ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਟੀ ਪੁਲਿਸ ਵਲੋਂ ਪਿੰਡ ਸੁਲਤਾਨਵਿੰਡ ਦੀ ਨੇੜਲੀ ਅਬਾਦੀ ਦਰਸ਼ਨ ਐਵਨਿਊ ਜਲੰਧਰ ਜੀ.ਟੀ ਰੋਡ ਅੰਮ੍ਰਿਤਸਰ ਵਿਖੇ 5-6 ਫਰਵਰੀ ਦੀ ਦਰਮਿਆਨੀ ਰਾਤ ਨੂੰ ਸ੍ਰੀਮਤੀ ਗਗਨ ਵਰਮਾ ਪਤਨੀ ਸੰਜੀਵ ਕੁਮਾਰ ਅਤੇ ਉਸ ਦੀ ਬੇਟੀ ਮਿਸ ਸ਼ਿਵਨੈਣੀ ਵਰਮਾ ਦਾ ਅਣਪਛਾਤੇ ਵਿਅਕਤੀਆਂ ਵੱਲੋ ਕਤਲ ਕਰ ਕੇ ਲਾਸ਼ਾਂ ਨੂੰ ਸਾੜੇ ਜਾਣ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।
ਪੁਲਿਸ ਕਮਿਸਨਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਦੀਆਂ ਹਦਾਇਤਾਂ `ਤੇ ਇੰਸਪੈਕਟਰ ਵਵਿੰਦਰ ਮਹਾਜਨ ਇੰਚਾਰਜ ਸਾਈਬਰ ਕ੍ਰਾਈਮ ਐਂਡ ਟੈਕਨੀਕਲ ਸੈਲ ਅੰਮ੍ਰਿਤਸਰ ਦੀ ਟੀਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ, ਜਦ ਅੰਨੇ ਕਤਲਾਂ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਪੰਕਜ ਸ਼ਰਮਾ ਉਰਫ ਵਿਨੈ ਪੁੱਤਰ ਪਲਵਿੰਦਰ ਸ਼ਰਮਾ ਤੇ ਨੀਰਜ ਕੁਮਾਰ ਪੁੱਤਰ ਰਵੀ ਕੁਮਾਰ ਦੋਵੇਂ ਵਾਸੀ ਗਲੀ ਨੰ: 2 ਗੁਰੂ ਗੋਬਿੰਦ ਸਿੰਘ ਨਗਰ ਵਡਾਲੀ ਰੋਡ ਛੇਹਰਟਾ ਅੰਮ੍ਰਿਤਸਰ ਨੂੰ ਇੰਸਪੈਕਟਰ ਨੀਰਜ ਕੁਮਾਰ ਮੁੱਖ ਅਫਸਰ ਥਾਣਾ ਸੁਲਤਾਨਵਿੰਡ ਦੀ ਪੁਲਿਸ ਪਾਰਟੀ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ।ਉਨਾਂ ਕਿਹਾ ਕਿ ਦੋਸ਼ੀਆਂ ਪਾਸੋਂ ਵਾਰਦਾਤ ਦੌਰਾਨ ਵਰਤਿਆ ਹੀਰੋ ਮੋਟਰਸਾਈਕਲ ਪੀ.ਬੀ 02 ਡੀ.ਐਚ 5480, ਇਕ ਕੈਮਰਾ ਕੈਨਨ ਮਾਰਕਾ ਅਤੇ ਇਕ ਟੈਬ ਮਾਰਕਾ ਆਈ ਬਾਲ ਬਰਾਮਦ ਕੀਤਾ ਗਿਆ ਹੈ ਅਤੇ ਦੋਸ਼ੀਆਂ ਪਾਸੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।ਜਿਕਰਯੋਗ ਹੈ ਕਿ ਮਾਂ-ਧੀਅ ਦੇ ਦੂਹਰੇ ਕਤਲ ਦੀ ਇਸ ਵਾਰਦਾਤ ਸਬੰਧੀ ਆਈ.ਪੀ.ਸੀ ਦੀ ਧਾਰਾ 303,201,436,460 ਤਹਿਤ ਥਾਣਾ ਸੁਲਤਾਨਵਿੰਡ ਵਿਖੇ ਮੁਕੱਦਮਾ ਨੰਬਰ 13 ਮਿਤੀ 6.2.2018 ਦਰਜ ਕੀਤਾ ਗਿਆ ਸੀ।
ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਵਿੱਚ ਹਰਜੀਤ ਸਿੰਘ ਧਾਲੀਵਾਲ, ਲਖਬੀਰ ਸਿੰਘ, ਜਗਜੀਤ ਸਿੰਘ ਵਾਲੀਆ, ਮਨਜੀਤ ਸਿੰਘ, ਵਵਿੰਦਰ ਸਿੰਘ ਅਤੇ ਨੀਰਜ ਕੁਮਾਰ ਆਦਿ ਸ਼ਾਮਲ ਸਨ।