ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਦੇ ਅਧਿਕਾਰਤ ਖੇਤਰ ਵਿੱਚ ਆਉਂਦੀਆਂ ਯੂਨੀਵਰਸਿਟੀਆਂ ਦੇ ਹਾਕੀ ਖਿਡਾਰੀਆਂ `ਤੇ ਅਧਾਰਿਤ 10 ਤੋਂ ਲੈ ਕੇ 19 ਫਰਵਰੀ ਤੱਕ ਨਵੀਂ ਦਿੱਲੀ ਵਿਖੇ ਹੋਣ ਵਾਲੇ ਆਲ ਇੰਡੀਆ ਇੰਟਰਵਰਸਿਟੀ ਹਾਕੀ ਖੇਡ ਮੁਕਾਬਲਿਆਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਕੀ ਟੀਮ ਦੀ ਵਾਗਡੋਰ ਹੁਣ ਹਰਸਾਹਿਬ ਸਿੰਘ ਸੰਮੀ ਦੇ ਹੱਥ ਹੋਵੇਗੀ, ਜੋ ਕਿ ਬਤੌਰ ਕਪਤਾਨ ਟੀਮ ਦੀ ਅਗਵਾਈ ਵੀ ਕਰੇਗਾ।
ਜਿਕਰਯੋਗ ਹੈ ਹਰਸਾਹਿਬ ਸਿੰਘ ਸੰਮੀ ਉਘੇ ਹਾਕੀ ਉਲੰਪੀਅਨ ਬਲਵਿੰਦਰ ਸਿੰਘ ਸੰਮੀ ਦਾ ਫਰਜ਼ੰਦ ਹੈ।ਇਸ ਗੱਲ ਦੀ ਜਾਣਕਾਰੀ ਟੀਮ ਮੈਨੇਜਰ ਗੁਰਬਖਸ਼ੀਸ਼ ਸਿੰਘ ਤੇ ਹਾਕੀ ਕੋਚ ਗੁਰਪ੍ਰੀਤ ਸਿੰਘ ਦੇ ਵਲੋਂ ਅੱਜ ਸਾਂਝੇ ਤੌਰ `ਤੇ ਦਿੱਤੀ ਗਈ।ਉਨ੍ਹਾਂ ਦੱਸਿਆਂ ਕਿ ਨਵੀਂ ਦਿੱਲੀ ਵਿਖੇ ਇਹ ਹੋਣ ਵਾਲੇ 10 ਰੋਜ਼ਾ ਰਾਸ਼ਟਰੀ ਹਾਕੀ ਖੇਡ ਮੁਕਾਬਲਿਆਂ `ਚ ਸ਼ਾਮਲ ਹੋਣ ਵਾਲੀ ਟੀਮ ਦੀ ਕਪਤਾਨੀ ਜਿੱਥੇ ਹਰਸਾਹਿਬ ਸਿੰਘ ਸ਼ੰਮੀ ਕਰੇਗਾ, ਉਥੇ ਜੈ ਸਿੰਘ, ਗੀਤ ਕੁਮਾਰ, ਸੰਕਲਪ ਸਿੰਘ, ਮਨਜਿੰਦਰ ਸਿੰਘ, ਜਗਜੋਤ ਸਿੰਘ, ਪ੍ਰਿੰਸ, ਪਰਮਪ੍ਰੀਤ ਸਿੰਘ, ਕਰਨਬੀਰ, ਮਨਜਿੰਦਰ ਸਿੰਘ, ਮਨਿੰਦਰਜੀਤ ਸਿੰਘ, ਹਰਜੋਤ ਸਿੰਘ, ਸਿਮਰਨਦੀਪ ਸਿੰਘ, ਹਰਪ੍ਰੀਤ ਸਿੰਘ, ਕੁੰਵਰਦਿਲਰਾਜ ਸਿੰਘ, ਹਰਤਾਜ ਸਿੰਘ, ਅਮਨਪ੍ਰੀਤ ਸਿੰਘ, ਬ੍ਰਹਮਦੀਪ ਸਿੰਘ ਆਦਿ ਖਿਡਾਰੀ ਜਿਕਰਯੋਗ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜੀ.ਐਨ.ਡੀ.ਯੂ ਦੇ ਵਲੋਂ ਨਾਰਥ ਜ਼ੋਨ ਹਾਕੀ ਖੇਡ ਮੁਕਾਬਲਿਆਂ ਦੇ ਵਿਚ ਸ਼ਾਮਿਲ ਹੋਣ ਗਈ ਟੀਮ ਦੀ ਕਪਤਾਨੀ ਦੀ ਅਹਿਮ ਜ਼ਿੰਮੇਦਾਰੀ ਹਰਸਾਹਿਬ ਸਿੰਘ ਵਲੋਂ ਨਿਭਾਈ ਗਈ ਸੀ, ਜਿਸ ਦੇ ਫਲਸਰੂਪ ਟੀਮ ਚੈਂਪੀਅਨ ਬਣ ਕੇ ਵਾਪਿਸ ਪਰਤੀ ਸੀ।ਨਵਨਿਯੁੱਕਤ ਕਪਤਾਨ ਹਰਸਾਹਿਬ ਸਿੰਘ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਟੀਮ ਮੁੜ ਕਰੜਾ ਅਭਿਆਸ ਕਰ ਰਹੇ ਹਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਆਲ ਇੰਡੀਆ ਇੰਟਰਵਰਸਿਟੀ ਚੈਂਪੀਅਨ ਬਣ ਕੇ ਹੀ ਵਾਪਿਸ ਪਰਤੇਗੀ।