ਦਫਤਰੀ ਕਾਮਿਆਂ ਦੀ ਟ੍ਰੇਨਿੰਗ ਦਾ ਸ਼ਡਿਊਲ ਜਾਰੀ
ਧੂਰੀ, 10 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਜ਼ਿਲਾ ਮੋਹਾਲੀ, ਮੋਗਾ, ਜਲੰਧਰ ਵਿੱਚ ਰਜਿਸਟਰੀਆਂ ਦਾ ਕੰਮ ਆਨਲਾਈਨ ਕਰਨ ਦੇ ਸ਼ੁਰੂ ਕੀਤੇ ਪੰਜਾਬ ਸਰਕਾਰ ਦੇ ਪਾਇਲਟ ਪ੍ਰਾਜੈਕਟ ਦੀ ਸਫਲਤਾ ਤੋਂ ਬਾਅਦ ਅਗਲੇ ਪੜਾਅ ਵਿੱਚ ਜ਼ਿਲਾ ਸੰਗਰੂਰ ਵਿੱਚ ਵੀ 16 ਫਰਵਰੀ ਤੋਂ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਹੋ ਜਾਵੇਗਾ। ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਾਰੀ ਪੱਤਰ ਮੁਤਾਬਿਕ ਜ਼ਿਲ੍ਹੇ `ਚ ਐਨ.ਜੀ.ਡੀ.ਆਰ.ਐਸ. ਆਨਲਾਈਨ ਰਜਿਸਟਰੇਸ਼ਨ ਸਾਫਟਵੇਅਰ ਲਾਗੂ ਕੀਤਾ ਜਾ ਰਿਹਾ ਹੈ ਅਤੇ ਦਰਜ ਹਦਾਇਤਾਂ ਮੁਤਾਬਿਕ ਜ਼ਿਲ੍ਹੇ ਦੇ ਸਬ-ਰਜਿਸਟਰਾਰ/ ਜੁਆਇੰਟ ਸਬ-ਰਜਿਸਟਰਾਰ, ਸਥਾਨਕ ਦਫਤਰਾਂ `ਚ ਕੰਮ ਕਰਦੇ ਵਸੀਕਾ ਨਵੀਸਾਂ, ਏ.ਐਸ.ਐਮ ਡਾਟਾ ਐਂਟਰੀ ਆਪਰੇਟਰ, ਆਰ.ਸੀ./ਰੀਡਰ ਜਾਰੀ ਸ਼ਡਿਊਲ ਮੁਤਾਬਿਕ ਸਿਖਲਾਈ ਹਾਸਲ ਕਰਨਗੇ। ਇਸ ਤੋਂ ਇਲਾਵਾ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਮੋਹਾਲੀ `ਚ ਪਾਇਲਟ ਪ੍ਰਾਜੈਕਟ ਵਜੋਂ ਚੱਲਦੇ ਕੰਮ ਨੂੰ ਦੇਖ ਕੇ ਆਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਆਮ ਜਨਤਾ ਨੂੰ ਰਜਿਸਟਰੀਆਂ ਦੇ ਕੰਮ ਨੂੰ ਆਨਲਾਈਨ ਤਰੀਕੇ ਨਾਲ ਕਰਵਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਇਸ ਦੇ ਨਾਲ ਹੀ ਆਨਲਾਈਨ ਫੀਸ ਜਮਾਂ ਕਰਵਾਉਣ ਅਤੇ ਅਸ਼ਟਾਮ ਪੇਪਰ ਹਾਸਲ ਕਰਨ ਲਈ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਸੂਬਾ ਸਰਕਾਰ ਨੇ ਮਾਲ ਮਹਿਕਮੇ ਵੱਲੋਂ ਜਾਰੀ ਪੱਤਰ ਮੁਤਾਬਿਕ ਅਸ਼ਟਾਮ ਫਰੋਸ਼ਾਂ ਨੂੰ ਅਧਿਕਾਰਤ ਕੂਲੈਕਸ਼ਨ ਸੈਂਟਰ ਵਜੋਂ ਮਾਣਤਾ ਦਿੱਤੀ ਗਈ ਹੈ ਅਤੇ ਅਸ਼ਟਾਮ ਫਰੋਸ਼ਾਂ ਲਈ ਅਸ਼ਟਾਮ ਵੇਚਣ ਦੀ ਲਿਮਟ ਵਧਾ ਕੇ 2 ਲੱਖ ਰੁਪਏ ਤੱਕ ਤੈਅ ਕੀਤੀ ਗਈ ਹੈ।ਇਹਨਾਂ ਸੈਂਟਰਾਂ ਨੂੰ ਈ-ਸਟੈਂਪਿੰਗ ਸਰਟੀਫਿਕੇਟਾਂ ਤੋਂ ਇਲਾਵਾ ਈ-ਰਜਿਸਟਰੇਸ਼ਨ ਫੀਸ ਵੀ ਜਮਾ੍ਹ ਕਰਨ ਦੇ ਅਧਿਕਾਰ ਹਾਸਲ ਹੋਣਗੇ ਅਤੇ ਕੋਰਟ ਫੀਸ ਲਈ ਖੁੱਲੀ ਲਿਮਟ ਤੈਅ ਕੀਤੀ ਗਈ ਹੈ।
ਨਾਇਬ ਤਹਿਸੀਲਦਾਰ ਨੇ ਕੀਤੀ ਪੁਸ਼ਟੀ
ਇਸ ਸਬੰਧੀ ਦਿਲਬਾਗ ਸਿੰਘ ਨਾਇਬ ਤਹਿਸੀਲਦਾਰ ਸ਼ੇਰਪੁਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮ ਲਾਗੂ ਕਰਨ ਲਈ ਮਾਣਯੋਗ ਡਿਪਟੀ ਕਮਿਸ਼ਨਰ ਸੰਗਰੂਰ ਦੀਆਂ ਹਦਾਇਤਾਂ `ਤੇ ਲੋੜੀਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 16 ਫਰਵਰੀ ਤੋਂ ਆਨਲਾਈਨ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਇਸ ਸਬੰਧੀ ਸਬੰਧਤ ਵਸੀਕਾ ਨਵੀਸਾਂ ਅਤੇ ਸਟਾਫ ਨੂੰ ਟ੍ਰੇਨਿੰਗ ਦੇਣ ਦਾ ਸ਼ਡਿਊਲ ਵੀ ਜਾਰੀ ਹੋ ਚੁੱਕਾ ਹੈ।