ਪਠਾਨਕੋਟ 3 ਫਰਵਰੀ (ਪੰਜਾਬ ਪੋਸਟ ਬਿਊਰੋ) – ਕਿਸਾਨਾਂ ਦੀ ਖੇਤੀ ਤੋਂ ਸ਼ੁੱਧ ਆਮਦਨ ਵਿੱਚ ਵਾਧਾ ਕਰਨ ਲਈ ਦਾਲਾਂ, ਦੁੱਧ ਅਤੇ ਦੁੱਧ ਪਦਾਰਥ, ਬਾਸਮਤੀ ਦੇ ਚਾਵਲ, ਸ਼ਹਿਦ, ਸਬਜੀਆਂ ਆਦਿ ਦਾ ਖਪਤਕਾਰਾਂ ਨੂੰ ਸਿੱਧੇ ਮੰਡੀਕਰਨ ਵੱਲ ਉਤਸ਼ਾਹਿਤ ਕਰਨ ਲਈ ਕੁਦਰਤੀ ਤੌਰ `ਤੇ ਤਿਆਰ ਕੀਤੀਆਂ ਖੇਤੀ ਜਿਨਸਾਂ ਦਾ ਕਿਸਾਨ ਬਾਜ਼ਾਰ 4 ਫਰਵਰੀ ਦਿਨ ਐਤਵਾਰ ਨੂੰ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਬਾਅਦ ਦੁਪਹਿਰ 2.30 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਇਆ ਜਾਵੇਗਾ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਨਾਲ ਜਿਥੇ ਖਪਤਕਾਰਾਂ ਨੂੰ ਵਾਜ਼ਬ ਭਾਅ ਅਤੇ ਮਿਆਰੀ ਖੇਤੀ ਜਿਨਸਾਂ ਮਿਲਦੀਆਂ ਹਨ, ਉਥੇ ਕਿਸਾਨਾਂ ਨੂੰ ਵਾਜ਼ਬ ਭਾਅ ਮਿਲਣ ਕਾਰਨ ਆਰਥਿਕ ਤੌਰ ਤੇ ਵਧੇਰੇ ਫਾਇਦਾ ਹੁੰਦਾ ਹੈ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਤਾਜ਼ੀ ਮੇਥੀ, ਮਟਰ, ਪਾਲਕ, ਧਨੀਆ, ਟਮਾਟਰ, ਦੇਸੀ ਟਮਾਟਰ, ਸ਼ਹਿਦ, ਗੋਭੀ, ਗੰਢ ਗੋਭੀ, ਪੱਤਾ ਗੋਭੀ, ਬਾਸਮਤੀ ਦੇ ਚਾਵਲ, ਖੁੰਬਾਂ,ਦੇਸੀ ਮੱਕੀ ਦਾ ਆਟਾ, ਦੇਸੀ ਸਰੋਂ ਦਾ ਤੇਲ, ਸਰੋਂ ਦਾ ਸਾਗ, ਦੁੱਧ, ਦੁੱਧ ਤੋਂ ਬਣੇ ਪਦਾਰਥ ਜਿਵੇਂ ਮੱਖਣ, ਪਨੀਰ ਅਤੇ ਘਿਉ ਆਦਿ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ `ਤੇ ਖਪਤਕਾਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਉਣ।