡੀਆਂ ਹਨ '

ਸਿੰਘੂ ਸੀਮਾ ਜਿੱਥੋ ਸ਼ੁਰੂ ਹੁੰਦੀ ਹੈ, ਉੱਥੋਂ ਦੋ ਕਿਲੋਮੀਟਰ ਦੂਰ, 46 ਸਾਲਾ ਰਾਮਦਾਰੀ ਸ਼ਰਮਾ ਇੱਕ ਪੈਟਰੋਲ ਪੰਪ 'ਤੇ ਕੰਮ ਕਰਦੇ ਹਨ। ਪਹਿਲਾਂ ਜੋ ਵਪਾਰ ਲਗਭਗ 6-7 ਲੱਖ ਰੁਪਏ ਦਾ ਹੁੰਦਾ ਸੀ, ਜੋ ਹੁਣ ਘੱਟ ਕੇ ਇੱਕ ਦਿਨ ਵਿੱਚ 1 ਲੱਖ ਰੁਪਏ ਪ੍ਰਤੀ ਦਿਨ ਰਹਿ ਗਿਆ ਹੈ। ਰਾਮਦਾਰੀ ਸਿੰਘੂ ਬਾਰਡਰ ਤੋਂ ਚਾਰ ਕਿਲੋਮੀਟਰ ਦੂਰ, ਹਰਿਆਣਾ ਦੇ ਸੋਨੀਪਤ ਜਿਲ੍ਹੇ ਦੇ ਜਾਟਿਕਲਾਂ ਪਿੰਡੋਂ ਹਰ ਦਿਨ ਕੰਮ ਕਰਨ ਲਈ ਇੱਥੇ ਆਉਂਦੇ ਹਨ। ਪਿੰਡ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਕੋਲ਼ 15 ਏਕੜ ਜ਼ਮੀਨ ਹੈ, ਜਿਸ 'ਤੇ ਉਨ੍ਹਾਂ ਦਾ ਭਰਾ ਕਣਕ, ਝੋਨਾ ਅਤੇ ਜਵਾਰ ਉਗਾਉਂਦਾ ਹੈ।

"ਬਜਾਰ ਦੀ ਹਰੇਕ ਚੀਜ ਦਾ ਆਪਣਾ ਇੱਕ ਐੱਮਆਰਪੀ (ਮੈਕਸੀਮਮ ਰਿਟੇਲ ਪ੍ਰਾਈਜ/ਅਧਿਕਤਮ ਪਰਚੂਨ ਮੁੱਲ) ਹੁੰਦਾ ਹੈ," ਉਹ ਕਹਿੰਦੇ ਹਨ,"ਪਰ ਸਾਡੇ ਕੋਲ਼ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਅਸੀਂ ਜੋ ਫ਼ਸਲਾ ਉਗਾਉਂਦੇ ਹਾਂ ਉਹਦੀ ਕੀਮਤ ਨਿਰਧਾਰਤ ਕਰਨਾ ਸਾਡਾ ਅਧਿਕਾਰ ਹੈ। ਅਸੀਂ ਫ਼ਸਲਾਂ ਉਗਾਉਂਦੇ ਹਾਂ, ਇਸਲਈ ਆਪਣੀ ਪੈਦਾਵਾਰ ਵੇਚਣ ਦੇ ਅਧਿਕਾਰ ਤੋਂ ਕੋਈ ਸਾਨੂੰ ਵਾਂਝਾ ਕਿਵੇਂ ਕਰ ਸਕਦਾ ਹੈ? ਇੱਕ ਲੀਟਰ (ਬੋਤਲਬੰਦ) ਪੀਣ ਦਾ ਪਾਣੀ 40 ਰੁਪਏ ਵਿੱਚ ਵਿੱਕਦਾ ਹੈ। ਖੇਤੀ ਲਈ ਜ਼ਮੀਨ ਦੇ ਇੱਕ ਛੋਟੇ ਜਿਹੇ ਹਿੱਸੇ ਲਈ ਸਾਨੂੰ ਹਜਾਰਾਂ ਲੀਟਰ ਪਾਣੀ ਚਾਹੀਦਾ ਹੁੰਦਾ ਹੈ। ਉਹ ਪੈਸਾ ਕਿੱਥੋਂ ਆਵੇਗਾ? ਹੜ੍ਹ ਆਉਂਦਾ ਹੈ। ਕਦੇ-ਕਦਾਈਂ ਸੋਕਾ ਪੈਂਦਾ ਹੈ। ਫ਼ਸਲਾਂ ਨਸ਼ਟ ਹੋ ਜਾਂਦੀਆਂ ਹਨ। ਸਾਨੂੰ ਜਾਪਦਾ ਹੈ ਕਿ ਰੱਬ ਸਾਡੀ ਰੱਖਿਆ ਕਰੇਗਾ। ਅਤੇ ਉਹ ਸਾਡੀ ਰੱਖਿਆ ਕਰਦਾ ਵੀ ਹੈ, ਪਰ ਫਿਰ ਕੋਈ ਵਿਚਕਾਰ ਆ ਜਾਂਦਾ ਹੈ ਅਤੇ ਸਾਰਾ ਕੁਝ ਵਿਗਾੜ ਜਾਂਦਾ ਹੈ।"

