ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਤੇ ਸਮੇਂ ਇੱਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਦੇ ਸੁਪਰਵਾਈਜ਼ਰ ਪਤਵੰਤ ਸਿੰਘ ਦੀ ਪਤਨੀ ਬੀਬੀ ਕਸ਼ਮੀਰ ਕੌਰ ਨੂੰ 16 ਲੱਖ ਰੁਪਏ ਦੀ ਬੀਮਾ ਰਾਸ਼ੀ ਦਾ ਚੈਕ ਦਿੱਤਾ ਗਿਆ।ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਤੇ ਐਚ.ਡੀ.ਐਫ.ਸੀ ਬੈਂਕ ਦੇ ਮੈਨੇਜਰ ਮਧੁਰ ਸਿੰਘ ਨੇ ਇਹ ਚੈਕ ਬੀਬੀ ਕਸ਼ਮੀਰ ਕੌਰ ਨੂੰ ਸੌਂਪਿਆ।ਸ਼੍ਰੋਮਣੀ ਕਮੇਟੀ ਸਕੱਤਰ ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਐਚ.ਡੀ.ਐਫ.ਸੀ ਬੈਂਕ ਵਿੱਚ ਚੱਲ ਰਹੇ ਤਨਖਾਹ ਖਾਤਿਆਂ ਨਾਲ ਬੈਂਕ ਵੱਲੋਂ ਦੁਰਘਟਨਾ ਬੀਮਾ ਦੀ ਸਹੂਲਤ ਦਿੱਤੀ ਗਈ ਹੈ, ਜਿਸ ਤਹਿਤ ਸਵਰਗੀ ਪਤਵੰਤ ਸਿੰਘ ਦੀ ਪਤਨੀ ਨੂੰ 16 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਬੈਂਕ ਦੀਆਂ ਸ਼ਰਤਾਂ ਅਨੁਸਾਰ ਸਬੰਧਤ ਦਾ 3 ਲੱਖ ਰੁਪਏ ਦਾ ਕਰਜ਼ਾ ਵੀ ਮੁਆਫ ਕੀਤਾ ਗਿਆ ਹੈ।ਮਨਜੀਤ ਸਿੰਘ ਅਨੁਸਾਰ ਸਵਰਗੀ ਮੁਲਾਜ਼ਮ ਦੀ ਪਤਨੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਦੁਰਘਟਨਾ ਬੀਮਾ ਦੀ 12 ਲੱਖ ਰੁਪਏ ਦੀ ਰਾਸ਼ੀ ਦਾ ਵੀ ਚੈਕ ਦਿੱਤਾ ਗਿਆ ਹੈ।ਸਬੰਧਤ ਬੈਂਕ ਦੀ ਸ਼ਾਖਾ ਦੇ ਮੈਨੇਜਰ ਮਧੁਰ ਸਿੰਘ ਨੇ ਕਿਹਾ ਕਿ ਬੈਂਕ ਸ਼੍ਰੋਮਣੀ ਕਮੇਟੀ ਨਾਲ ਕੀਤੇ ਗਏ ਸਮਝੌਤੇ ਤਹਿਤ ਸਮੇਂ ਸਿਰ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ, ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸੁਖਬੀਰ ਸਿੰਘ, ਗੁਰਚਰਨ ਸਿੰਘ ਕੋਹਾਲਾ, ਕਾਰਜ ਸਿੰਘ, ਹਰਪਾਲ ਸਿੰਘ ਤੇ ਤਰਸੇਮ ਸਿੰਘ ਆਦਿ ਹਾਜ਼ਰ ਸਨ।