Majithia speaks on arrest in seed scam : ਬੀਜ ਘਪਲੇ ਮਾਮਲੇ ’ਚ ਅੱਜ ਹੋਈ ਗ੍ਰਿਫਤਾਰੀ ’ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਕਿਸਾਨਾਂ ਨੂੰ ਨਕਲੀ ਬੀਜ ਵੇਚ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਜਿਸ ਵਿਚ 11 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿਚ ਹੁਣ ਇਕ ਪਹਿਲੀ ਗ੍ਰਿਫਤਾਰੀ ਹੋਈ ਹੈ, ਜਿਸ ਨੂੰ ਕਵਰਅਪ ਕਰਨ ਲਈ 20 ਦਿਨ ਦਾ ਸਮਾਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਚਿੰਤਾ ਵਾਲਾ ਵਿਸ਼ਾ ਹੈ ਕਿਉਂਕਿ ਪੰਜਾਬ ਦੀ ਕਿਰਸਾਨੀ ਇਸੇ ਧੰਦੇ ’ਤੇ ਨਿਰਭਰ ਹੈ ਅਤੇ ਪੰਜਾਬ ਦਾ ਆਰਥਿਕ ਢਾਂਚੇ ਦਾ ਹਿੱਸਾ ਹੈ ਅਤੇ ਜੇਕਰ ਕਿਸਾਨਾਂ ਨੂੰ ਹੋਣ ਵਾਲਾ ਨੁਕਸਾਨ ਪੂਰੇ ਸੂਬੇ ਦਾ ਨੁਕਸਾਨ ਹੋਵੇਗਾ।

ਮਜੀਠੀਆ ਨੇ ਕਿਹਾ ਕਿ 22 ਜ਼ਿਲਿਆਂ ਵਿਚ ਨਕਲੀ ਬੀਜ ਸਪਲਾਈ ਹੋਈ ਹੈ ਅਤੇ 60 ਲੱਖ ਏਕੜ ਰਕਬਾ ਝੋਨੇ ਦੀ ਫਸਲ ਦੇ ਹੇਠਾਂ ਹੈ ਅਤੇ ਹੁਣ ਨਕਲੀ ਬੀਜ ਨਾਲ ਨੁਕਸਾਨ ਹੋਵੇਗਾਤਾਂ ਉਸ ਵਿਚ 100 ਫੀਸਦੀ ਨੁਕਸਾਨ ਹੋਇਆ ਤਾਂ ਤਿੰਨ ਹਜ਼ਾਰ ਕਰੋੜ ਤੋਂ ਵੱਧ ਬਣਦਾ ਹੈ। ਖੇਤੀਬਾੜੀ ਵਿਭਾਗ ’ਚ ਇਨ੍ਹਾਂ ਬੀਜਾਂ ਦੇ ਸੈਂਪਲ ਫੇਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਦਿੱਤੇ ਗਏ ਬਿਆਨ ਹਾਸੋਹੀਣੇ ਹਨ, ਜਿਨ੍ਹਾਂ ਵਿਚ ਉਨ੍ਹਾਂ ਕਿਹਾ ਕਿ ਅਸੀਂ ਬੀਜ ਘਪਲੇ ਦਾ ਗੈਂਗ ਫੜ ਲਿਆ ਹੈ, ਜਦਕਿ ਉਨ੍ਹਾਂ ਨੂੰ ਕਵਰਅਪ ਕਰਨ ਲਈ 20 ਦਿਨ ਦਾ ਸਮਾਂ ਦੇ ਦਿੱਤਾ ਗਿਆ ਸੀ।

ਮਜੀਠੀਆ ਨੇ ਅੱਗੇ ਕਿਹਾ ਕਿ ਬੀਜ ਬਰਾੜ ਤੋਂ 100-100 ਕੁਇੰਟਲ ਦੇ ਬੈਗ ਰਿਕਵਰ ਕੀਤੇ ਗਏ ਹਨ। ਐਫਆਈਆਰ ਵਿਚ 100 ਕੁਇੰਟਲ ਬਰਾਮਦਗੀ ਦਿਖਾਈ ਗਈ ਹੈ, ਜਦਕਿ ਖੇਤੀਬਾੜੀ ਮੁਖੀ ਨੇ ਦੱਸਿਆ ਸੀ ਕਿ 750 ਕੁਇੰਟਲ ਇਕ ਅਤੇ 850 ਕੁਇੰਟਲ ਇਕ ਬੀਜ ਰਿਕਵਰ ਹੋਇਆ ਹੈ ਤਾਂ ਬਾਕੀ ਬੀਜ ਕਿੱਥੇ ਗਿਆ। ਮਜੀਠੀਆ ਨੇ ਕਿਹਾ ਕਿ 21 ਹਜ਼ਾਰ ਏਕੜ ਲਈ ਇਹ ਬੀਜ ਬਣਦਾ ਹੈ ਜਿਸ ਵਿਚ 105 ਕਰੋੜ ਦਾ ਕਿਸਾਨਾਂ ਦਾ ਨੁਕਸਾਨ ਸਿਰਫ ਇਕ ਦੁਕਾਨ ਤੋਂ ਹੋਇਆ ਹੈ। ਮਜੀਠੀਆ ਨੇ ਐਫਆਈਆਰ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿਹੜੀਆਂ ਧਾਰਾਵਾਂ ਦੋਸ਼ੀਆਂ ’ਤੇ ਲਗਾਈਆਂ ਗਈਆਂ ਹਨ ਉਨ੍ਹਾਂ ਦੀ ਜ਼ਮਾਨਤ ਛੇਤੀ ਹੀ ਹੋ ਜਾਏਗੀ। ਇਨ੍ਹਾਂ ਦੋਸ਼ੀਆਂ ਦੀ ਪ੍ਰਾਪਰਟੀ ਜ਼ਬਤ ਕਰ ਲੈਣੀ ਚਾਹੀਦੀ ਹੈ ਤਾਂਜੋ ਭਵਿੱਖ ਵਿਚ ਕੋਈ ਅਜਿਹੀ ਹਰਕਤ ਨਾ ਕਰੇ। ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਵਿਚ ਹਰਿਆਣਾ ਸਰਕਾਰ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਥੇ ਵੀ ਧੋਖਾਧੜੀ ਹੋਈ ਹੈ ਕਿਉਂਕਿ ਜਿਥੇ ਵੀ ਇਹ ਬੀਜ ਸਪਲਾਈ ਹੋਇਆ ਹੈ ਉਥੇ ਦੀ ਸਰਕਾਰ ਨੂੰ ਇਸ ਮਾਮਲੇ ਵਿਚ ਜਾਂਚ ਕਰਨੀ ਚਾਹੀਦੀ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ।
For more news updates Follow and Like us on Facebook