ਖੇਤੀ ਵਿੱਚ ਆਪਣੇ ਪਰਿਵਾਰ ਦੀ ਔਖਿਆਈ ਨੂੰ ਦੇਖਦਿਆਂ ਹੋਇਆਂ, ਰਾਮਦਾਰੀ ਕਹਿੰਦੇ ਹਨ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਉਨ੍ਹਾਂ ਦੀ ਹਮਾਇਤ ਸਿਰਫ਼ ਇੱਥੋਂ ਵਾਸਤੇ ਅਤੇ ਫੌਰੀ ਤੌਰ 'ਤੇ ਨਹੀਂ ਹੈ, ਸਗੋਂ ਦੇਸ਼ ਦੇ ਬਿਹਤਰ ਭਵਿੱਖ ਲਈ ਹੈ। "ਭਗਤ ਸਿੰਘ ਨੂੰ ਭਾਰਤ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਉਸ ਸਮੇਂ ਦੇ ਆਪਣੇ ਦੇਸ਼ਵਾਸੀਆਂ ਬਾਰੇ ਸੋਚਣ ਤੋਂ ਇਲਾਵਾ, ਉਨ੍ਹਾਂ ਨੇ ਸੁਤੰਤਰ ਭਾਰਤ ਦੇ ਬੇਹਤਰ ਭਵਿੱਖ ਬਾਰੇ ਵੀ ਸੋਚਿਆ। ਮੇਰਾ ਜੀਵਨ ਉਵੇਂ ਹੀ ਬੀਤ ਜਾਵੇਗਾ, ਪਰ ਮੈਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨੂੰ ਵੱਧ ਸੁਰੱਖਿਅਤ ਬਣਾਉਣਾ ਚਾਹੁੰਦਾ ਹਾਂ। ਇਸਲਈ ਮੈਂ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰ ਰਿਹਾ ਹਾਂ," ਉਹ ਕਹਿੰਦੇ ਹਨ।

PHOTO • Anustup Roy
PHOTO • Anustup Roy

ਸਿੰਘੂ ਬਾਰਡਰ ਦੇ ਕੋਲ਼ ਇੱਕ ਸੜਕ ' ਤੇ ਵਿਰੋਧ ਨਾਲ਼ ਸਬੰਧ ਬਿੱਲੇ, ਝੰਡੇ ਅਤੇ ਸਟਿਕਰ ਵੇਚਣ ਵਾਲੀ ਰੀਤਾ ਅਰੋੜਾ ਕਹਿੰਦੀ ਹਨ, ' ਸਾਨੂੰ ਆਪਣਾ ਭੋਜਨ ਕਿਸਾਨਾਂ ਕੋਲੋਂ ਮਿਲ਼ਦਾ ਹੈ। ਉਨ੍ਹਾਂ ਦੀ ਅਣਦੇਖੀ ਕਰਨੀ ਅਸੰਭਵ ਹੈ '

ਜਿਨ੍ਹਾਂ ਖੇਤੀ ਕਨੂੰਨਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਨੂੰ ਹੀ ਕੇਂਦਰ ਸਰਕਾਰ ਨੇ ਪਹਿਲੀ ਦਫਾ 5 ਜੂਨ 2020 ਨੂੰ ਆਰਡੀਨੈਂਸ ਵਜੋਂ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਬਤੌਰ ਖੇਤੀ ਬਿੱਲਾਂ ਦੇ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਕਨੂੰਨ ਬਣਾ ਦਿੱਤਾ।

ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜੀ-ਰੋਟੀ ਲਈ ਵਿਨਾਸ਼ਕਾਰੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜਿਆਦਾ ਅਧਿਕਾਰ ਪ੍ਰਦਾਨ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।

" ਯੇ ਕਿਸਾਨ ਹੈ (ਇਹ ਕਿਸਾਨ ਹਨ)," 52 ਸਾਲਾ ਰੀਤਾ ਅਰੋੜਾ ਕਹਿੰਦੀ ਹਨ, ਜੋ ਸਿੰਘੂ ਬਾਰਡਰ ਤੋਂ ਕਰੀਬ 1.5 ਕਿਲੋਮੀਟਰ ਦੂਰ ਇੱਕ ਸੜਕ ਕੰਢੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ਼ ਸਬੰਧਤ ਬਿੱਲੇ, ਝੰਡੇ ਅਤੇ ਸਟਿਕਰ ਵੇਚਦੀ ਹਨ। "ਇਹ ਲੋਕ ਇੰਨੇ ਦਿਨਾਂ ਤੋਂ ਇਸ ਯੱਖ ਕਰ ਸੁੱਟਣ ਵਾਲੀ ਠੰਡ ਵਿੱਚ ਬਾਹਰ ਬੈਠੇ ਰਹੇ ਹਨ। ਜਦੋਂ ਸਰਕਾਰ ਚੋਣ ਤੋਂ ਪਹਿਲਾਂ ਵੋਟ ਮੰਗਦੀ ਹੈ, ਤਾਂ ਉਹ ਚੰਗੀਆਂ ਚੀਜਾਂ ਦਾ ਵਾਅਦਾ ਕਰਦੇ ਹਨ। ਪਰ ਜਦੋਂ ਉਹ ਸੱਤ੍ਹਾ ਵਿੱਚ ਆਉਂਦੇ ਹਨ? ਸਰਕਾਰ ਨੇ ਜੋ ਤਿੰਨ ਕਨੂੰਨ ਪਾਸ ਕੀਤੇ ਹਨ, ਉਨ੍ਹਾਂ ਨਾਲ਼ ਇਨ੍ਹਾਂ ਲੋਕਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਦੇਖੀਏ। ਸਾਨੂੰ ਆਪਣਾ ਭੋਜਨ ਕਿਸਾਨਾਂ ਤੋਂ ਮਿਲ਼ਦਾ ਹੈ। ਉਨ੍ਹਾਂ ਦੀ ਅਣਦੇਖੀ ਕਰਨਾ ਅਸੰਭਵ ਹੈ।"

ਰੀਤਾ ਦੀ ਨਵੀਂ ਦਿੱਲੀ ਵਿੱਚ ਇੰਡੀਆ ਗੇਟ ਦੇ ਕੋਲ਼ ਇੱਕ ਛੋਟੀ ਜਿਹੀ ਦੁਕਾਨ ਸੀ, ਜਿੱਥੇ ਉਹ ਕੋਲਡ ਡਰਿੰਕ, ਚਿਪਸ, ਸਿਗਰੇਟ ਆਦਿ ਵੇਚਦੀ ਸਨ। ਮਹਾਂਮਾਰੀ ਦੌਰਾਨ ਉਨ੍ਹਾਂ ਦਾ ਵਪਾਰ ਬੁਰੀ ਤਰ੍ਹਾਂ ਨਾਲ਼ ਪ੍ਰਭਾਵਤ ਹੋਇਆ, ਅਤੇ ਭਾਰੀ ਵਿੱਤੀ ਨੁਕਸਾਨ ਝੱਲਣ ਤੋਂ ਬਾਅਦ, ਉਨ੍ਹਾਂ ਨੇ ਸਿੰਘੂ ਆ ਕੇ ਪੈਸਾ ਕਮਾਉਣ ਦਾ ਫੈਸਲਾ ਕੀਤਾ। "ਮੈਂ (ਵਿਰੋਧ ਪ੍ਰਦਰਸ਼ਨ ਦੀ) ਸ਼ੁਰੂਆਤ ਵਿੱਚ ਜੁੱਤੀਆਂ ਵੇਚਦੀ ਸਾਂ," ਉਹ ਦੱਸਦੀ ਹਨ, "ਅਤੇ ਇਨ੍ਹਾਂ ਕਨੂੰਨਾਂ ਬਾਰੇ ਜਾਂ ਕਿਸਾਨਾਂ ਦੇ ਵਿਰੋਧ ਬਾਰੇ, ਮੈਂ ਕੁਝ ਨਹੀਂ ਸਾਂ ਜਾਣਦੀ। ਪਰ ਫਿਰ ਮੈਂ ਲੋਕਾਂ ਨਾਲ਼ ਗੱਲ ਕੀਤੀ ਅਤੇ ਕਨੂੰਨਾਂ ਨੂੰ ਸਮਝਿਆ। ਮੈਨੂੰ ਮਹਿਸੂਸ ਹੋਇਆ ਕਿ ਸਰਕਾਰ ਜੋ ਕੁਝ ਵੀ ਕਰ ਰਹੀ ਹੈ ਉਹ ਗ਼ਲਤ ਹੈ।"

PHOTO • Anustup Roy
PHOTO • Anustup Roy

ਵਿਰੋਧ ਸਥਲ ਦੇ ਕੋਲ਼ ਆਪਣੇ ਰਜਿੰਦਰ ਪ੍ਰਜਾਪਤੀ ਦੇ ਨਾਲ ਚਾਹ ਦੀ ਦੁਕਾਨ ਚਲਾਉਣ ਵਾਲੀ ਖੁਸ਼ਮਿਲਾ ਦੇਵੀ ਕਹਿੰਦੀ ਹਨ, ' ਕਿਸਾਨ ਸਾਨੂੰ ਭੋਜਨ ਮੁਹੱਈਆ ਕਰਾਉਂਦੇ ਹਨ। ਉਹ ਸਾਡੇ ਵਜੂਦ ਦਾ ਅਧਾਰ ਹਨ '

ਉਹ ਬਹੁਤ ਨਹੀਂ ਕਮਾ ਪਾਉਂਦੀ ਹਨ, ਪਰ ਇੱਥੇ ਆ ਕੇ ਖੁਸ਼ ਹਨ। "ਮੇਰੀ ਆਮਦਨੀ ਇੱਕ ਦਿਨ ਵਿੱਚ ਕਰੀਬ 200-250 ਰੁਪਏ ਹੈ। ਪਰ ਮੈਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ," ਉਹ ਕਹਿੰਦੀ ਹਨ। "ਮੈਨੂੰ ਖੁਸ਼ੀ ਹੈ ਕਿ ਮੈਂ ਇਸ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਹਾਂ। ਮੈਂ ਸਰਕਾਰ ਕੋਲ਼ ਬੇਨਤੀ ਕਰਦੀ ਹਾਂ ਕਿ ਉਹ ਖੇਤੀ ਕਨੂੰਨਾਂ ਨੂੰ ਫੌਰਨ ਰੱਦ ਕਰ ਦਵੇ।"

ਸਿੰਘੂ ਤੋਂ ਕਰੀਬ ਇੱਕ ਕਿਲੋਮੀਟਰ ਦੂਰ, ਦੀਪਕ ਸੜਕਾਂ 'ਤੇ ਜੁਰਾਬਾਂ ਵੇਚਦੇ ਹਨ। ਉਹ ਹਰ ਦਿਨ ਬਾਰਡਰ 'ਤੇ ਆਪਣੀ ਅਸਥਾਈ ਦੁਕਾਨ ਚਲਾਉਣ ਲਈ ਖਾਤਰ ਆਟੋਰਿਕਸ਼ਾ ਰਾਹੀਂ ਆਉਂਦੇ ਹਨ। ਉਹ ਕੁੰਡਲ ਨਗਰਪਾਲਿਕਾ ਪਰਿਸ਼ਦ ਖੇਤਰ ਵਿੱਚ ਆਪਣੀ ਛੋਟੀ ਜਿਹੀ ਜ਼ਮੀਨ 'ਤੇ ਗੋਭੀ ਵੀ ਉਗਾਉਂਦੇ ਹਨ। "ਇੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆਂ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ। ਮੇਰੀ ਆਮਦਨੀ ਵਿੱਚ ਭਾਰੀ ਗਿਰਾਵਟ ਆਈ ਹੈ। ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਮੈਂ ਇੱਕ ਦਿਨ ਵਿੱਚ 500-600 ਰੁਪਏ ਕਮਾਉਂਦਾ ਸਾਂ, ਪਰ ਹੁਣ ਮੈਂ ਇੱਕ ਦਿਨ ਵਿੱਚ ਬਾਮੁਸ਼ਕਲ 200-250 ਰੁਪਏ ਕਮਾ ਲੈਂਦਾ ਹਾਂ। ਪਰ ਕ੍ਰਿਪਾ ਇਹ ਨਾ ਸੋਚਿਓ ਕਿ ਮੈਂ ਕਿਸਾਨਾਂ ਦਾ ਸਮਰਥਨ ਨਹੀਂ ਕਰੂੰਗਾ। ਉਨ੍ਹਾਂ ਦੀਆਂ ਦਿੱਕਤਾਂ ਮੇਰੇ ਨਾਲੋਂ ਕਿਤੇ ਵੱਧ ਵੱਡੀਆਂ ਹਨ," 35 ਸਾਲਾ ਦੀਪਕ ਕਹਿੰਦੇ ਹਨ।

