Protest march was also held in Delhi : 29 ਸਾਲ ਪੁਰਾਣੇ ਮੁਲਤਾਨੀ ਅਗਵਾ ਤੇ ਕਤਲ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਪੰਜਾਬ ਭਰ ਵਿੱਚ ਤਾਂ ਪ੍ਰਦਰਸ਼ਨ ਹੋ ਹੀ ਰਹੇ ਹਨ, ਸੋਮਵਾਰ ਨੂੰ ਦਿੱਲੀ ਵਿੱਚ ਜਾਗੋ ਪਾਰਟੀ ਵੱਲੋਂ ਵੀ ਸੈਣੀ ਦੀ ਗ੍ਰਿਫਤਾਰੀ ਲਈ ਰੋਸ ਮਾਰਚ ਕੀਤਾ ਗਿਆ। ਦਿੱਲੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਨੇ ਸੈਣੀ ਦੀ ਛੇਤੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਪੰਜਾਬ ਰਾਜ ਭਵਨ ਵੱਲ ਕੂਚ ਕੀਤਾ ਪਰ ਪੁਲਿਸ ਨੇ ਇਨ੍ਹਾਂ ਸਾਰਿਆਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ। ਮਨਜੀਤ ਸਿੰਘ ਨੇ ਕਿਹਾ ਕਿ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਤੇ ਐੱਸਆਈਟੀ ਦਾ ਰਵੱਈਆ ਬਹੁਤ ਢਿੱਲਾ ਹੈ। ਉਨ੍ਹਾਂ ਸੈਣੀ ਦੀ ਛੇਤੀ ਗ੍ਰਿਫਤਾਰੀ ਦੀ ਮੰਗ ਕੀਤੀ। ਉਧ ਸੁਮੇਧ ਸੈਣੀ ਨੇ ਆਪਣੀ ਪੇਸ਼ਗੀ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ‘ਤੇ ਅੱਜ ਮੰਗਲਵਾਰ ਨੂੰ ਜਸਟਿਸ ਅਸ਼ੋਕ ਭਾਨ, ਜਸਟਿਸ ਆਰ ਸੁਭਾਸ਼ ਰੇੱਡੀ ਅੇਤ ਜਸਟਿਸ ਐੱਮਆਰ ਸ਼ਾਹ ਦੀ ਬੈਂਚ ਸੁਣਵਾਈ ਕਰੇਗੀ।

ਦੱਸ ਦੇਈਏ ਕਿ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰ ਲਈ ਪੰਜਾਬ ਪੁਲਿਸ ਤੇ ਐੱਸਆਈਟੀ ਲਗਾਤਾਰ ਗੁਆਂਢੀ ਸੂਬਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਉਧਰ, ਮੋਹਾਲੀ ਕੋਰਟ ਨੇ ਨਵੇਂ ਅਰੈਸਟ ਵਾਰੰਟ ਜਾਰੀ ਕਰਕੇ 25 ਸਤੰਬਰ ਤੱਕ ਸਾਬਕਾ ਡੀਜੀਪੀ ਸੈਣੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਰੱਖੇ ਹਨ।

ਦੱਸਣਯੋਗ ਹੈ ਕਿ ਡੀਜੀਪੀ ਸੁਮੇਧ ਸੈਣੀ ਦੀ ਛੇਤੀ ਤੋਂ ਛੇਤੀ ਗ੍ਰਿਫਤਾਰੀ ਲਈ ਪੰਜਾਬ ਵਿੱਚ ਵੀ ਮੁਜ਼ਾਹਰੇ ਹੋ ਰਹੇ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਸੜਕਾਂ ’ਤੇ ਉਤਰਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਛੇਤੀ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਦੂਜੇ ਪਾਸੇ ਦਲ ਖਾਲਸਾ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਕਰਨ ਜਾਂ ਕਰਵਾਉਣ ਵਾਲੇ ਵਿਅਕਤੀ ਨੂੰ ਬਹਾਦੁਰੀ ਐਵਾਰਡ ਅਤੇ ਇਕ ਸੋਨ ਤਮਗਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਦਲ ਖਾਲਸਾ ਨੇ ਬਾਕਾਇਦਾ ਇਕ ਪੋਸਟਰ ਜਾਰੀ ਕੀਤਾ ਹੋਇਆ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਜੇਕਰ ਸੈਣੀ ਨੂੰ ਛੇਤੀ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਉਹ ਸੜਕਾਂ ’ਤੇ ਉਤਰ ਆਉਣਗੇ।