ਸਿੰਘੂ ਬਾਰਡਰ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ 'ਤੇ 40 ਸਾਲਾ ਖੁਸ਼ਮਿਲਾ ਦੇਵੀ ਅਤੇ ਉਨ੍ਹਾਂ ਦੇ ਪਤੀ, 45 ਸਾਲਾ ਰਜਿੰਦਰ ਪ੍ਰਜਾਪਤੀ ਚਾਹ ਦੀ ਦੁਕਾਨ ਚਲਾਉਂਦੇ ਹਨ। ਉਹ ਨਵੀਂ ਦਿੱਲੀ ਦੇ ਨਰੇਲਾ ਤੋਂ ਇੱਥੇ ਆਉਣ ਲਈ ਹਰ ਦਿਨ ਛੇ ਕਿਲੋਮੀਟਰ ਦੀ ਦੂਰੀ  ਤੈਅ ਕਰਦੇ ਹਨ, ਅਤੇ ਜਾਰੀ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਉਨ੍ਹਾਂ ਦੀ ਆਮਦਨੀ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। "ਅਸੀਂ ਹਰ ਮਹੀਨੇ ਕਰੀਬ 10,000 ਰੁਪਏ ਕਮਾਉਂਦੇ ਸਾਂ, ਪਰ ਹੁਣ ਇਹ ਘੱਟ ਕੇ ਸਿਰਫ਼ 4,000-5,000 ਰੁਪਏ ਰਹਿ ਗਿਆ ਹੈ। ਇਸ ਤੋਂ ਇਲਾਵਾ, ਦਿੱਲੀ ਤੋਂ ਸਿੰਘੂ ਤੱਕ ਦੇ ਰਾਹ ਵਿੱਚ 26 ਜਨਵਰੀ ਤੋਂ ਹੀ ਬੈਰੀਕੇਡਿੰਗ ਕਰ ਦਿੱਤ ਗਈ ਹੈ, ਜਿਹਨੇ ਸਾਡੀਆਂ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਹੈ। ਪਰ  ਫਿਰ ਵੀ, ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ," ਪਤੀ-ਪਤਨੀ ਨੇ ਕਿਹਾ।

"ਸਭ ਤੋਂ ਪਹਿਲਾਂ, ਉਹ (ਸਰਕਾਰ) ਨੋਟਬੰਦੀ ਲੈ ਕੇ ਆਈ," ਖੁਸ਼ਮਿਲਾ ਕਹਿੰਦੀ ਹਨ, "ਫਿਰ ਉਨ੍ਹਾਂ ਨੇ ਜੀਐੱਸਟੀ ਲਗਾਇਆ ਅਤੇ ਉਸ ਤੋਂ ਬਾਅਦ ਮਹਾਮਾਰੀ ਅਤੇ ਤਾਲਾਬੰਦੀ ਆ ਗਈ, ਜਦੋਂ ਅਸੀਂ ਲਗਾਤਾਰ ਕਈ ਮਹੀਨਿਆਂ ਤੱਕ ਪਰੇਸ਼ਾਨ ਰਹੇ। ਇਸ ਤੋਂ ਇਲਾਵਾ, ਸਾਰੀਆਂ ਵਸਤੂਆਂ ਦੇ ਭਾਅ ਅਸਮਾਨੀਂ ਚੜ੍ਹੇ ਹਨ। ਕਿਸਾਨ ਸਾਨੂੰ ਭੋਜਨ ਉਪਲਬਧ ਕਰਾਉਂਦੇ ਹਨ। ਉਹ ਸਾਡੇ ਵਜੂਦ ਦਾ ਅਧਾਰ ਹਨ। ਜੇਕਰ ਅਸੀਂ ਉਨ੍ਹਾਂ ਦੇ ਨਾਲ਼ ਖੜ੍ਹੇ ਨਹੀਂ ਹੋਵਾਂਗੇ, ਤਾਂ ਕੌਣ ਹੋਵੇਗਾ?"

ਤਰਜਮਾ - ਕਮਲਜੀਤ ਕੌਰ

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Anustup Roy

Anustup Roy is a Kolkata-based software engineer. When he is not writing code, he travels across India with his camera.

Other stories by Anustup Roy